ETV Bharat / state

ਪੰਜਾਬ ਸਰਕਾਰ ਦਾ ਉਪਰਾਲਾ: ਡੇਂਗੂ ਦੇ ਪਸਾਰ ਨੂੰ ਰੋਕਣ ਤਹਿਤ ‘ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ’ ਦੀ ਸ਼ੁਰੂਆਤ

author img

By

Published : Aug 4, 2023, 6:28 PM IST

ਡੇਂਗੂ ਦੀ ਬਿਮਾਰੀ ਦੇ ਪਸਾਰ ਨੂੰ ਰੋਕਣ ਦੀ ਕੋਸ਼ਿਸ਼ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਸ਼ੇਸ਼ ਮੁਹਿੰਮ ‘ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ’ ਦੀ ਸ਼ੁਰੂਆਤ ਕੀਤੀ, ਜਿਸ ਦਾ ਮੰਤਵ ਇਸ ਭਿਆਨਕ ਬਿਮਾਰੀ ਦੇ ਫੈਲਾਅ ਨੂੰ ਰੋਕ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ।

Punjab Govt  start 'every Friday dengue attack' prevent the spread of dengue
ਪੰਜਾਬ ਸਰਕਾਰ ਦਾ ਉਪਰਾਲਾ; ਡੇਂਗੂ ਦੇ ਪਸਾਰ ਨੂੰ ਰੋਕਣ ਤਹਿਤ ‘ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ’ ਦੀ ਸ਼ੁਰੂਆਤ

ਚੰਡੀਗੜ੍ਹ: ਹੜ੍ਹਾਂ ਕਾਰਨ ਪੈਦਾ ਹੋਈ ਡੇਂਗੂ ਦੀ ਬਿਮਾਰੀ ਦੇ ਪਸਾਰ ਨੂੰ ਰੋਕਣ ਦੀ ਕੋਸ਼ਿਸ਼ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਸ਼ੇਸ਼ ਮੁਹਿੰਮ ‘ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ’ ਦੀ ਸ਼ੁਰੂਆਤ ਕੀਤੀ, ਜਿਸ ਦਾ ਮੰਤਵ ਇਸ ਭਿਆਨਕ ਬਿਮਾਰੀ ਦੇ ਫੈਲਾਅ ਨੂੰ ਰੋਕ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ।

ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਕੀਤੇ ਜਾਵੇਗਾ ਜਾਗਰੂਕ: ਇੱਥੇ ਸ਼ੁੱਕਰਵਾਰ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤਾ ਕਿ ਬਿਮਾਰੀ ਦੇ ਫੈਲਾਅ ਉਤੇ ਕਾਬੂ ਪਾਉਣ ਲਈ ਤਾਲਮੇਲ ਕਰ ਕੇ ਕੋਸ਼ਿਸ਼ਾਂ ਕੀਤੀਆਂ ਜਾਣ ਅਤੇ ਡੇਂਗੂ ਦੀ ਰੋਕਥਾਮ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ਵਿੱਚ ਜ਼ਿਆਦਾਤਰ ਥਾਵਾਂ ਤੋਂ ਹੜ੍ਹਾਂ ਦਾ ਪਾਣੀ ਉਤਰ ਗਿਆ ਹੈ ਪਰ ਕਈ ਥਾਵਾਂ ਉਤੇ ਪਾਣੀ ਖੜ੍ਹਾ ਹੈ, ਜਿਹੜਾ ਮੱਛਰ ਦੇ ਪ੍ਰਜਣਨ ਦਾ ਸਥਾਨ ਬਣ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਮੁਹਿੰਮ ਦਾ ਕੇਂਦਰ ਬਿੰਦੂ ਸੂਬੇ ਨੂੰ ਮੱਛਰਾਂ ਤੋਂ ਮੁਕਤ ਕਰਨ ਉਤੇ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚ ਡੇਂਗੂ ਆਪਣੇ ਪੈਰ ਨਾ ਪਸਾਰ ਸਕੇ।

ਪਿੰਡਾਂ ਵਿੱਚ ਵੀ ਦਵਾਈ ਦੇ ਛਿੜਕਾਅ ਲਈ ਵਿਆਪਕ ਪ੍ਰਬੰਧਾਂ ਦੇ ਹੁਕਮ : ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਸ਼ਹਿਰੀ ਦੇ ਨਾਲ-ਨਾਲ ਪੇਂਡੂ ਇਲਾਕਿਆਂ ਵਿੱਚ ਦਵਾਈ ਦੇ ਛਿੜਕਾਅ ਲਈ ਵਿਆਪਕ ਪ੍ਰਬੰਧ ਕਰਨ ਅਤੇ ਲਾਰਵਾ ਦੀ ਚੈਕਿੰਗ ਲਈ ਮੁਲਾਜ਼ਮਾਂ ਦੀ ਤਾਇਨਾਤੀ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਡੇਂਗੂ ਦੀ ਰੋਕਥਾਮ ਲਈ ਪੁਖ਼ਤਾ ਕਦਮ ਚੁੱਕਣ ਦੀ ਲੋੜ ਹੈ ਅਤੇ ਪੀੜਤਾਂ ਨੂੰ ਤੁਰੰਤ ਦਵਾਈ ਮੁਹੱਈਆ ਕਰਨ ਉਤੇ ਧਿਆਨ ਦਿੱਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਪਿਛਲੇ ਸਾਲ ਦੇ ਮੁਕਾਬਲੇ ਡੇਂਗੂ ਦੇ ਕੇਸ ਹਾਲੇ ਘੱਟ ਹਨ ਪਰ ਹੜ੍ਹਾਂ ਦੇ ਮੱਦੇਨਜ਼ਰ ਡੇਂਗੂ ਉਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ।

ਲੋਕਾਂ ਨੂੰ ਆਲਾ-ਦੁਆਲਾ ਸਾਫ਼ ਰੱਖਣ ਦੀ ਅਪੀਲ : ਮੁੱਖ ਮੰਤਰੀ ਨੇ ਡੇਂਗੂ ਉਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਉਤੇ ਜ਼ੋਰ ਦਿੱਤਾ ਤਾਂ ਕਿ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਹੋਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦੇ ਲਾਰਵਾ ਦੇ ਫੈਲਾਅ ਨੂੰ ਰੋਕਣ ਲਈ ਆਪਣੇ ਘਰਾਂ ਤੇ ਆਲੇ-ਦੁਆਲੇ ਦੀ ਸਫ਼ਾਈ ਕੀਤੀ ਜਾਵੇ। ਭਗਵੰਤ ਮਾਨ ਨੇ ਆਖਿਆ ਕਿ ਸਿਹਤ ਵਿਭਾਗ ਹੋਰ ਵਿਭਾਗਾਂ ਜਿਵੇਂ ਕਿ ਸਕੂਲ ਸਿੱਖਿਆ ਪੇਂਡੂ ਵਿਕਾਸ, ਸਥਾਨਕ ਸਰਕਾਰਾਂ ਵਿਭਾਗ ਨਾਲ ਮਿਲ ਕੇ ਡੇਂਗੂ ਦੇ ਮੱਛਰ ਦੀ ਰੋਕਥਾਮ ਲਈ ਕੋਸ਼ਿਸ਼ ਕਰੇ।

ਮੁੱਖ ਮੰਤਰੀ ਨੇ ਕਿਹਾ ਕਿ ਮੈਡੀਕਲ ਸਾਇੰਸ ਦੇ ਖ਼ੇਤਰ ਵਿੱਚ ਹੋਈਆਂ ਖੋਜਾਂ ਦੇ ਬਾਵਜੂਦ ਡੇਂਗੂ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਹੀ ਇਸ ਬਿਮਾਰੀ ਉਤੇ ਕਾਬੂ ਪਾਉਣ ਦੀ ਕੁੰਜੀ ਹੈ। ਉਨ੍ਹਾਂ ਸਾਰੇ ਸਬੰਧਤ ਵਿਭਾਗਾਂ ਤੇ ਲੋਕਾਂ ਨੂੰ ਡੇਂਗੂ ਵਿਰੁੱਧ ਕੋਸ਼ਿਸ਼ਾਂ ਜਾਰੀ ਰੱਖਣ ਲਈ ਆਖਿਆ। ਭਗਵੰਤ ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਡੇਂਗੂ ਵਿਰੁੱਧ ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣ। ਉਨ੍ਹਾਂ ਯਕੀਨ ਦਿਵਾਇਆ ਕਿ ਡੇਂਗੂ ਕੰਟਰੋਲ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸੂਬਾ ਸਰਕਾਰ ਜੰਗੀ ਪੱਧਰ ਉਤੇ ਕੋਸ਼ਿਸ਼ਾਂ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.