ETV Bharat / state

Punjab Floods Update: ਪਾਣੀ ਵਿੱਚ ਡੁੱਬੇ ਪੰਜਾਬ ਦੇ ਕਈ ਪਿੰਡ, ਲੋਕ ਘਰ ਛੱਡਣ ਲਈ ਮਜਬੂਰ, ਕਿਤੇ ਕੁਝ ਰਾਹਤ

author img

By

Published : Aug 20, 2023, 9:43 AM IST

Punjab Floods Update: ਪੰਜਾਬ ਦੇ ਡੈਮਾਂ ਤੋਂ ਛੱਡੇ ਪਾਣੀ ਨਾਲ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਬਾਹੀ ਦਾ ਦੌਰ ਲਗਾਤਾਰ ਜਾਰੀ ਹੈ। ਕਈ ਪਿੰਡਾਂ 'ਚ ਲੋਕਾਂ ਦੇ ਘਰਾਂ ਵਿੱਚ ਪਾਣੀ ਤੱਕ ਵੜ ਗਿਆ ਹੈ, ਜਿਸ ਕਾਰਨ ਲੋਕ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ।

ਪਾਣੀ 'ਚ ਡੁੱਬੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਿੰਡਾਂ ਦੇ ਪਿੰਡ
ਪਾਣੀ 'ਚ ਡੁੱਬੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਿੰਡਾਂ ਦੇ ਪਿੰਡ

ਚੰਡੀਗੜ੍ਹ: ਹਿਮਾਚਲ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਮੈਦਾਨੀ ਇਲਾਕੇ 'ਚ ਤਬਾਹੀ ਮਚਾਈ ਹੋਈ ਹੈ। ਜਿਸ ਦੇ ਚੱਲਦੇ ਪੰਜਾਬ ਦੇ ਡੈਮਾਂ ਤੋਂ ਛੱਡਿਆ ਗਿਆ ਪਾਣੀ ਹੁਣ ਸੂਬੇ ਦੇ ਦੋ ਜ਼ਿਲ੍ਹਿਆਂ ਫਿਰੋਜ਼ਪੁਰ-ਫਾਜ਼ਿਲਕਾ ਵਿੱਚ ਤਬਾਹੀ ਮਚਾ ਰਿਹਾ ਹੈ। ਦੋਵਾਂ ਜ਼ਿਲ੍ਹਿਆਂ ਦੇ ਕਰੀਬ 74 ਪਿੰਡ ਅਤੇ ਬੀਐਸਐਫ ਦੀਆਂ ਕਈ ਚੌਕੀਆਂ ਹੜ੍ਹ ਦੀ ਲਪੇਟ ਵਿੱਚ ਹਨ। ਸ਼ਨੀਵਾਰ ਨੂੰ ਹੁਸੈਨੀਵਾਲਾ ਤੋਂ 2 ਲੱਖ 82 ਹਜ਼ਾਰ 875 ਕਿਊਸਿਕ ਪਾਣੀ ਛੱਡੇ ਜਾਣ ਕਾਰਨ ਅਗਲੇ 48 ਘੰਟਿਆਂ ਦੌਰਾਨ ਇਨ੍ਹਾਂ ਸਰਹੱਦੀ ਪਿੰਡਾਂ ਵਿੱਚ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ। ਤਿੰਨ ਡੈਮਾਂ ਭਾਖੜਾ ਤੋਂ 57509 ਕਿਊਸਿਕ, ਆਰਐਸਡੀ ਤੋਂ 20145 ਕਿਊਸਿਕ ਅਤੇ ਪੌਂਗ ਤੋਂ 78354 ਕਿਊਸਿਕ ਪਾਣੀ ਛੱਡਿਆ ਗਿਆ ਹੈ।

ਹਾਈ ਅਲਰਟ 'ਤੇ ਪੰਜਾਬ ਸਰਕਾਰ: ਦੂਜੇ ਪਾਸੇ ਫ਼ਾਜ਼ਿਲਕਾ ਦੇ 24 ਪਿੰਡਾਂ ਵਿੱਚ ਹਾਲਾਤ ਖ਼ਰਾਬ ਹਨ। ਕਈ ਪਿੰਡਾਂ ਤੋਂ ਲੋਕ ਹਿਜਰਤ ਕਰਨ ਲੱਗ ਪਏ ਹਨ। NDRF ਦੀਆਂ 4 ਟੀਮਾਂ ਨੂੰ ਬੁਲਾਇਆ ਗਿਆ ਹੈ। ਫ਼ਿਰੋਜ਼ਪੁਰ ਵਿੱਚ 50 ਤੋਂ ਵੱਧ ਸਰਹੱਦੀ ਪਿੰਡ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਆ ਗਏ। ਇਥੋਂ ਤੱਕ ਕਿ ਹੁਸੈਨੀਵਾਲਾ ਸ਼ਹੀਦੀ ਸਮਾਰਕ ਪਾਣੀ ਵਿੱਚ ਡੁੱਬ ਗਿਆ। ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ 7 ਹੋਰ ਸਕੂਲਾਂ ਵਿੱਚ 27 ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਹਾਈ ਅਲਰਟ 'ਤੇ ਹੈ। ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਨੀਵੇਂ ਇਲਾਕਿਆਂ 'ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ।

ਰੋਪੜ, ਤਰਨ ਤਾਰਨ ਤੇ ਗੁਰਦਾਸਪੁਰ ਹਲਕੇ ਪ੍ਰਭਾਵਿਤ: ਇਸ ਦੇ ਨਾਲ ਹੀ ਡੈਮਾਂ ਤੋਂ ਛੱਡੇ ਪਾਣੀ ਕਾਰਨ ਰੋਪੜ, ਤਰਨ ਤਾਰਨ ਤੇ ਗੁਰਦਾਸਪੁਰ ਸਮੇਤ ਹੋਰ ਕਈ ਜ਼ਿਲ੍ਹਿਆਂ ਦੇ ਪਿੰਡ ਵੀ ਪ੍ਰਭਾਵਿਤ ਹੋਏ ਹਨ। ਪਾਣੀ ਦੇ ਨਾਲ ਪਿੰਡਾਂ ਦੇ ਪਿੰਡ ਨੁਕਸਾਨੇ ਗਏ ਤੇ ਲੋਕਾਂ ਨੂੰ ਘਰ ਛੱਡ ਕੇ ਬਾਹਰ ਨਿਕਲਣਾ ਪਿਆ। ਇਥੋਂ ਤੱਕ ਕਿ ਲੋਕਾਂ ਨੇ ਆਪਣੇ ਡੰਗਰ ਪਸ਼ੂ ਵੀ ਪਿੰਡਾਂ ਤੋਂ ਬਾਹਰ ਕੱਢ ਲਏ। ਇਸ ਦੇ ਨਾਲ ਹੀ ਰੋਪੜ ਦੇ ਪਿੰਡਾਂ 'ਚ ਪਾੀ ਘੱਟਣ ਨਾਲ ਕੁਝ ਰਾਹਤ ਮਿਲਣੀ ਸ਼ੁਰੂ ਹੋਈ ਹੈ ਪਰ ਬਾਕੀ ਇਲਾਕਿਆਂ 'ਚ ਕਹਿਰ ਲਗਾਤਾਰ ਜਾਰੀ ਹੈ।

ਦਿੱਲੀ-ਜੈਪੁਰ ਹਾਈਵੇਅ 'ਤੇ ਜਾਮ: ਉਥੇ ਹੀ ਹਰਿਆਣਾ 'ਚ ਮਾਨਸੂਨ ਨੇ ਬਰੇਕ ਤੋਂ ਬਾਅਦ ਕੁਝ ਤੇਜ਼ੀ ਫੜ ਲਈ ਹੈ। ਸ਼ਨੀਵਾਰ ਨੂੰ 15 ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਗੁਰੂਗ੍ਰਾਮ ਵਿੱਚ ਵੱਧ ਤੋਂ ਵੱਧ 30 ਮਿ.ਮੀ. ਮੀਂਹ ਦਰਜ ਕੀਤਾ ਗਿਆ। ਸ਼ਹਿਰ ਵਿੱਚ 2 ਫੁੱਟ ਤੱਕ ਪਾਣੀ ਭਰ ਗਿਆ। ਦਿੱਲੀ-ਜੈਪੁਰ ਹਾਈਵੇਅ 'ਤੇ ਜਾਮ ਲੱਗ ਗਿਆ। ਸੂਬੇ ਭਰ ਵਿੱਚ 4.6 ਮਿਲੀਮੀਟਰ ਮੀਂਹ ਪਿਆ ਹੈ। ਇਸ ਕਾਰਨ ਅਗਸਤ 'ਚ ਬਾਰਿਸ਼ ਦਾ ਅਨੁਪਾਤ ਆਮ ਨਾਲੋਂ 61 ਫੀਸਦੀ ਰਹਿ ਗਿਆ।

ਹਿਮਾਚਲ 'ਚ ਲੈਂਡਸਲਾਈਡ ਦਾ ਸਰਵੇਖਣ: ਹਿਮਾਚਲ ਸਰਕਾਰ ਸੂਬੇ ਵਿੱਚ ਜ਼ਮੀਨ ਖਿਸਕਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਈਆਈਟੀ ਰੁੜਕੀ, ਜ਼ੂਲੋਜੀਕਲ ਸਰਵੇ ਆਫ ਇੰਡੀਆ ਅਤੇ ਹੋਰ ਮਾਹਿਰਾਂ ਦੀ ਮਦਦ ਲਵੇਗੀ। ਇਹ ਟੀਮ ਜ਼ਮੀਨ ਖਿਸਕਣ ਵਾਲੇ ਇਲਾਕਿਆਂ ਵਿੱਚ ਜਾ ਕੇ ਕਾਰਨਾਂ ਦਾ ਪਤਾ ਲਗਾਏਗੀ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਆਈਆਈਟੀ ਰੁੜਕੀ, ਜ਼ੂਲੋਜੀਕਲ ਸਰਵੇ ਆਫ ਇੰਡੀਆ ਅਤੇ ਹੋਰ ਸਬੰਧਤ ਮਾਹਿਰਾਂ ਨਾਲ ਸੰਪਰਕ ਕੀਤਾ ਹੈ। ਸੂਬੇ ਵਿੱਚ ਇਹ ਪਹਿਲਾ ਅਜਿਹਾ ਸਰਵੇਖਣ ਹੋਵੇਗਾ ਜਿਸ ਵਿੱਚ ਸਰਕਾਰ ਜ਼ਮੀਨ ਖਿਸਕਣ ਦੇ ਕਾਰਨਾਂ ਦਾ ਪਤਾ ਲਗਾਏਗੀ।

ਹਰਿਆਣਾ 'ਚ ਮੀਂਹ ਤੇ ਹੜ੍ਹਾਂ ਕਾਰਨ ਟੁੱਟੀਆਂ 1324 ਸੜਕਾਂ: ਹੜ੍ਹ ਅਤੇ ਭਾਰੀ ਮੀਂਹ ਕਾਰਨ ਹਰਿਆਣਾ ਦੀਆਂ 1324 ਸੜਕਾਂ ਖਸਤਾ ਹਾਲਤ ਵਿੱਚ ਹਨ। ਇਨ੍ਹਾਂ ਸੜਕਾਂ ਦੀ ਕੁੱਲ ਲੰਬਾਈ ਲਗਭਗ 2104 ਕਿਲੋਮੀਟਰ ਹੈ। ਅੰਬਾਲਾ ਵਿੱਚ ਸਭ ਤੋਂ ਵੱਧ 296 ਸੜਕਾਂ ਟੁੱਟੀਆਂ ਹਨ, ਜਿਸ ਤੋਂ ਬਾਅਦ ਕੁਰੂਕਸ਼ੇਤਰ ਵਿੱਚ 226 ਸੜਕਾਂ ਟੁੱਟੀਆਂ ਹਨ। ਇਨ੍ਹਾਂ ਸੜਕਾਂ ਦੇ ਨਿਰਮਾਣ 'ਤੇ ਲਗਭਗ 337.80 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਇੰਨਾ ਹੀ ਨਹੀਂ ਹੜ੍ਹਾਂ ਅਤੇ ਭਾਰੀ ਮੀਂਹ ਕਾਰਨ 14 ਪੁਲ ਵੀ ਟੁੱਟ ਗਏ ਹਨ। ਇਨ੍ਹਾਂ ਦੀ ਮੁਰੰਮਤ ਜਾਂ ਮੁੜ ਨਿਰਮਾਣ 'ਤੇ ਲਗਭਗ 7.36 ਕਰੋੜ ਰੁਪਏ ਖਰਚ ਕੀਤੇ ਜਾਣਗੇ। ਅਜਿਹੇ 'ਚ ਟੁੱਟੀਆਂ ਸੜਕਾਂ ਅਤੇ ਪੁਲਾਂ ਦੇ ਪੁਨਰ ਨਿਰਮਾਣ 'ਤੇ ਕਰੀਬ 345 ਕਰੋੜ ਰੁਪਏ ਖਰਚ ਹੋਣਗੇ। ਪੀ.ਡਬਲਯੂ.ਡੀ ਨੇ ਇਹ ਅੰਦਾਜ਼ਾ ਉਨ੍ਹਾਂ ਦੀ ਉਸਾਰੀ ਲਈ ਲਾਇਆ ਹੈ। ਹੁਣ ਵਿਭਾਗ ਨੇ ਰਾਸ਼ੀ ਦੀ ਮਨਜ਼ੂਰੀ ਲਈ ਸਰਕਾਰ ਨੂੰ ਪੱਤਰ ਲਿਖਿਆ ਹੈ।

ਤਾਪਮਾਨ 'ਚ ਆ ਰਹੀ ਗਿਰਾਵਟ: ਪੰਜਾਬ 'ਚ ਫਿਲਹਾਲ ਮੌਨਸੂਨ ਕਮਜ਼ੋਰ ਹੈ ਪਰ ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਪ੍ਰਭਾਵ ਕਾਰਨ ਸੂਬੇ ਦੇ ਪਹਾੜਾਂ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਨਮੀ ਵਧਣ ਕਾਰਨ ਮੀਂਹ ਵੀ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਮੁਕਾਬਲੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ 3 ਤੋਂ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.