ETV Bharat / state

Video After Rumors: ਗੁਰਪਤਵੰਤ ਪੰਨੂ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ, ਪੰਨੂ ਨੇ ਵੀਡੀਓ ਜਾਰੀ ਕਰ ਕੇ ਦਿੱਤੀ ਚਿਤਾਵਨੀ, ਸਿਆਸੀ ਪਾਰਟੀਆਂ ਵਲੋਂ ਪੰਨੂ ਦੀ ਨਿਖੇਧੀ

author img

By

Published : Jul 6, 2023, 7:18 PM IST

Updated : Jul 7, 2023, 11:44 AM IST

ਬੀਤੇ ਕੱਲ੍ਹ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਮੀਡੀਆ ਚੈਨਲਾਂ ਉਤੇ ਐਸਐਫਜੇ ਮੁਖੀ ਗੁਰਪਤਵੰਤ ਪੰਨੂ ਦੀ ਮੌਤ ਦੀ ਖਬਰ ਵਾਈਰਲ ਹੋ ਰਹੀ ਹੈ, ਜਿਸ ਦਾ ਖੰਡਨ ਅੱਜ ਪੰਨੂੰ ਨੇ ਅਮਰੀਕਾ ਵਿਖੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਸਾਹਮਣੇ ਇਕ ਵੀਡੀਓ ਸ਼ੇਅਰ ਕਰ ਕੇ ਕੀਤਾ ਹੈ। ਨਾਲ ਹੀ ਪੰਨੂ ਨੇ ਚਿਤਾਵਨੀ ਵੀ ਜਾਰੀ ਕੀਤੀ ਹੈ।
News of Gurpatwant Pannu's death turned out to be false, a warning was issued by releasing a video
ਗੁਰਪਤਵੰਤ ਪੰਨੂ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ

ਚੰਡੀਗੜ੍ਹ ਡੈਸਕ : ਖਾਲਿਸਤਾਨੀ ਸਮਰਥਕ ਤੇ ਪਾਬੰਦੀਸ਼ੁਦਾ ਸੰਗਠਨ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ, ਜਿਸ ਦੀ ਮੌਤ ਦੀ ਖਬਰ ਬੀਤੇ ਦਿਨੀਂ ਸੋਸ਼ਲ ਮੀਡੀਆ ਤੋਂ ਲੈ ਕੇ ਸਾਰੇ ਨਿਊਜ਼ ਮੀਡੀਆ 'ਤੇ ਵਾਇਰਲ ਹੋਈ ਸੀ, ਉਹ ਅਫਵਾਹ ਸਾਬਤ ਹੋ ਗਈ ਹੈ। ਗੁਰਪਤਵੰਤ ਸਿੰਘ ਪੰਨੂ ਨੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਸਾਹਮਣੇ ਇੱਕ ਵੀਡੀਓ ਬਣਾ ਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਮੌਤ ਦੀ ਖਬਰ ਗਲਤ ਹੈ।

ਦੱਸ ਦੇਈਏ ਕਿ ਬੀਤੇ ਦਿਨ ਖ਼ਬਰ ਆਈ ਸੀ ਕਿ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ‘ਸਿੱਖ ਫਾਰ ਜਸਟਿਸ’ ਦੇ ਬਦਨਾਮ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਹੋ ਗਈ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਨੂ ਦੀ ਮੌਤ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਹੋਈ ਸੀ। ਪੰਨੂ ਦੀ ਕਾਰ ਨੂੰ ਯੂਐਸ ਹਾਈਵੇਅ 101 'ਤੇ ਹਾਦਸਾਗ੍ਰਸਤ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਦੀ ਰਸਮੀ ਪੁਸ਼ਟੀ ਨਹੀਂ ਹੋ ਸਕੀ।

ਸਿਆਸੀ ਪਾਰਟੀਆਂ ਵਲੋਂ ਪੰਨੂ ਦੀ ਨਿਖੇਧੀ: ਗੁਰਪਤਵੰਤ ਸਿੰਘ ਪੰਨੂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵੀ ਗੁਰਪਤਵੰਤ ਸਿੰਘ ਪਨੂੰ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਆਖਿਆ ਕਿ ਜੋ ਲੋਕ ਦੇਸ਼ ਵਿਰੋਧੀ ਹੁੰਦੇ ਹਨ। ਉਹ ਅਜਿਹੀਆਂ ਸਾਜਿਸ਼ਾਂ ਰਚਦੇ ਰਹਿੰਦੇ ਹਨ ਅਤੇ ਵਿਦੇਸ਼ੀ ਏਜੰਸੀਆਂ ਵੀ ਇਹਨਾਂ ਦਾ ਸਾਥ ਦਿੰਦੀਆਂ ਹਨ। ਅਜਿਹੇ ਲੋਕ ਸੁਰਖੀਆਂ ਵਿਚ ਰਹਿਣਾ ਚਾਹੁੰਦੇ ਹਨ ਪਹਿਲਾਂ ਖੁਦ ਹੀ ਆਪਣੀ ਮੌਤ ਦੀ ਖ਼ਬਰ ਫੈਲਾਈ ਅਤੇ ਬਾਅਦ ਵਿਚ ਖੁਦ ਹੀ ਇਸਨੂੰ ਅਫ਼ਵਾਹ ਕਰਾਰ ਦੇ ਦਿੱਤਾ। ਅਜਿਹੇ ਲੋਕਾਂ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ। ਭਾਰਤ ਦੇ ਦੁਸ਼ਮਣਾ ਲਈ ਇਸ ਦੁਨੀਆਂ ਵਿਚ ਕੋਈ ਥਾਂ ਨਹੀਂ। ਜੇਕਰ ਦੇਸ਼ ਨਾਲ ਦੁਸ਼ਮਣੀ ਕਰੇਗਾ ਤਾਂ ਪਨੂੰ ਦਾ ਜ਼ਿਆਦਾ ਸਮਾਂ ਨਹੀਂ ਹੈ ਜੋ ਹਾਲ ਉਸਦੇ ਸਾਥੀਆਂ ਦਾ ਹੋਇਆ ਓਹੀ ਪਨੂੰ ਦਾ ਹੋਵੇਗਾ।

ਕਾਂਗਰਸ ਆਗੂ ਨੇ ਸਾਧੇ ਨਿਸ਼ਾਨੇ: ਪੰਜਾਬ ਕਾਂਗਰਸ ਦੇ ਬੁਲਾਰੇ ਜਸਕਰਨ ਸਿੰਘ ਕਾਹਲੋਂ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿਚ ਬੈਠੇ ਅਜਿਹੇ ਲੋਕ ਚੰਦ ਕੁ ਹਨ ਅਤੇ ਉਂਗਲਾ 'ਤੇ ਗਿਣੇ ਜਾ ਸਕਦੇ ਹਨ। ਅਜਿਹੇ ਲੋਕ ਪੂਰੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਖਾਲਿਸਤਾਨ ਨਾ ਕਦੇ ਬਣਿਆ ਸੀ ਅਤੇ ਨਾ ਹੀ ਕਦੇ ਬਣ ਸਕਦਾ ਹੈ। ਪੰਜਾਬ ਭਾਰਤ ਦਾ ਹਿੱਸਾ ਹੈ ਅਤੇ ਹਮੇਸ਼ਾ ਭਾਰਤ ਦਾ ਹੀ ਹਿੱਸਾ ਰਹੇਗਾ। ਸਿੱਖਸ ਫਾਰ ਜਸਟਿਸ ਸੰਸਥਾ ਦਾ ਮੁਖੀ ਗੁਰਪਤਵੰਤ ਸਿੰਘ ਪਨੂੰ ਹੈ ਜਿਸਦਾ ਖੁਦ ਦਾ ਹੁਲੀਆ ਸਿੱਖਾਂ ਵਾਲਾ ਨਹੀਂ ਹੈ। ਇਹ ਬਾਹਰੀਆਂ ਏਜੰਸੀਆਂ ਦਾ ਏਜੰਟ ਹੈ ਅਤੇ ਏਜੰਟ ਦੀ ਤਰ੍ਹਾਂ ਹੀ ਕੰਮ ਕਰਦਾ ਹੈ।

ਵਿਦੇਸ਼ ਤੋਂ ਵੀਡੀਓ ਕੀਤੀ ਜਾਰੀ : ਪੰਨੂ ਨੇ ਇੱਕ ਵੀਡੀਓ ਵੀ ਸਾਂਝਾ ਕੀਤੀ ਹੈ, ਜਿਸ ਵਿੱਚ ਉਹ ਕਹਿ ਰਿਹਾ ਹੈ ਕਿ "ਮੈਂ ਸੰਯੁਕਤ ਰਾਸ਼ਟਰ ਦੇ ਦਫਤਰ ਦੇ ਬਾਹਰ ਖੜ੍ਹਾਂ ਹਾਂ, ਇਹ ਉਹ ਜਗ੍ਹਾ ਹੈ, ਜਿਥੇ ਇਕ ਦਿਨ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ ਤੇ 16 ਜੁਲਾਈ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੋਣਗੀਆਂ। ਪੰਨੂ ਨੇ ਆਪਣੀ ਮੌਤ ਦੀ ਖਬਰ ਦਾ ਖੰਡਨ ਕਰਦਿਆਂ ਕਿਹਾ ਕਿ ਇਥੇ ਕਿਸੇ ਤੋਂ ਵੀ ਡਰ ਨਹੀਂ ਹੈ। ਜਿਸ ਨੇ ਮਿਲਣਾ ਹੈ ਮੈਂ ਨਿਊਯਾਰਕ ਵਿੱਚ ਹਾਂ, ਜਿਸ ਨੇ ਵੀ ਆਉਣਾ ਹੈ, ਮਿਲਣਾ ਹੈ ਇਥੇ ਆ ਸਕਦਾ ਹੈ"। ਇਹ ਭਾਰਤ ਨਹੀਂ। ਪੰਨੂ ਨੇ ਵੀਡੀਓ ਦੇ ਅਖੀਰ ਵਿੱਚ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਇਆ।

ਗੁਰਪਤਵੰਤ ਸਿੰਘ ਦੀ ਧਮਕੀ ਭਰੀ ਇਹ ਵੀਡੀਓ ਨਵੇਂ ਬਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਸ਼ੇਅਰ ਕੀਤੀ ਜਾ ਰਹੀ ਹੈ। ਇਹ ਅਕਾਊਂਟ ਪਾਕਿਸਤਾਨ ਪੱਖੀ ਹਨ। ਭਾਰਤ ਨੇ ਇਹ ਮੁੱਦਾ ਕੈਨੇਡਾ ਕੋਲ ਵੀ ਉਠਾਇਆ ਹੈ। ਇੰਨਾ ਹੀ ਨਹੀਂ ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਵੀ ਤਲਬ ਕਰ ਕੇ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ 'ਤੇ ਚਿੰਤਾ ਪ੍ਰਗਟਾਈ ਹੈ। ਖਾਲਿਸਤਾਨੀਆਂ ਨੇ ਐਲਾਨ ਕੀਤਾ ਹੈ ਕਿ ਉਹ 8 ਜੁਲਾਈ ਨੂੰ ਕੈਨੇਡਾ ਵਿੱਚ ਕਿੱਲ ਇੰਡੀਆ ਰੈਲੀ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਦੂਤਾਵਾਸਾਂ ਤੱਕ ਮਾਰਚ ਕਰਨ ਦੀ ਧਮਕੀ ਦਿੱਤੀ ਹੈ। ਇਨ੍ਹਾਂ ਲੋਕਾਂ ਨੇ ਲੰਡਨ ਵਿੱਚ ਵੀ ਅਜਿਹਾ ਹੀ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਲਈ ਹੈ। ਹਾਲਾਂਕਿ ਕੈਨੇਡਾ ਸਰਕਾਰ ਨੇ ਕਿਹਾ ਕਿ ਅਜਿਹਾ ਕੋਈ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ। ਅਸੀਂ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਹਾਂ।

Last Updated :Jul 7, 2023, 11:44 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.