ETV Bharat / entertainment

ਕੈਨੇਡਾ 'ਚ ਹੋਇਆ ਪੰਜਾਬੀ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਦਾ ਆਗਾਜ਼, ਸੁੱਖ ਸੰਘੇੜਾ ਕਰਨਗੇ ਨਿਰਦੇਸ਼ਨ - Goreyan Naal Lagdi Zameen Jatt di

author img

By ETV Bharat Punjabi Team

Published : May 23, 2024, 12:41 PM IST

Goreyan Naal Lagdi Zameen Jatt Di: ਕੈਨੇਡਾ ਵੱਸਦੇ ਪੰਜਾਬੀ ਮੂਲ ਨਿਰਦੇਸ਼ਕ ਸੁੱਖ ਸੰਘੇੜਾ ਨੇ ਆਪਣੀ ਨਵੀਂ ਨਿਰਦੇਸ਼ਿਤ ਪੰਜਾਬੀ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਦਾ ਰਸਮੀ ਆਗਾਜ਼ ਕਰ ਦਿੱਤਾ ਹੈ, ਜਿਸ ਵਿੱਚ ਚਰਚਿਤ ਗਾਇਕ ਅਤੇ ਅਦਾਕਾਰ ਅਰਮਾਨ ਬੇਦਿਲ ਲੀਡ ਭੂਮਿਕਾ ਨਿਭਾਉਣਗੇ।

Goreyan Naal Lagdi Zameen Jatt di
Goreyan Naal Lagdi Zameen Jatt di (instagram)

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓ ਦੇ ਨਾਲ-ਨਾਲ ਸਿਨੇਮਾ ਖੇਤਰ ਵਿੱਚ ਵੀ ਬਤੌਰ ਨਿਰਦੇਸ਼ਕ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਦੇ ਜਾ ਰਹੇ ਹਨ ਕੈਨੇਡਾ ਵੱਸਦੇ ਪੰਜਾਬੀ ਮੂਲ ਨਿਰਦੇਸ਼ਕ ਸੁੱਖ ਸੰਘੇੜਾ, ਜਿੰਨ੍ਹਾਂ ਵੱਲੋਂ ਅੱਜ ਆਪਣੀ ਨਵੀਂ ਨਿਰਦੇਸ਼ਿਤ ਪੰਜਾਬੀ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਦਾ ਕੈਨੇਡਾ ਵਿਖੇ ਰਸਮੀ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਚਰਚਿਤ ਅਤੇ ਪ੍ਰਤਿਭਾਵਾਨ ਗਾਇਕ ਅਤੇ ਅਦਾਕਾਰ ਅਰਮਾਨ ਬੇਦਿਲ ਲੀਡ ਭੂਮਿਕਾ ਨਿਭਾਉਣ ਜਾ ਰਹੇ ਹਨ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖੇਤਰ ਅਧੀਨ ਆਉਂਦੇ ਖੂਬਸੂਰਤ ਇਲਾਕਿਆਂ ਵਿੱਚ ਫਿਲਮਾਈ ਜਾਣ ਵਾਲੀ ਇਸ ਫਿਲਮ ਵਿੱਚ ਅਰਮਾਨ ਬੇਦਿਲ ਅਤੇ ਪ੍ਰੀਤ ਔਜਲਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਇਸ ਤੋਂ ਪਹਿਲਾਂ ਆਪਣੇ ਡੈਬਿਊ ਮੂਵੀ 'ਮੁੰਡਾ ਸਾਊਥਾਲ ਦਾ' ਵਿੱਚ ਇਕੱਠਿਆਂ ਨਜ਼ਰ ਆ ਚੁੱਕੇ ਹਨ, ਜਿਸ ਦਾ ਨਿਰਦੇਸ਼ਨ ਵੀ ਸੁੱਖ ਸੰਘੇੜਾ ਦੁਆਰਾ ਕੀਤਾ ਗਿਆ ਸੀ।

ਰੁਮਾਂਟਿਕ-ਇਮੋਸ਼ਨਲ-ਸੰਗੀਤਮਈ ਕਹਾਣੀਸਾਰ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਵਿੱਚ ਕਾਮੇਡੀ ਅਦਾਕਾਰ ਉਮੰਗ ਸ਼ਰਮਾ ਤੋਂ ਇਲਾਵਾ ਗੁਰਪ੍ਰੀਤ ਭੰਗੂ, ਸਰਦਾਰ ਸੋਹੀ ਜਿਹੇ ਨਾਮਵਰ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ, ਜੋ ਅਪਣੀ ਉਕਤ ਫਿਲਮ ਦਾ ਹਿੱਸਾ ਬਣਨ ਲਈ ਕੈਨੇਡਾ ਪੁੱਜ ਚੁੱਕੇ ਹਨ।

ਮਹੂਰਤ ਉਪਰੰਤ ਸ਼ੂਟਿੰਗ ਪੜਾਅ ਵੱਲ ਵਧਣ ਜਾ ਰਹੀ ਇਸ ਫਿਲਮ ਨੂੰ ਸ਼ਾਨਦਾਰ ਰੂਪ ਦੇਣ ਵਿੱਚ ਅਜ਼ੀਮ ਸਿਨੇਮਾਟੋਗ੍ਰਾਫ਼ਰ ਸੈਮ ਮੱਲੀ ਵੀ ਅਹਿਮ ਭੂਮਿਕਾ ਨਿਭਾਉਣਗੇ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਨੂੰ ਪ੍ਰਭਾਵੀ ਰੂਪ ਦੇ ਚੁੱਕੇ ਹਨ।

'ਪਿੰਕ ਪੋਨੀ' ਅਤੇ 'ਫਿਲਮ ਮੈਜਿਕ' ਦੇ ਬੈਨਰਜ਼ ਹੇਠ ਪੇਸ਼ ਕੀਤੀ ਜਾ ਰਹੀ ਅਪਣੀ ਇਸ ਨਵੀਂ ਫਿਲਮ ਨੂੰ ਲੈ ਕੇ ਗਾਇਕ ਅਦਾਕਾਰ ਅਰਮਾਨ ਬੇਦਿਲ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਮਨੀ ਵਲਵਲਿਆਂ ਦਾ ਇਜ਼ਹਾਰ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕਰਦਿਆਂ ਕਿਹਾ ਕਿ 'ਮੁੰਡਾ ਸਾਊਥਾਲ ਦਾ' ਤੋਂ ਬਾਅਦ ਇੱਕ ਵਾਰ ਮੁੜ ਪੇਚਾ ਪੈ ਰਿਹਾ ਹੈ, ਸਿੱਧਾ ਗੋਰਿਆਂ ਨਾਲ ਅਤੇ ਹੁਣ ਗੱਲ ਹੋਊ ਗੋਰੇਆਂ ਦੀ ਅਤੇ ਜੱਟਾਂ ਦੀ ਅਤੇ ਨਾਲ ਹੀ ਵੱਟਾਂ ਦੀ।

ਉਨ੍ਹਾਂ ਅਨੁਸਾਰ ਇੱਕ ਵਿਲੱਖਣ ਜਿਹੀ ਕਹਾਣੀ ਉਪਰ ਅਧਾਰਿਤ ਇਸ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਦਾ ਖੁਲਾਸਾ ਜਲਦ ਸਾਂਝਾ ਕਰਾਂਗੇ। ਇਸ ਫਿਲਮ ਦੇ ਨਿਰਦੇਸ਼ਕ ਸੁੱਖ ਸੰਘੇੜਾ ਦੀ ਗੱਲ ਕੀਤੀ ਜਾਵੇ ਤਾਂ ਇਹ ਲਗਾਤਾਰ ਉਨ੍ਹਾਂ ਦੀ ਤੀਜੀ ਡਾਇਰੈਕਟੋਰੀਅਲ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਲਾਈਏ ਜੇ ਯਾਰੀਆਂ' ਅਤੇ 'ਮੁੰਡਾ ਸਾਊਥਾਲ ਦਾ' ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.