ETV Bharat / state

Qaumi Insaaf Morcha : ਸਰਕਾਰ ਲਈ ਚੁਣੌਤੀ ਬਣਦਾ ਜਾ ਰਿਹੈ ਸਿੱਖ ਜਥੇਬੰਦੀਆਂ ਦਾ ਮੋਰਚਾ ! ਪੜ੍ਹੋ ਇਹ ਖਾਸ ਰਿਪੋਰਟ...

author img

By

Published : Feb 10, 2023, 8:57 AM IST

Updated : Feb 10, 2023, 12:36 PM IST

Fronts on Punjab issues:Fronts on Punjab issues: Qaumi Insaaf Morcha becoming a challenge for the government
ਸਰਕਾਰ ਲਈ ਚੁਣੌਤੀ ਬਣਦਾ ਜਾ ਰਿਹੈ ਸਿੱਖ ਜਥੇਬੰਦੀਆਂ ਦਾ ਮੋਰਚਾ

ਬੀਤੇ ਦਿਨੀਂ ਕੌਮੀ ਇਨਸਾਫ਼ ਮੋਰਚਾ ਦੀਆਂ ਚੰਡੀਗੜ੍ਹ ਵਿਚ ਹਿੰਸਕ ਤਸਵੀਰਾਂ ਸਾਹਮਣੇ ਆਈਆਂ ਅਤੇ ਚੰਡੀਗੜ੍ਹ ਪੁਲਿਸ ਦੇ ਕਈ ਮੁਲਾਜ਼ਮ ਇਸ ਝੜਪ ਦੌਰਾਨ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਆਹਮੋ-ਸਾਹਮਣੇ ਹਨ। ਹੁਣ ਸਵਾਲ ਇਹ ਹੈ ਕਿ ਇਹ ਮੋਰਚੇ ਸਰਕਾਰ ਲਈ ਮੁਸ਼ਕਿਲਾਂ ਬਣ ਸਕਦੇ ਹਨ, ਇਸਨੂੰ ਸਰਕਾਰ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਇਹ ਮੋਰਚਾ ਸਰਕਾਰ ਲਈ ਵੱਡੀ ਚੁਣੌਤੀ ਕਿਵੇਂ ਬਣ ਸਕਦਾ ਹੈ ਕਿਧਰੇ ਬਾਕੀ ਸਰਕਾਰਾਂ ਦੀ ਤਰ੍ਹਾਂ ਇਹ ਮੁੱਦੇ ਆਪ ਸਰਕਾਰ ਦੀਆਂ ਜੜ੍ਹਾਂ ਵਿਚ ਤਾਂ ਨਹੀਂ ਬੈਠ ਜਾਣਗੇ। ਇਸਦੇ ਜਵਾਬ ਲੈਣ ਲਈ ਈਟੀਵੀ ਭਾਰਤ ਵੱਲੋਂ ਸਿਆਸੀ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ। ਪੜ੍ਹੋ ਵਿਸ਼ੇਸ਼ ਰਿਪੋਰਟ...

ਚੰਡੀਗੜ੍ਹ : ਪੰਜਾਬ ਵਿਚ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ਼ ਲਈ ਮੋਰਚਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਕੌਮੀ ਇਨਸਾਫ਼ ਮੋਰਚਾ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਬਣ ਸਕਦਾ। 8 ਸਾਲਾਂ ਤੋਂ ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਦਾ ਇਨਸਾਫ਼ ਨਾ ਮਿਲਣ 'ਤੇ ਸਿੱਖ ਸੰਗਤ ਵਿਚ ਰੋਸ ਹੈ ਅਤੇ ਹੁਣ ਮੁੜ ਇਸ ਰੋਸ ਨੇ ਮੋਰਚੇ ਦਾ ਰੂਪ ਧਾਰਨ ਕਰ ਲਿਆ ਹੈ। ਸਾਲਾਂ ਤੋਂ ਲਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿਚ 7 ਜਨਵਰੀ ਤੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ। ਦੋਵੇਂ ਮੋਰਚੇ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਹਨ। ਸੱਤਾ ਵਿਚ ਆਉਣ ਤੋਂ ਪਹਿਲਾਂ ਸਿੱਖ ਸੰਗਤ ਨੂੰ ਅਰਵਿੰਦ ਕੇਜਰੀਵਾਲ ਨੇ ਧਰਵਾਸ ਦਿੱਤਾ ਸੀ ਕਿ ਸਰਕਾਰ ਬਣਨ ਦੇ 24 ਘੰਟੇ ਬਾਅਦ ਮਸਲੇ ਹੱਲ ਹੋ ਜਾਣਗੇ। ਹੁਣ ਆਪ ਸਰਕਾਰ ਦੇ ਕਾਰਜਕਾਲ ਨੂੰ 1 ਸਾਲ ਪੂਰਾ ਹੋਣ ਵਾਲਾ ਹੈ, ਪਰ ਮੰਗਾਂ ਤੇ ਮਸਲੇ ਜਿਉਂ ਦੇ ਤਿਉਂ ਹਨ ਤੇ ਸਿੱਖ ਸੰਗਤ ਦਾ ਰੋਸ ਹੁਣ ਮੋਰਚਿਆਂ ਵਿਚ ਬਦਲ ਗਿਆ ਹੈ।




"ਮੋਰਚੇ ਸਰਕਾਰ ਨੇ ਖੁਦ ਬਣਾਈ ਚੁਣੌਤੀ" : ਸੀਨੀਅਰ ਪੱਤਰਕਾਰ ਬਲਜੀਤ ਮਰਵਾਹਾ ਦਾ ਕਹਿਣਾ ਹੈ ਕਿ, ਇਹ ਮੋਰਚੇ ਸਰਕਾਰ ਲਈ ਚੁਣੌਤੀ ਨਹੀਂ ਬਲਕਿ ਸਰਕਾਰ ਨੇ ਖੁਦ ਇਨ੍ਹਾਂ ਨੂੰ ਚੁਣੌਤੀ ਬਣਾ ਲਿਆ ਹੈ। ਨਾ ਹੀ ਇਹ ਕੋਈ ਬਹੁਤ ਵੱਡੇ ਮਸਲੇ ਹਨ, ਜਿਨ੍ਹਾਂ ਦਾ ਹੱਲ ਨਾ ਹੋ ਸਕੇ । ਸਰਕਾਰ ਕੋਲ ਸਾਰਾ ਰਿਕਾਰਡ, ਗਵਾਹ, ਸਬੂਤ ਮੌਜੂਦ ਹਨ ਬੱਸ ਦੇਰ ਹੈ ਤਾਂ ਸਿਰਫ਼ ਕਾਰਵਾਈ ਕਰਨ ਦੀ । ਜਦੋਂ ਸਰਕਾਰਾਂ ਦੇ ਸਾਹਮਣੇ ਸਭ ਕੁਝ ਹੋਵੇ ਤੇ ਸਰਕਾਰਾਂ ਫਿਰ ਵੀ ਕਾਰਵਾਈ ਨਾ ਕਰਨ ਤਾਂ ਇਸਦਾ ਮਤਲਬ ਤਾਂ ਸਿਆਸੀ ਸਾਜ਼ਿਸ਼ਾਂ ਦਾ ਹੇਰ-ਫੇਰ ਹੁੰਦਾ ਹੈ। ਸਿਆਸੀ ਹੇਰ-ਫੇਰ ਵਿਚ ਇਨਸਾਫ਼ ਉਲਝ ਕੇ ਰਹਿ ਜਾਂਦੇ ਹਨ। ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਮਾਮਲਿਆਂ ਲਈ ਕਈ ਸਿਟ ਬਣੀਆਂ ਪਰ ਅੱਜ ਤੱਕ ਕੋਈ ਵੀ ਸਿੱਟ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ।


ਓਹੀ ਗਵਾਹ, ਓਹੀ ਸਬੂਤ ਹਰ ਵਾਰ ਸਭ ਕੁਝ ਇਕੋ ਜਿਹਾ ਹੀ ਹੁੰਦਾ ਹੈ, ਫਿਰ ਵੀ ਇਨਸਾਫ਼ ਅਜੇ ਤੱਕ ਨਹੀਂ ਮਿਲਆ । ਸਰਕਾਰਾਂ ਲੋਕਾਂ ਨੂੰ ਭਰੋਸਾ ਦਿਵਾਉਂਦੀਆਂ ਹਨ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ ਤੇ ਦੂਜੇ ਪਾਸੇ ਸਰਕਾਰਾਂ ਜਨਤਾ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਪਨਾਹ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਹੁਣ ਤੱਕ ਸਿੱਖ ਸੰਗਤ ਨੂੰ ਬੇਅਦਬੀ ਅਤੇ ਬੰਦੀ ਸਿੰਘਾਂ ਦਾ ਰਿਹਾਈ ਦਾ ਇਨਸਾਫ਼ ਨਹੀਂ ਮਿਲਆ। ਅਕਾਲੀ ਦਲ ਅਤੇ ਕਾਂਗਰਸ ਦਾ ਪੰਜਾਬ ਵਿਚੋਂ ਸਫ਼ਾਇਆ ਹੋਣ ਦੇ ਇਹੀ ਕਾਰਨ ਹਨ ਕਿ ਉਨ੍ਹਾਂ ਨੇ ਇਨ੍ਹਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਚੋਣ ਲੜੀ ਪਰ ਹੁਣ ਤੱਕ ਇਨਸਾਫ਼ ਨਹੀਂ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਵੀ ਉਸੇ ਰਾਹ ਉਤੇ ਚੱਲ ਰਹੀ ਹੈ।

ਇਹ ਵੀ ਪੜ੍ਹੋ : Qaumi Insaaf Morcha: CM ਹਾਊਸ ਜਾ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਪੁਲਿਸ ਨੇ ਰੋਕਿਆ: ਪੁਲਿਸ ਨਾਲ ਹੋਈ ਝੜਪ ਮਗਰੋਂ ਪ੍ਰਦਰਸ਼ਨਕਾਰੀਆਂ 'ਤੇ FIR ਦਰਜ




ਕੁੰਵਰ ਵਿਜੇ ਪ੍ਰਤਾਪ ਆਪਣੀ ਹੀ ਸਰਕਾਰ ਤੋਂ ਖ਼ਫਾ : "ਆਪ" ਦਾ 24ਵੀ ਘੰਟਿਆਂ ਵਿਚ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਸਰਕਾਰ ਬਣਨ ਦੇ 11 ਮਹੀਨੇ ਬਾਅਦ ਤੱਕ ਵੀ ਵਫ਼ਾ ਨਾ ਹੋ ਸਕਿਆ, ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ। ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਪੱਤਾ ਵੀ ਕੇਜਰੀਵਾਲ ਨੇ ਸੁੱਟਿਆ ਸੀ ਪਰ ਉਹ ਮਸਲਾ ਵੀ ਜਿਉਂ ਦਾ ਤਿਉਂ ਹੀ ਹੈ। ਬਲਜੀਤ ਮਰਵਾਹਾ ਕਹਿੰਦੇ ਹਨ ਕਿ ਆਪ ਲਈ ਸਭ ਤੋਂ ਵੱਡੀ ਚੁਣੌਤੀ ਤਾਂ ਉਨ੍ਹਾਂ ਦਾ ਆਪਣਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ। ਜੋ ਬੇਅਦਬੀ ਮਾਮਲ਼ਿਆਂ ਦੀ ਪਰਤਾਂ ਖੋਲ੍ਹਣੀਆਂ ਚਾਹੁੰਦਾ ਹੈ ਪਰ ਉਸਦੀ ਕੋਈ ਪੇਸ਼ ਨਹੀਂ ਜਾ ਰਹੀ।

ਉਹ ਬੱਸ ਇਕ ਬਾਗੀ ਹੀ ਨਹੀਂ ਹੋ ਸਕਦਾ ਅੰਦਰੋਂ ਸਰਕਾਰ ਤੋਂ ਬਹੁਤ ਖ਼ਫ਼ਾ ਹੈ । ਕੁੰਵਰ ਵਿਜੇ ਪ੍ਰਤਾਪ ਨੂੰ ਆਸ ਸੀ ਕਿ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਨੰਗਾ ਕਰ ਦੇਣਗੇ ਪਰ ਅਜਿਹਾ ਨਹੀਂ ਹੋ ਸਕਿਆ, ਜਿਸਦੇ ਰੋਸ ਵਜੋਂ ਉਨ੍ਹਾਂ ਨੇ ਵਿਧਾਨ ਸਭਾ ਦੀ ਭਰੋਸਾ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ। ਉਸਦਾ ਅੰਦਰਲਾ ਗੁਬਾਰ ਕਿਸੇ ਦਿਨ ਜਵਾਲਾ ਮੁਖੀ ਬਣਕੇ ਫਟੇਗਾ। ਆਪ ਸਰਕਾਰ ਇਨ੍ਹਾਂ ਤਮਾਮ ਮਸਲਿਆਂ ਉਤੇ ਚੁੱਪ ਵੱਟੀ ਖੜ੍ਹੀ ਹੈ। ਪਤਾ ਨਹੀਂ ਸਰਕਾਰ ਕਰਨਾ ਕੀ ਚਾਹੁੰਦੀ ਹੈ ਜਾਂ ਫਿਰ ਆਪਣੇ ਕਾਰਜਕਾਲ ਦੇ ਆਖਰੀ ਸਾਲਾਂ ਵਿਚ ਇਨ੍ਹਾਂ ਮੁੱਦਿਆਂ ਨੂੰ ਦੁਬਾਰਾ ਫਰੋਲੇਗੀ।



ਇਸ ਮਸਲੇ ਕੀ ਸੋਚਦੀਆਂ ਹਨ ਰਾਜਨੀਤਿਕ ਧਿਰਾਂ ?

ਇਸ ਸਬੰਧੀ ਪੰਜਾਬ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਾਂਗਰਸ ਬੇਸ਼ੱਕ ਬਰਗਾੜੀ ਮੋਰਚੇ ਦਾ ਹੱਲ ਨਾ ਕੱਢ ਸਕੀ ਪਰ ਹੁਣ ਆਪ ਸਰਕਾਰ ਲਈ ਜ਼ਰੂਰ ਸਿੱਖ ਜਥੇਬੰਦੀਆਂ ਦੇ ਮੋਰਚੇ ਨੂੰ ਚੁਣੌਤੀ ਮੰਨਦੀ ਹੈ। ਪੰਜਾਬ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਨੇ ਆਪ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਵਾਲ ਨੇ ਕਈ ਗਾਰੰਟੀਆਂ ਦਿੱਤੀਆਂ ਜਿਨ੍ਹਾਂ ਦੀਆਂ ਹੌਲੀ-ਹੌਲੀ ਪੋਲਾਂ ਖੁੱਲ੍ਹ ਰਹੀਆਂ ਹਨ। ਹੁਣ ਬਰਗਾੜੀ ਅਤੇ ਬੇਅਦਬੀ ਦੋਸ਼ੀਆਂ ਲਈ ਲੱਗੇ ਮੋਰਚੇ ਅਤੇ ਕੌਮੀ ਇਨਸਾਫ਼ ਮੋਰਚਾ ਸਰਕਾਰ ਦੀ ਵਾਅਦਾ-ਖ਼ਿਲਾਫ਼ੀ ਦੀ ਹਾਮੀ ਭਰ ਰਹੇ ਹਨ । ਸਿੱਖ ਭਾਵਨਾਵਾਂ ਨੂੰ ਆਧਾਰ ਬਣਾ ਕੇ ਆਪ ਨੇ ਪੰਜਾਬ ਵਿਚ ਸਰਕਾਰ ਬਣਾਈ ਸੀ ਤੇ ਹੁਣ ਇਨ੍ਹਾਂ ਮੁੱਦਿਆਂ ਤੋਂ ਸਰਕਾਰ ਖੁਦ ਭਟਕ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਇਸ਼ਾਰੇ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ । ਜੇ ਸਰਕਾਰ ਨੇ ਇਹ ਮਸਲੇ ਹੱਲ ਨਾ ਕੀਤੇ ਤਾਂ ਸਰਕਾਰ ਲਈ ਇਹ ਵੱਡੀ ਚੁਣੌਤੀ ਬਣ ਜਾਣਗੇ।

ਇਹ ਵੀ ਪੜ੍ਹੋ : Chetan Singh Jauramajra: ਅਜ਼ਾਦੀ ਘੁਲਾਟੀਆਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ

ਮੋਰਚੇ ਸਰਕਾਰ ਲਈ ਵੱਡਾ ਸੰਕਟ : ਭਾਜਪਾ ਆਗੂ ਹਰਜੀਤ ਗਰੇਵਾਲ ਵੀ ਇਨ੍ਹਾਂ ਮੋਰਚਿਆਂ ਨੂੰ ਸਰਕਾਰ ਲਈ ਵੱਡਾ ਸੰਕਟ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਸਰਕਾਰ ਲਈ ਹੀ ਨਹੀਂ ਸੂਬੇ ਲਈ ਵੀ ਵੱਡੀ ਚੁਣੌਤੀ ਹਨ । ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਦੇ ਮਸਲਿਆਂ ਦਾ ਹੱਲ ਨਹੀਂ ਕਰ ਰਹੀ। ਪੰਜਾਬ ਵਿਚ ਹਰ ਵਰਗ ਧਰਨੇ ਅਤੇ ਪ੍ਰਦਰਸ਼ਨਾਂ ਦੇ ਰਾਹ ਉਤੇ ਹਨ। ਕੱਲ੍ਹ ਜੋ ਹੋਇਆ ਉਹ ਵੀ ਸਰਕਾਰ ਦੀ ਵੱਡੀ ਨਲਾਇਕੀ ਸੀ। ਜਾਂ ਸਰਕਾਰ ਇਨ੍ਹਾਂ ਦੇ ਮਸਲਿਆਂ ਦਾ ਹੱਲ ਕਰੇ ਜਾਂ ਫਿਰ ਇਨ੍ਹਾਂ ਨੂੰ ਕਾਬੂ ਕਰੇ। ਪੰਜਾਬ ਦੇ ਮਾਹੌਲ ਕਾਰਨ ਉਦਯੋਗਪਤੀ ਪੰਜਾਬ ਛੱਡ ਕੇ ਭੱਜ ਰਹੇ ਹਨ।

ਆਪ ਨੂੰ ਭੁਗਤਣਾ ਪਵੇਗਾ ਮੋਰਚਿਆਂ ਦਾ ਖਮਿਆਜ਼ਾ : ਭਾਜਪਾ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਮੋਰਚਿਆਂ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਬੁਰਾ ਭੁਗਤਨਾ ਪਵੇਗਾ ਕੱਲ੍ਹ ਜੋ ਕੁਝ ਵੀ ਹੋਇਆ ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ।ਸਰਕਾਰ ਅਸਲੀ ਮੁੱਦਿਆਂ ਤੋਂ ਲੋਕਾਂ ਨੂੰ ਭਟਕਾ ਰਹੀ ਹੈ।

Last Updated :Feb 10, 2023, 12:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.