ETV Bharat / state

ਹਾਈ ਸਕਿਉਰਿਟੀ ਨੰਬਰ ਪਲੇਟਾਂ ਦੇ ਹੁਕਮਾਂ ਸਬੰਧੀ ਸਖ਼ਤ ਪੁਲਿਸ, ਥਾਂ-ਥਾਂ ਨਾਕੇ ਲਾ ਕੇ ਕੱਟੇ ਜਾ ਰਹੇ ਚਲਾਨ

author img

By

Published : Jul 2, 2023, 11:55 AM IST

Traffic police became strict about high security number plates
ਹਾਈ ਸਕਿਉਰਿਟੀ ਨੰਬਰ ਪਲੇਟਾਂ ਦੇ ਹੁਕਮਾਂ ਸਬੰਧੀ ਸਖ਼ਤ ਪੁਲਿਸ, ਥਾਂ-ਥਾਂ ਨਾਕੇ ਲਾ ਕੇ ਕੱਟੇ ਜਾ ਰਹੇ ਚਲਾਨ

ਬਠਿੰਡਾ ਵਿਖੇ ਟ੍ਰੈਫਿਕ ਪੁਲਿਸ ਪੰਜਾਬ ਸਰਕਾਰ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੇ ਹੁਕਮ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ। ਪੁਲਿਸ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉਤੇ ਨਾਕੇ ਲਾ ਕੇ ਚਲਾਨ ਕੱਟੇ ਜਾ ਰਹੇ ਹਨ।

ਬਠਿੰਡਾ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੇ ਹੁਕਮਾਂ ਸਬੰਧੀ ਸਖ਼ਤ ਪੁਲਿਸ

ਬਠਿੰਡਾ: ਵਾਹਨਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਾਉਣ ਦੀਆਂ 30 ਜੂਨ ਤੱਕ ਹਦਾਇਤਾਂ ਦਿੱਤੀਆਂ ਗਈਆਂ ਸਨ ਅਤੇ 1 ਜੁਲਾਈ ਤੋਂ ਪੰਜਾਬ ਭਰ ਵਿਚ ਬਿਨਾਂ ਹਾਈ ਸਕਿਉਰਟੀ ਨੰਬਰ ਪਲੇਟ ਵਾਲੇ ਵਾਹਨਾਂ ਦੇ ਚਲਾਨ ਕੱਟਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਇਸੇ ਲੜੀ ਤਹਿਤ ਅੱਜ ਬਠਿੰਡਾ ਦੇ ਹਨੂੰਮਾਨ ਮਾਨ ਚੌਕ ਵਿੱਚ ਟਰੈਫਿਕ ਪੁਲਿਸ ਵੱਲੋਂ ਸਪੈਸ਼ਲ ਨਾਕਾ ਲਗਾ ਕੇ ਬਿਨਾਂ ਹਾਈ ਸਕਿਉਰਟੀ ਨੰਬਰ ਪਲੇਟਾਂ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ।

ਬਠਿੰਡਾ ਦੀਆਂ ਵੱਖ-ਵੱਖ ਥਾਵਾਂ ਉਤੇ ਸਪੈਸ਼ਲ ਨਾਕੇ : ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਵਾਹਨਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 30 ਜੂਨ ਤੱਕ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਨੂੰਨੀ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਗਏ ਸਨ। ਇਸੇ ਲੜੀ ਤਹਿਤ ਸ਼ਹਿਰ ਬਠਿੰਡਾ ਦੀਆਂ ਵੱਖ-ਵੱਖ ਥਾਵਾਂ ਉਤੇ ਟ੍ਰੈਫਿਕ ਪੁਲਿਸ ਵਲੋਂ ਨਾਕੇ ਲਗਾਏ ਗਏ ਹਨ ਅਤੇ ਬਿਨਾਂ ਸਕਿਉਰਟੀ ਨੰਬਰ ਪਲੇਟਾਂ ਉਤੇ ਚੱਲ ਰਹੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ। ਚਲਾਨ ਹੋ ਜਾਣ ਦੀ ਸੂਰਤ ਵਿੱਚ ਟਰੈਫਿਕ ਨਿਯਮਾਂ ਅਨੁਸਾਰ ਗੱਡੀ ਚਾਲਕ ਨੂੰ ਜੁਰਮਾਨਾ ਭੁਗਤਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਮਜਬੂਰੀ ਵੱਸ ਆਪਣੇ ਵਾਹਨ ਉਤੇ ਹਾਈ ਸਕਿਉਰਟੀ ਨੰਬਰ ਪਲੇਟ ਨਹੀਂ ਲਗਵਾ ਸਕਿਆ ਉਸ ਨੂੰ ਇਕ ਵਾਰ ਚਿਤਾਵਨੀ ਦੇ ਕੇ ਛੱਡਿਆ ਜਾ ਰਿਹਾ ਹੈ, ਪਰ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਜਲਦ ਆਪਣੇ ਵਾਹਨ ਉਤੇ ਹਾਈ ਸਕਿਉਰਿਟੀ ਨੰਬਰ ਪਲੇਟ ਲਗਵਾਏ। ਟਰੈਫਿਕ ਪੁਲੀਸ ਵੱਲੋਂ ਹਾਈ ਸਕਿਉਰਿਟੀ ਨੰਬਰ ਪਲੇਟ ਲੈ ਕੇ ਇਹ ਨਾਕਾਬੰਦੀ ਲਗਾਤਾਰ ਜਾਰੀ ਰਹੇਗੀ।

ਪੁਲਿਸ ਪ੍ਰਸ਼ਾਸਨ ਤੇ ਟਰਾਂਸਪੋਰਟ ਵਿਭਾਗ ਨੂੰ ਸਰਕਾਰ ਦੇ ਸਖ਼ਤ ਹੁਕਮ: ਦੱਸਣਯੋਗ ਹੈ ਕਿ ਪਹਿਲਾਂ ਵੀ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ’ਤੇ ਲੋਕਾਂ ਨੂੰ 30 ਜੂਨ ਤੱਕ ਦੀ ਛੋਟ ਦਿੱਤੀ ਸੀ। ਹੁਣ ਸਰਕਾਰ ਨੇ ਛੋਟ ਦੀ ਮਿਆਦ ਨੂੰ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹੁਣ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਨੂੰ ਸਿੱਧੇ ਹੁਕਮ ਹਨ ਕਿ ਜੇਕਰ ਕੋਈ ਵੀ ਵਾਹਨ ਐਚਐਸਆਰਪੀ ਤੋਂ ਬਿਨਾਂ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇ। ਹਾਲਾਂਕਿ ਕਾਂਗਰਸ ਦੇ ਰਾਜ ਦੌਰਾਨ ਸਾਲ 2021 ਵਿੱਚ ਐਚਐਸਆਰਪੀ ਨੰਬਰ ਪਲੇਟਾਂ ਨਾ ਹੋਣ ਕਾਰਨ ਲੋਕਾਂ ਦੇ ਚਲਾਨ ਕੀਤੇ ਗਏ ਤਾਂ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਅਤੇ ਤਤਕਾਲੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਇਸਦੀ ਸਮਾਂ ਸੀਮਾ ਵਧਾ ਦਿੱਤੀ ਸੀ। ਬਾਅਦ ਵਿਚ ਕੋਰੋਨਾ ਮਹਾਮਾਰੀ ਆ ਗਈ ਤਾਂ ਇਹ ਹੁਕਮ ਠੰਡੇ ਬਸਤੇ ਵਿੱਚ ਪੈ ਗਏ ਸਨ, ਪਰ ਹੁਣ ਮੌਜੂਦਾ ਸਰਕਾਰ ਨੇ ਦੋਬਾਰਾ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਪਹਿਲਾਂ ਇਸ ਦਾ ਸਮਾਂ ਮਾਰਚ ਮਹੀਨੇ ਤੱਕ ਸੀ, ਪਰ ਹੁਣ ਸਰਕਾਰ ਇਸ ਨੂੰ ਅੱਗੇ ਵਧਾਉਣ ਦੇ ਮੂਡ 'ਚ ਨਹੀਂ ਹੈ। ਅੱਜ ਤੋਂ ਸੂਬੇ ਭਰ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਸਖ਼ਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.