Lawrence Bishnoi live interview : ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਦੇ ਅਸਲ ਕਾਤਲਾਂ ਦੇ ਦੱਸੇ ਨਾਮ, ਜੇਲ੍ਹ ਪ੍ਰਸ਼ਾਸਨ ਨੇ ਨਕਾਰੀ ਇੰਟਰਵਿਊ ਦੇਣ ਦੀ ਗੱਲ, ਜਾਣੋ ਪੂਰਾ ਸੱਚ ਕੀ ?

author img

By

Published : Mar 14, 2023, 11:02 PM IST

Updated : Mar 15, 2023, 7:11 AM IST

Lawrence Bishnoi live interview

ਲਾਰੈਂਸ ਬਿਸ਼ਨੋਈ ਨੇ ਇੱਕ ਨਿੱਜੀ ਚੈਨਲ ਨੂੰ ਲਾਇਵ ਹੋ ਕੇ ਇੰਟਰਵਿਊ ਦਿੱਤੀ ਹੈ ਜਿਸ ਤੋ ਬਾਅਦ ਬਠਿੰਡਾ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਸਭ ਦੇ ਬਾਵਜੂਦ ਬਠਿੰਡਾ ਜੇਲ੍ਹ ਸੁਪਰੀਡੈਂਟ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ। ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਨੇ ਕੀ ਖੁਲਾਸੇ ਕੀਤੇ ਅਤੇ ਬਠਿੰਡਾ ਜੇਲ੍ਹ ਪ੍ਰਸ਼ਾਸਨ ਦਾ ਇਸ ਉਤੇ ਕੀ ਕਹਿਣਾ ਹੈ, ਖ਼ਬਰ ਵਿੱਚ ਪੜ੍ਹੋ ਪੂਰੀ ਜਾਣਕਾਰੀ...

ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਦੇ ਅਸਲ ਕਾਤਲਾਂ ਦੇ ਦੱਸੇ ਨਾਮ, ਜੇਲ੍ਹ ਪ੍ਰਸ਼ਾਸਨ ਨੇ ਨਕਾਰੀ ਇੰਟਰਵਿਊ ਦੇਣ ਦੀ ਗੱਲ




ਬਠਿੰਡਾ:
ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਲਾਰੈਂਸ ਬਿਸ਼ਨੋਈ ਨੂੰ ਥੋੜਾ ਸਮਾਂ ਪਹਿਲਾਂ ਹੀ ਤਿਹਾੜ ਜੇਲ੍ਹ, ਦਿੱਲੀ ਤੋਂ ਪੰਜਾਬ ਬਠਿੰਡਾ ਜੇਲ੍ਹ ਵਿੱਚ ਲਿਆਂਦਾ ਗਿਆ ਹੈ। ਜਾਣਕਾਰੀ ਮੁਤਾਬਕ, ਮੰਗਲਵਾਰ ਨੂੰ ਲਾਰੈਂਸ ਬਿਸ਼ਨੋਈ ਨੇ ਇਕ ਨਿੱਜੀ ਚੈਨਲ ਨੂੰ ਲਾਇਵ ਹੋ ਕੇ ਇੰਟਰਵਿਊ ਦਿੱਤੀ ਹੈ। ਇਸ ਤੋਂ ਬਾਅਦ ਜੇਲ੍ਹ ਪ੍ਰਬੰਧਨ ਉੱਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚ ਅਜਿਹੇ ਕੈਦੀਆਂ ਲਈ ਸੁਰੱਖਿਆ ਉੱਤੇ ਇਹ ਇੰਟਰਵਿਊ ਸਵਾਲ ਖੜ੍ਹੇ ਕਰ ਰਹੀ ਹੈ।

ਲਾਰੈਂਸ ਬਿਸ਼ਨੋਈ ਨੇ ਕੀਤੇ ਖੁਲਾਸੇ: ਬਿਸ਼ਨੋਈ ਨੇ ਕਿਹਾ ਕਿ ਉਸ ਦਾ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਕੋਈ ਸਬੰਧ ਨਹੀਂ ਹੈ। ਉਹ ਸਿੱਧੂ ਨੂੰ ਪਸੰਦ ਨਹੀਂ ਕਰਦਾ, ਕਿਉਂਕਿ ਸਿੱਧੂ ਉਸ ਦੇ ਐਟੀਂ ਗਰੁੱਪ ਦਾ ਸਮਰਥਨ ਕਰਦਾ ਸੀ। ਉਸ ਨੇ ਕਾਂਗਰਸ ਪਾਰਟੀ ਵਿੱਚ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਸਾਡੇ ਕਈ ਸਾਥੀਆਂ ਉੱਤੇ ਐਕਸ਼ਨ ਕਰਵਾਏ ਸੀ। ਬਿਸ਼ਨੋਈ ਦਾ ਕਹਿਣਾ ਹੈ ਕਿ ਉਸ ਨੂੰ ਕਤਲ ਦੀ ਸਾਰੀ ਸਾਜ਼ਿਸ ਬਾਰੇ ਜਾਣਕਾਰੀ ਸੀ, ਪਰ ਇਸ ਵਿੱਚ ਉਸ ਨੇ ਕੋਈ ਰੋਲ ਅਦਾ ਨਹੀਂ ਕੀਤਾ। ਇਹ ਸਭ ਗੋਲਡੀ ਬਰਾੜ ਨੇ ਕੀਤਾ ਹੈ। ਬਿਸ਼ਨੋਈ ਨੇ ਤਰਕ ਦਿੱਤਾ ਕਿ ਵਿੱਕੀ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੀ ਸਿੱਧੂ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਤਾਂ ਉਹ ਸਿੱਧੂ ਦਾ ਕਤਲ ਕਰ ਸਕਦੇ ਸੀ। ਪਰ, ਸਿੱਧੂ ਨਾਲ ਉਨ੍ਹਾਂ ਦਾ ਦੁਸ਼ਮਣੀ ਵਿੱਕੀ ਮਿੱਡੂਖੇੜਾ ਤੇ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਹੀ ਹੋਈ, ਕਿਉਂਕਿ ਉਨ੍ਹਾਂ ਦੇ ਕਤਲ ਵਿੱਚ ਸਿੱਧੂ ਮੂਸੇਵਾਲਾ ਦੀ ਭਾਗੀਦਾਰੀ ਸੀ।

ਲਾਰੈਂਸ ਬਿਸ਼ਨੋਈ ਨੇ ਸਿੱਧੂ 'ਤੇ ਖੜ੍ਹੇ ਕੀਤੇ ਸਵਾਲ: ਇਸ ਦੇ ਨਾਲ ਹੀ, ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਲੋਕ ਸਾਨੂੰ ਹੀ ਅਪਰਾਧੀ ਕਹਿ ਰਹੇ ਹਨ ਅਤੇ ਸਿੱਧੂ ਨੂੰ ਸਮਾਜਸੇਵੀ ਕਹਿ ਰਹੇ ਹਨ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਸਾਨੂੰ ਦੱਸਿਆ ਜਾਵੇ ਕਿ ਸਿੱਧੂ ਨੇ ਕਦੋਂ ਕੋਈ ਦੇਸ਼ ਲਈ ਕੰਮ ਕੀਤਾ ਹੈ ਜਾਂ ਫਿਰ ਨਸ਼ੇ ਤਸਕਰਾਂ ਦੇ ਖਿਲਾਫ ਅਵਾਜ਼ ਬੁਲੰਦ ਕੀਤੀ ਹੈ। ਉਸ ਨੇ ਕਿਹਾ ਕਿ ਸਾਡੇ ਵੀ ਭਰਾ ਸਿੱਧੂ ਕਾਰਨ ਮਰੇ ਹਨ। ਇਸ ਦੀ ਕੋਈ ਜਾਂਚ ਕਿਉਂ ਨਹੀਂ ਹੋਈ। ਸਿੱਧੂ ਖੁਦ ਗੈਂਗਸਟਰ ਬਣਨਾ ਚਾਹੁੰਦਾ ਸੀ।

ਖੁਦ ਨੂੰ ਦੱਸਿਆ ਦੇਸ਼ ਭਗਤ: ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ਦੀ ਸ਼ਜਾ ਮਿਲੀ ਹੈ। ਉਹ 9 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਤੋਂ ਬਾਹਰ ਆ ਕੇ ਲਾਰੈਂਸ ਇੱਕ ਗਊਸ਼ਾਲਾ ਚਲਾਉਣਾ ਚਾਹੁੰਦਾ ਹੈ। ਲਾਰੈਂਸ ਬਿਸ਼ਨੋਈ ਦਾ ਕਹਿਣਾ ਹੈ ਕਿ ਉਸ ਨੇ ਆਪਣਾ ਬਦਲਾ ਲੈਣ ਲਈ ਹਥਿਆਰ ਚੁੱਕੇ ਸਨ। ਉਨ੍ਹਾਂ ਨੇ ਕਦੇ ਪੈਸੇ ਲਈ ਕੋਈ ਕਤਲ ਨਹੀਂ ਕੀਤਾ। ਉਹ ਵੀ ਲੋਕਾਂ ਦੀ ਅਤੇ ਗਊਆਂ ਦੀ ਸੇਵਾ ਕਰਦੇ ਹੋਏ ਜਿੰਦਗੀ ਜਿਊਣੀ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਹ ਦੇਸ਼ ਦੇ ਕੰਮ ਆਵੇਗਾ, ਉਹ ਇਕ ਦੇਸ਼ ਭਗਤ ਹੈ। ਇਸ ਦੇ ਨਾਲ ਹੀ, ਉਸ ਦਾ ਹਰਵਿੰਦਰ ਰਿੰਦਾ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਉਹ ਉਸ ਨੂੰ ਕਦੇ ਵੀ ਨਹੀਂ ਮਿਲਿਆ। ਇਸ ਦੇ ਨਾਲ ਹੀ, ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਹ ਖਾਲਿਸਤਾਨ ਦੀ ਹਮਾਇਤ ਨਹੀਂ ਕਰਦਾ। ਉਹ ਖਾਲਿਸਤਾਨ ਦੇ ਖਿਲਾਫ ਹੈ, ਉਹ ਨਹੀਂ ਚਾਹੁੰਦਾ ਕਿ ਦੇਸ਼ ਦੇ ਟੁੱਕੜੇ ਹੋ ਜਾਣ।

ਬਠਿੰਡਾ ਜੇਲ੍ਹ ਸੁਪਰੀਡੈਂਟ ਨੇ ਕਿਹਾ- ਵੀਡੀਓ ਨਾਲ ਬਠਿੰਡਾ ਜੇਲ੍ਹ ਦਾ ਕੋਈ ਸਬੰਧ ਨਹੀ: 8 ਮਾਰਚ ਨੂੰ ਜੈਪੁਰ ਤੋਂ ਬਠਿੰਡਾ ਜੇਲ੍ਹ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਦੀ ਹੈ, ਕਿਉਂਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਜੈਮਰ ਲੱਗੇ ਹੋਏ ਹਨ। ਇੱਥੇ ਕੋਈ ਵੀ ਮੋਬਾਈਲ ਇੰਟਰਨੈਟ ਸੇਵਾ ਨਹੀਂ ਚੱਲਦੀ। ਜੇਲ੍ਹ ਸੁਪਰੀਡੈਂਟ ਐਨਡੀ ਨੇਗੀ ਦਾ ਕਹਿਣਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੱਖ ਵੱਖ ਸਮੇਂ 'ਤੇ ਕਈ ਵਾਰ ਪੁੱਛਗਿੱਛ ਲਈ ਲੈ ਕੇ ਗਏ ਹਨ। ਇੰਟਰਵਿਊ ਉਸ ਸਮੇਂ ਦਾ ਹੋ ਸਕਦਾ ਹੈ। ਜੇਲ੍ਹ ਸੁਪਰੀਡੈਂਟ ਦਾ ਕਹਿਣਾ ਹੈ ਕਿ ਲਾਰੈਂਸ ਬਿਸ਼ਨੋਈ ਉਨ੍ਹਾਂ ਕੋਲ ਬਠਿੰਡਾ ਜੇਲ੍ਹ ਵਿੱਚ ਬੰਦ ਹਨ। ਇਸ ਸਮੇਂ ਉਨ੍ਹਾਂ ਕੋਲ ਕੋਈ ਫੋਨ ਨਹੀ ਹੈ। ਉਹ ਸਖ਼ਤ ਸੁਰੱਖਿਆ ਵਿੱਚ ਹੈ। ਜੇਲ੍ਹ ਸੁਪਰੀਡੈਂਟ ਨੇਗੀ ਨੇ ਕਿਹਾ ਇਹ ਜੋ ਇੰਟਰਵਿਊ ਨਿੱਜੀ ਚੈਨਲ ਉੱਤੇ ਚੱਲ ਰਿਹਾ ਹੈ, ਇਹ ਪੰਜਾਬ ਤੋਂ ਬਾਹਰ ਕੀਤੇ ਰਿਕਾਰਡ ਕੀਤਾ ਗਿਆ ਹੈ। ਇਸ ਦਾ ਬਠਿੰਡਾ ਦੀ ਕੇਂਦਰੀ ਜੇਲ੍ਹ ਨਾਲ ਕੋਈ ਸਬੰਧ ਨਹੀਂ ਹੈ।

15 ਫਰਵਰੀ ਨੂੰ ਜੈਪੁਰ ਪੁਲਿਸ ਲੈ ਕੇ ਗਈ ਸੀ : ਜ਼ਿਕਰਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ 15 ਫ਼ਰਵਰੀ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਪ੍ਰੋਡਕਸ਼ਨ ਵਾਰੰਟ ਉੱਤੇ ਰਾਜਸਥਾਨ ਪੁਲਿਸ ਵੱਲੋਂ ਜੈਪੁਰ ਵਿਖੇ ਲਿਜਾਇਆ ਗਿਆ ਸੀ। ਦੇਰ ਰਾਤ ਰਾਜਸਥਾਨ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁੜ ਬਠਿੰਡਾ ਦੀ ਕੇਂਦਰੀ ਜੇਲ੍ਹ ਛੱਡਣ ਪਹੁੰਚੀ, ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਦੇਰ ਰਾਤ ਹੋਣ ਕਾਰਨ ਜੇਲ੍ਹ ਵਿੱਚ ਲਿਜਾਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਦੇ ਸੀਆਈਏ ਸਟਾਫ ਕੋਲ ਰੱਖਿਆ ਗਿਆ ਸੀ ਅਤੇ ਸੀਆਈਏ ਸਟਾਫ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ।

7 ਮਾਰਚ ਨੂੰ ਬਠਿੰਡਾ ਜੇਲ੍ਹ ਵਾਪਸ ਆਈ ਜੈਪੁਰ ਪੁਲਿਸ : ਜੈਪੁਰ ਪੁਲਿਸ ਨੇ ਸੈਂਟਰਲ ਜੇਲ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ 'ਚ ਲਿਆ ਸੀ। ਜੈਪੁਰ ਦੇ ਜਵਾਹਰ ਸਰਕਲ ਥਾਣੇ ਵਿੱਚ ਧਾਰਾ 307 ਦੇ ਤਹਿਤ ਪੁਲਿਸ ਦੁਆਰਾ ਬਿਸ਼ਨੋਈ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਗੱਲ ਦੀ ਪੁਸ਼ਟੀ ਉਸ ਸਮੇ ਦੇ ਐਸਐਸਪੀ ਜੇ ਇਲੇਨਚੇਲੀਅਨ ਨੇ ਕੀਤੀ ਸੀ। ਇਸ ਕਾਰਨ ਜੈਪੁਰ ਪੁਲਿਸ ਦੀ ਟੀਮ 14 ਫਰਵਰੀ, ਮੰਗਲਵਾਰ ਦੇਰ ਸ਼ਾਮ ਬਠਿੰਡਾ ਪਹੁੰਚੀ ਅਤੇ 15 ਫਰਵਰੀ ਨੂੰ ਸਵੇਰੇ 10 ਵਜੇ ਦੇ ਕਰੀਬ ਗੈਂਗਸਟਰ ਬਿਸ਼ਨੋਈ ਨੂੰ ਕੇਂਦਰੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ 'ਚ ਲੈ ਕੇ ਜੈਪੁਰ ਲਈ ਰਵਾਨਾ ਹੋ ਗਈ ਸੀ। 7 ਮਾਰਚ ਨੂੰ ਰਾਜਸਥਾਨ ਪੁਲਿਸ ਬਠਿੰਡਾ ਪਹੁੰਚੀ ਅਤੇ 8 ਮਾਰਚ ਨੂੰ ਲਾਰੈਂਸ ਬਿਸ਼ਨੋਈ ਨੂੰ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਛੱਡਿਆ ਗਿਆ ਸੀ। ਇਸ ਦੇ ਨਾਲ ਹੀ, ਜੈਪੁਰ ਪੁਲਿਸ ਉਤੇ ਵੀ ਸਵਾਲ ਖੜ੍ਹੇ ਹੁੰਦੇ ਹਨ।

ਇਹ ਵੀ ਪੜ੍ਹੋ:- Migration of Punjabi : ਪੰਜਾਬੀਆਂ ਦੇ ਵਿਦੇਸ਼ਾਂ 'ਚ ਜਾ ਕੇ ਵਸਣ ਦੇ ਕੀ ਕਾਰਨ, ਜਾਣੋ ਪਿਛਲੇ 5 ਸਾਲ ਵਿੱਚ ਕਿੰਨੇ ਪੰਜਾਬੀਆਂ ਨੇ ਛੱਡਿਆ ਪੰਜਾਬ

Last Updated :Mar 15, 2023, 7:11 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.