ETV Bharat / state

ਗੁਲਾਬੀ ਸੁੰਡੀ ਦੇ ਹਮਲੇ ਤੋਂ ਸਤਾਏ ਕਿਸਾਨ ਆਪਣੀ ਫਸਲ ਵਾਹੁਣ ਲਈ ਹੋਏ ਮਜਬੂਰ

author img

By ETV Bharat Punjabi Team

Published : Jan 12, 2024, 10:58 AM IST

Bollworm Attack on Crop: ਨਰਮੇ ਤੋਂ ਬਾਅਦ ਕਣਕ ਦੀ ਫਸਲ 'ਤੇ ਗੁਲਾਬੀ ਸੁੰਡੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਦੁਖੀ ਹੋਏ ਕਿਸਾਨ ਆਪਣੀ ਕਣਕ ਦੀ ਫਸਲ ਵਾਹੁਣ ਲਈ ਮਜਬੂਰ ਹੋ ਰਹੇ ਹਨ।

ਗੁਲਾਬੀ ਸੁੰਡੀ ਦੇ ਹਮਲੇ
ਗੁਲਾਬੀ ਸੁੰਡੀ ਦੇ ਹਮਲੇ

ਕਿਸਾਨ ਫਸਲ ਸਬੰਧੀ ਆਪਣੀ ਸਮੱਸਿਆ ਦੱਸਦੇ ਹੋਏ

ਬਠਿੰਡਾ: ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਇਸ ਵਾਰ ਪੰਜਾਬ ਸਰਕਾਰ ਵੱਲੋਂ ਭਾਵੇਂ ਵੱਡੀ ਪੱਧਰ 'ਤੇ ਮਸ਼ੀਨਰੀ ਉਪਲਬਧ ਕਰਾਉਣ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਵਾਹ ਕੇ ਕਣਕ ਬੀਜਣ ਲਈ ਉਤਸਾਹਿਤ ਕੀਤਾ ਗਿਆ ਸੀ। ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵੱਡੀ ਪੱਧਰ 'ਤੇ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਵਾਹ ਕੇ ਕਣਕ ਬੀਜੀ ਗਈ ਸੀ, ਪਰ ਹੁਣ ਪਰਾਲੀ ਨੂੰ ਵਾਹ ਕੇ ਬੀਜੀ ਗਈ ਕਣਕ ਕਿਸਾਨਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਝੋਨੇ ਵਿਚਲੀ ਗੁਲਾਬੀ ਸੁੰਡੀ ਨੇ ਹੁਣ ਕਣਕ ਦੀ ਫਸਲ 'ਤੇ ਵੱਡੇ ਪੱਧਰ 'ਤੇ ਹਮਲਾ ਕਰ ਦਿੱਤਾ ਹੈ, ਜਿਸ ਕਾਰਨ ਕਣਕ ਦੀ ਫਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ 50 ਤੋਂ 60 ਪ੍ਰਤੀਸ਼ਤ ਤੱਕ ਝਾੜ ਘੱਟਣ ਦੇ ਆਸਾਰ ਪੈਦਾ ਹੋ ਗਏ ਹਨ।

ਕਿਸਾਨਾਂ ਲਈ ਸਿਰਦਰਦੀ ਬਣੀ ਗੁਲਾਬੀ ਸੁੰਡੀ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਗਸੀਰ ਸਿੰਘ ਚੁੰਬਾ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਅਤੇ ਸਰਕਾਰ ਦੇ ਕਹਿਣ 'ਤੇ ਪਰਾਲੀ ਨੂੰ ਵਾਹ ਕੇ ਕਣਕ ਬੀਜੀ ਗਈ ਸੀ ਪਰ ਇਹ ਕਣਕ ਹੁਣ ਕਿਸਾਨਾਂ ਲਈ ਸਿਰਦਰਦੀ ਬਣਦੀ ਜਾ ਰਹੀ ਹੈ ਕਿਉਂਕਿ ਪਰਾਲੀ ਵਾਹ ਕੇ ਬੀਜੀ ਗਈ ਕਣਕ 'ਤੇ ਗੁਲਾਬੀ ਸੁੰਡੀ ਦਾ ਹਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੂਸਰੇ ਪਾਸੇ ਖੇਤੀਬਾੜੀ ਵਿਭਾਗ ਵੱਲੋਂ ਵੀ ਉਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ, ਜਿਸ ਕਾਰਨ ਕਿਸਾਨ ਕਣਕ ਮੁੜ ਵਾਹ ਕੇ ਬੀਜਣ ਲਈ ਮਜਬੂਰ ਹੋ ਗਏ ਹਨ।

ਖੇਤੀਬਾੜੀ ਅਧਿਕਾਰੀ ਫਸਲਾਂ ਸਬੰਧੀ ਜਾਣਕਾਰੀ ਦਿੰਦਾ ਹੋਇਆ

ਪ੍ਰਸ਼ਾਸਨ ਨਹੀਂ ਫੜ ਰਿਹਾ ਕਿਸਾਨਾਂ ਦੀ ਬਾਂਹ: ਉਹਨਾਂ ਕਿਹਾ ਕਿ ਜਦੋਂ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਜਾਂਦੀ ਸੀ, ਉਦੋਂ ਪ੍ਰਸ਼ਾਸਨ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਪਹੁੰਚ ਜਾਂਦਾ ਸੀ ਪਰ ਹੁਣ ਜਦੋਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਤਾਂ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਮੌਸਮ 'ਚ ਤਬਦੀਲੀ ਕਾਰਨ ਪਈ ਗੁਲਾਬੀ ਸੁੰਡੀ: ਉਧਰ ਦੂਸਰੇ ਪਾਸੇ ਖੇਤੀਬਾੜੀ ਅਧਿਕਾਰੀ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਗੁਲਾਬੀ ਸੁੰਡੀ ਦਾ ਹਮਲਾ ਕਣਕ ਦੀ ਫਸਲ 'ਤੇ ਵੇਖਣ ਨੂੰ ਮਿਲ ਰਿਹਾ ਹੈ। ਭਾਵੇਂ ਇਹ ਹਮਲਾ ਹਰ ਸਾਲ ਹੀ ਹੁੰਦਾ ਹੈ ਪਰ ਇਸ ਵਾਰ ਮੌਸਮ ਵਿੱਚ ਆਈ ਤਬਦੀਲੀ ਕਾਰਨ ਗੁਲਾਬੀ ਸੁੰਡੀ ਦਾ ਪ੍ਰਕੋਪ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਾਰ ਮੌਸਮ ਵਿੱਚ ਤਬਦੀਲੀ ਆਈ ਹੈ ਅਤੇ ਠੰਡ ਪੈਣ ਵਿੱਚ ਦੇਰੀ ਹੋਣ ਕਾਰਨ ਗੁਲਾਬੀ ਸੁੰਡੀ ਨਹੀਂ ਮਰੀ ਕਿਉਂਕਿ ਜਿਵੇਂ-ਜਿਵੇਂ ਠੰਢ ਵੱਧਦੀ ਜਾਵੇਗੀ ਗੁਲਾਬੀ ਸੁੰਡੀ ਆਪਣੇ ਆਪ ਹੀ ਖਤਮ ਹੁੰਦੀ ਜਾਵੇਗੀ।

ਇਹ ਨਰਮੇ ਵਾਲੀ ਗੁਲਾਬੀ ਸੁੰਡੀ ਨਹੀਂ ਹੈ। ਇਹ ਝੋਨੇ ਤੋਂ ਕਣਕ 'ਚ ਆਈ ਗੁਲਾਬੀ ਸੁੰਡੀ ਹੈ ਕਿਉਂਕਿ ਜਦੋਂ ਝੌਨੇ ਦੀ ਵਾਢੀ ਤੋਂ ਬਾਅਦ ਕਿਸਾਨ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕਰਦੇ ਹਨ ਤਾਂ ਮੌਸਮ ਤਬਦੀਲੀ ਕਾਰਨ ਇਹ ਕਣਕ 'ਤੇ ਅਸਰ ਪਾ ਦਿੰਦੀ ਹੈ। ਕਿਸਾਨਾਂ ਨੂੰ ਚਾਹੀਦਾ ਕਿ ਜਦੋਂ ਕਣਕ ਉੱਗਣ ਲੱਗਦੀ ਹੈ ਤਾਂ ਉਹ ਪੰਜਾਬ ਖੇਤੀਬਾੜੀ ਵਲੋਂ ਸਿਫਾਰਿਸ਼ ਕੀਤੀ ਦਵਾਈ ਲਗਾਉਣ ਤਾਂ ਇਸ ਦਾ ਅਸਰ ਕਣਕ 'ਤੇ ਨਹੀਂ ਪਵੇਗਾ। ਬਲਜਿੰਦਰ ਸਿੰਘ, ਖੇਤੀਬਾੜੀ ਅਧਿਕਾਰੀ

ਕਣਕ ਦੀ ਵਹਾਈ ਨਾ ਕਰਨ ਕਿਸਾਨ: ਉਨ੍ਹਾਂ ਕਿਹਾ ਕਿ ਇਸ ਪਿੱਛੇ ਦੂਸਰਾ ਵੱਡਾ ਕਾਰਨ ਕਿਸਾਨਾਂ ਵੱਲੋਂ ਕਣਕ ਦੀ ਫਸਲ ਦਾ ਸਮੇਂ ਸਿਰ ਨਿੱਰੀਖਣ ਨਾ ਕੀਤਾ ਜਾਣਾ ਹੈ ਪਰ ਫਿਰ ਵੀ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਗੁਲਾਬੀ ਸੁੰਡੀ ਨੂੰ ਲੈ ਕੇ ਖੇਤਾਂ ਵਿੱਚ ਸਰਵੇ ਕਰਵਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਨਾ ਘਬਰਾਉਣ ਲਈ ਆਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿੰਨਾਂ ਕਿਸਾਨਾਂ ਵੱਲੋਂ ਕਣਕ ਵਾਹ ਕੇ ਮੁੜ ਤੋਂ ਬੀਜੀ ਜਾ ਰਹੀ ਹੈ ,ਉਹ ਕੋਈ ਬਹੁਤ ਹੀ ਲਾਹੇਵੰਦ ਸਾਬਤ ਨਹੀਂ ਹੋਵੇਗੀ ਕਿਉਂਕਿ ਇਹ ਸਮਾਂ ਕਣਕ ਬੀਜਣ ਦਾ ਨਿਕਲ ਚੁੱਕਿਆ ਹੈ ਅਤੇ ਅਗੇਤੀਆਂ ਕਿਸਮਾਂ ਵੀ ਇਸ ਸਮੇਂ ਦੌਰਾਨ ਨਹੀਂ ਬੀਜੀਆਂ ਜਾ ਸਕਦੀਆਂ।

ਬਲਜਿੰਦਰ ਸਿੰਘ,ਖੇਤੀਬਾੜੀ ਅਧਿਕਾਰੀ
ਬਲਜਿੰਦਰ ਸਿੰਘ,ਖੇਤੀਬਾੜੀ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.