ਸ਼ਹਿਰ ਵਿਚਕਾਰ ਬਣਿਆ ਕਿਲ੍ਹਾ ਮੁਬਾਰਕ, 1800 ਸਾਲ ਦਾ ਸਮੋਈ ਬੈਠਾ ਹੈ ਇਤਿਹਾਸ

author img

By

Published : Sep 29, 2022, 2:00 PM IST

ਬਠਿੰਡਾ ਸ਼ਹਿਰ ਵਿਚਕਾਰ ਬਣਿਆ ਕਿਲ੍ਹਾ

ਬਠਿੰਡਾ ਸ਼ਹਿਰ 'ਚ ਬਣਿਆ ਕਿਲ੍ਹਾ ਮੁਬਾਰਕ ਜੋ ਕਿ ਕਈ ਸੋ ਸਾਲਾਂ ਦਾ ਇਤਿਹਾਸ ਸਮੋਈ ਬੈਠਾ ਹੈ, ਜਿਸ ਨੂੰ ਅੱਜ ਵੀ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਦਰਸ਼ਨਾਂ ਲਈ ਆਉਂਦੀਆਂ ਹਨ।

ਬਠਿੰਡਾ: ਸ਼ਹਿਰ ਦੇ ਵਿਚਕਾਰ ਬਣਿਆ ਕਿਲ੍ਹਾ ਜੋ ਕਿ ਸਨ ਦੋ ਸੌ ਵਿੱਚ ਮਾਰਵਾੜ ਦੇ ਰਾਜਾ ਵਿਨੈਪਾਲ ਵੱਲੋਂ ਬਣਵਾਇਆ ਗਿਆ ਸੀ। ਮਾਰਵਾੜ ਦਾ ਰਾਜਾ ਬਿਨੈਪਾਲ ਸ਼ਿਕਾਰ ਖੇਡਦਾ ਖੇਡਦਾ ਜਦੋਂ ਇਸ ਸਥਾਨ 'ਤੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਇਸ ਸਥਾਨ ਉੱਪਰ ਸਤਲੁਜ ਦਰਿਆ ਵਗਦਾ ਸੀ। ਪਾਣੀ ਮਨੁੱਖ ਦੀ ਮੁਖ ਲੋੜ ਹੋਣ ਕਾਰਨ ਉਸ ਵੱਲੋਂ ਇਸ ਸਥਾਨ ਉਪਰ ਰਿਹਾਇਸ਼ ਕਰਨ ਲਈ ਇਸ ਕਿਲ੍ਹੇ ਦੀ ਉਸਾਰੀ ਕੀਤੀ ਗਈ ਅਤੇ ਅੱਜ ਇਸ ਕਿਲ੍ਹਾ ਸਾਹਿਬ ਨੂੰ ਬਣੇ ਹੋਏ ਕਰੀਬ ਦੋ ਹਜ਼ਾਰ ਸਾਲ ਹੋ ਚੁੱਕੇ ਹਨ।

ਕਿਲ੍ਹਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਕਥਾ ਵਾਚਕ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਇਸ ਅਸਥਾਨ ਉੱਪਰ ਪਿਛਲੇ ਗਿਆਰਾਂ ਸਾਲਾਂ ਤੋਂ ਬਤੌਰ ਕਥਾ ਵਾਚਕ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਦੀ ਆਖ਼ਰੀ ਰਾਣੀ ਰਜ਼ੀਆ ਸੁਲਤਾਨਾ ਨੂੰ ਮੁਗਲਾਂ ਵੱਲੋਂ ਇਸ ਅਸਥਾਨ ਉੱਪਰ ਇੱਕ ਨੌਕਰ ਨਾਲ ਕੈਦ ਕੀਤਾ ਗਿਆ ਸੀ। ਜਿਸ ਵੱਲੋਂ ਨੌਕਰ ਦੀ ਸਹਾਇਤਾ ਨਾਲ ਡਿਉੜੀ ਤੋਂ ਛਾਲ ਮਾਰ ਕੇ ਇਸ ਕੈਦ ਵਿੱਚੋਂ ਨਿਕਲਿਆ ਗਿਆ ਸੀ।

ਇਸ ਕਿਲ੍ਹਾ ਸਾਹਿਬ ਦਾ ਇਤਿਹਾਸ ਬੜਾ ਲੰਮਾ ਚੌੜਾ ਹੈ। ਸੰਨ 1704 ਈਸਵੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮੁਗਲਾਂ ਨਾਲ ਚੌਦਾਂ ਜੰਗਾਂ ਲੜਨ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਵਿਖੇ ਆਖ਼ਰੀ ਜੰਗ ਲੜਨ ਉਪਰੰਤ ਇਸ ਅਸਥਾਨ 'ਤੇ ਆਏ ਸਨ। ਤਖ਼ਤ ਸ੍ਰੀ ਦਮਦਮਾ ਸਾਹਿਬ ਜਿਸ ਨੂੰ ਪਹਿਲਾਂ ਭਾਗੋ ਕੀ ਤਲਵੰਡੀ ਕਿਹਾ ਜਾਂਦਾ ਸੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਡੱਲੇ ਚੌਧਰੀ ਪਾਸ ਰੁਕੇ ਸਨ।

ਬਠਿੰਡਾ ਸ਼ਹਿਰ ਵਿਚਕਾਰ ਬਣਿਆ ਕਿਲ੍ਹਾ

ਖਾਨ ਵਜੀਦੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਡੱਲੇ ਚੌਧਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਬਾਗ਼ੀ ਹੋਣ ਸਬੰਧੀ ਇਕ ਪੱਤਰ ਲਿਖਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਹਦਾਇਤ ਦਿੱਤੀ। ਇਸ ਦੇ ਉਲਟ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਹਵਾਲੇ ਕਰਨ ਦੀ ਬਜਾਏ ਡੱਲੇ ਚੌਧਰੀ ਨੇ ਖਾਨ ਵਜੀਦੇ ਨੂੰ ਜੰਗ ਦਾ ਸੱਦਾ ਦਿੱਤਾ। ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਜੀ ਰਤਨ ਫ਼ਕੀਰ ਕੋਲ ਆਏ, ਜਿੱਥੇ ਹੁਣ ਗੁਰਦੁਆਰਾ ਹਾਜੀ ਰਤਨ ਸਾਹਿਬ ਸੁਸ਼ੋਭਿਤ ਹੈ।

ਉਦੋਂ ਇਸ ਕਿਲ੍ਹਾ ਸਾਹਿਬ ਦੇ ਆਲੇ ਦੁਆਲੇ ਛੋਟਾ ਜਿਹਾ ਪਿੰਡ ਵਸਿਆ ਹੋਇਆ ਸੀ, ਜਿਸਦਾ ਨਾਮ ਭੱਟੀ ਪਿੰਡ ਸੀ। ਉਸ ਤੋਂ ਬਾਅਦ ਇਸ ਦਾ ਨਾਂ ਭਟਿੰਡਾ ਪੈ ਗਿਆ ਜੋ ਕਿ ਅੱਜ ਵੀ ਰੇਲਵੇ ਦੀਆਂ ਟਿਕਟਾਂ ਉੱਪਰ ਭਠਿੰਡਾ ਹੀ ਲਿਖਿਆ ਜਾਂਦਾ ਹੈ। ਇਸ ਤੋਂ ਬਾਅਦ ਹੌਲੀ ਹੌਲੀ ਇਸ ਸ਼ਹਿਰ ਦਾ ਨਾਮ ਬਠਿੰਡਾ ਪੈ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ। ਉਪਰੰਤ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਿਲ੍ਹਾ ਸਾਹਿਬ ਦੀ ਡਿਉਢੀ ਨੇੜੇ ਆ ਕੇ ਪਿੰਡ ਵਾਸੀਆਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ਼ ਹੈ ਤਾਂ ਦੱਸੋ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਕਿਲ੍ਹੇ ਵਿੱਚ ਇੱਕ ਦਿਓ ਰਹਿੰਦਾ ਹੈ ਜੋ ਕਿ ਫ਼ਸਲਾਂ ਅਤੇ ਮਨੁੱਖ ਦਾ ਨੁਕਸਾਨ ਕਰਦਾ ਹੈ।

ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਿਲ੍ਹਾ ਸਾਹਿਬ ਦੇ ਅੰਦਰ ਆ ਕੇ ਦੇਖਿਆ ਗਿਆ ਤਾਂ ਉਹ ਦਿਓ ਕਿਤੇ ਵੀ ਨਹੀਂ ਮਿਲਿਆ। ਫਿਰ ਉਨ੍ਹਾਂ ਵੱਲੋਂ ਡਿਉਢੀ ਸਾਹਿਬ ਦੇ ਉਪਰ ਜਿਥੇ ਹੁਣ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਬਣਿਆ ਹੋਇਆ ਹੈ,ਉਸ ਡਿਉਢੀ 'ਤੇ ਪਹੁੰਚੇ। ਜਿਥੋਂ ਉਨ੍ਹਾਂ ਸੰਗਤਾਂ ਨੂੰ ਆਦੇਸ਼ ਦਿੱਤਾ ਕਿ ਮਾਸ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਮਾਸ ਦੀ ਖੁਸ਼ਬੂ ਨਾਲ ਦਿਓ ਆਪਣੇ ਆਪ ਹੀ ਕਿਲ੍ਹਾ ਸਾਹਿਬ ਚੋਂ ਬਾਹਰ ਆ ਜਾਵੇਗਾ ਅਤੇ ਨੱਤ ਬਗੈਰਾ ਪਿੰਡ ਵਿਚ ਇਕ ਝੋਟਾ ਜੋ ਕਿ ਮਾਰਖੋਰਾ ਹੈ ਤੇ ਲੋਕਾਂ ਦਾ ਨੁਕਸਾਨ ਕਰਦਾ ਹੈ ਉਸ ਨੂੰ ਫੜ ਕੇ ਲੈ ਕੇ ਆਓ। ਪੰਜ ਸਿੰਘਾਂ ਵੱਲੋਂ ਉਸ ਝੋਟੇ ਨੂੰ ਫੜ ਕੇ ਲਿਆਂਦਾ ਗਿਆ ਅਤੇ ਉਸ ਨੂੰ ਇੱਕ ਵਾਰ ਵਿੱਚ ਚਟਕਾਇਆ ਗਿਆ।

ਮਾਸ ਦੀ ਖੁਸ਼ਬੋ ਆਉਂਦਿਆਂ ਹੀ ਕਿਲ੍ਹਾ ਸਾਹਿਬ ਦੇ ਵਿੱਚੋਂ ਦਿਓ ਬਾਹਰ ਆ ਗਿਆ। ਗੁਰੂ ਸਾਹਿਬ ਨੇ ਦਿਓ ਨੂੰ ਆਦੇਸ਼ ਦਿੱਤਾ ਕਿ ਤੂੰ ਇੱਥੋਂ ਚਲਾ ਜਾ, ਕਿਉਂਕਿ ਤੂੰ ਲੋਕਾਂ ਅਤੇ ਫ਼ਸਲਾਂ ਨੂੰ ਨੁਕਸਾਨ ਕਰਦਾ ਹੈ। ਦਿਓ ਨੇ ਕਿਹਾ ਗੁਰੂ ਸਾਹਿਬ ਮੇਰੀ ਭੁੱਖ ਨਹੀਂ ਮਿਟਦੀ। ਉਨ੍ਹਾਂ ਕਿਹਾ ਕਿ ਇਹ ਝੋਟਾ ਤੇਰੇ ਲਈ ਝਟਕਿਆ ਗਿਆ ਹੈ। ਇਸ ਨੂੰ ਖਾ ਅਤੇ ਸਰਹਿੰਦ ਦੀ ਧਰਤੀ 'ਤੇ ਜਾ, ਜਿੱਥੇ ਸਾਡਾ ਬੰਦਾ ਆਵੇਗਾ, ਜਿਸ ਦੀ ਤੂੰ ਮਦਦ ਕਰਨੀ ਹੈ ਅਤੇ ਸਾਰੀ ਸਰਹਿੰਦ ਪੱਟ ਕੇ ਸਤਲੁਜ ਦਰਿਆ ਵਿੱਚ ਸੁੱਟਣੀ ਹੈ।

ਬਠਿੰਡਾ ਸ਼ਹਿਰ ਵਿਚਕਾਰ ਬਣਿਆ ਕਿਲ੍ਹਾ

ਗੁਰੂ ਸਾਹਿਬ ਤੋਂ ਆਦੇਸ਼ ਲੈ ਦਿਓ, ਇੱਥੋਂ ਚਾਲੇ ਪਾ ਕੇ ਸੀਟਾਂ ਵਾਲੇ ਪਿੰਡ ਰੁਕਿਆ ਅਤੇ ਫਿਰ ਉਸ ਵੱਲੋਂ ਸਰਹਿੰਦ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੰਗ ਵਿੱਚ ਮਦਦ ਕੀਤੀ ਗਈ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਉਸ ਨੂੰ ਵਗਦੀ ਸਤਲੁਜ ਦਰਿਆ ਵਿੱਚ ਸੁੱਟਿਆ ਗਿਆ। ਗੁਰੂ ਸਾਹਿਬ ਵੱਲੋਂ ਦਿਓ ਤੋਂ ਸ਼ਹਿਰ ਵਾਸੀਆਂ ਨੂੰ ਮੁਕਤੀ ਦਿਵਾਉਣ ਤੋਂ ਬਾਅਦ ਇੱਥੇ ਬਚਨ ਕੀਤਾ ਕਿ ਇੱਥੇ ਮੀਂਹ ਵੀ ਪਵੇਗਾ ਅਤੇ ਨਹਿਰਾਂ ਵੀ ਆਉਣਗੀਆਂ ਅਤੇ ਹਰ ਤਰ੍ਹਾਂ ਦਾ ਦਰੱਖਤ ਅਤੇ ਬੂਟਾ ਇਸ ਇਲਾਕੇ ਵਿਚ ਹੋਵੇਗਾ। ਮਾਲਵੇ ਦਾ ਨਾਮ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਇੱਥੇ ਹੀ ਦਿੱਤਾ ਗਿਆ ਸੀ।

ਇਸ ਦੇ ਨਾਲ ਹੀ ਕਥਾਵਾਚਕ ਗੁਰਚਰਨ ਸਿੰਘ ਨੇ ਦੱਸਿਆ ਕਿ ਕਿਲ੍ਹਾ ਸਾਹਿਬ ਦੀ ਦੇਖ ਭਾਲ ਪੁਰਾਤਨ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਅਤੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: MBA Vada Pav Wala ਨੌਕਰੀ ਦੇ ਨਾਲ-ਨਾਲ ਲਗਾ ਰਿਹੈ ਰੇਹੜੀ, ਬਣਿਆ ਨੌਜਵਾਨਾਂ ਲਈ ਮਿਸਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.