ਹਲਕਾ ਮਜੀਠੇ ਦੇ ਇਲਾਕੇ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਕਲ, ਪਿਛਲੀਆਂ ਸਰਕਾਰਾਂ 'ਤੇ ਰੋਸ, ਮਾਨ ਸਰਕਾਰ ਤੋਂ ਅਪੀਲ

author img

By

Published : May 22, 2023, 1:41 PM IST

No Drainage of waste water, Majitha, Amritsar

ਹਲਕਾ ਮਜੀਠਾ ਨੇੜੇ ਆਬਾਦੀ ਦੇ ਲੋਕਾਂ ਦਾ ਇਲਾਕੇ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ। ਇੱਥੇ ਗਲੀਆਂ ਵਿੱਚ ਗੰਦਾ ਪਾਣੀ ਜਮਾ ਹੋਇਆ ਹੈ। ਇਥੇ ਗੰਦੇ ਪਾਣੀ ਦੇ ਨਿਕਾਸੀ ਤੱਕ ਦਾ ਪ੍ਰਬੰਧ ਨਹੀਂ ਹੈ। ਲੋਕਾਂ ਦਾ ਗਲੀਆਂ ਚੋਂ ਆਉਣ-ਜਾਣਾ ਮੁਹਾਲ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬ ਦੀ ਮਾਨ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਇਲਾਕੇ ਵੱਲ ਧਿਆਨ ਦਿੱਤਾ ਜਾਵੇ।

ਹਲਕਾ ਮਜੀਠਾ ਦੇ ਲੋਕ ਪਰੇਸ਼ਾਨ

ਅੰਮ੍ਰਿਤਸਰ: ਹਲਕਾ ਮਜੀਠਾ ਨੇੜੇ ਪੈਂਦੀ ਆਬਾਦੀ ਈਦਗਾਹ ਦੇ ਲੋਕ ਨਰਕ ਦੀ ਜਿੰਦਗੀ ਜਿਊਣ ਲਈ ਮਜਬੂਰ ਹਨ, ਕਿਉਂਕਿ ਇਥੇ ਘਰਾਂ ਤੋਂ ਨਿਕਲੇ ਪਾਣੀ ਦੇ ਨਿਕਾਸੀ ਦਾ ਕੋਈ ਢੁਕਵਾਂ ਪ੍ਰਬੰਧ ਨਹੀ ਹੈ। ਆਬਾਦੀ ਦੇ ਲੋਕਾਂ ਦੇ ਦੱਸਣ ਅਨੁਸਾਰ ਇਹ ਆਬਾਦੀ ਕਸਬਾ ਮਜੀਠਾ ਦੀ ਵਾਰਡ ਨੰਬਰ 5 ਵਿਚ ਆਉਦੀ ਹੈ ਅਤੇ ਇਸ ਆਬਾਦੀ ਦੇ ਕਰੀਬ 80 ਘਰ ਹਨ ਅਤੇ ਕਰੀਬ 300 ਵੋਟਰ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਉਹ ਲੰਬੇ ਅਰਸੇ ਤੋਂ ਇਸ ਸਮੱਸਿਆ ਨਾਲ ਲਗਾਤਾਰ ਜੂਝ ਰਹੇ ਹਨ, ਪਰ ਅੱਜ ਤੱਕ ਹੱਲ ਨਹੀਂ ਹੋਇਆ।

ਗਲੀਆਂ-ਬਜ਼ਾਰਾਂ 'ਚ ਖੜਾ ਪਾਣੀ: ਸਮੇਂ-ਸਮੇਂ 'ਤੇ ਸਰਕਾਰਾਂ ਬਣੀਆਂ ਅਤੇ ਬਦਲਦੀਆਂ ਰਹੀਆਂ ਹਨ, ਪਰ ਉਨ੍ਹਾਂ ਦੀ ਇਸ ਹਾਲਤ ਨੂੰ ਕੋਈ ਵੀ ਸੁਧਾਰ ਨਹੀ ਸਕਿਆ ਹੈ। ਹਾਲਾਤ ਅਜਿਹੇ ਬਣੇ ਹਨ ਕਿ ਇੱਥੇ ਨਾਲੀਆਂ ਵਿਚੋਂ ਪਾਣੀ ਨਿਕਲ ਕੇ ਗਲੀਆਂ, ਬਜ਼ਾਰਾਂ ਵਿੱਚ ਆ ਗਿਆ ਹੈ ਅਤੇ ਇਥੋਂ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਗਲੀਆਂ-ਬਜ਼ਾਰਾਂ ਵਿੱਚ ਲਗਾਤਾਰ ਇਸ ਗੰਦੇ ਪਾਣੀ ਦੇ ਖੜੇ ਰਹਿਣ ਕਾਰਣ ਅਨੇਕਾਂ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹੁਣ ਵੀ ਅਗੇ ਗਰਮੀ ਦਾ ਮੌਸਮ ਹੈ ਅਤੇ ਫਿਰ ਬਰਸਾਤਾਂ ਆਉਣੀਆਂ ਹ।ਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ।

ਬੱਚਿਆਂ ਨੂੰ ਸਕੂਲ ਜਾਣ 'ਚ ਆ ਰਹੀ ਮੁਸ਼ਕਲ: ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਇਥੋਂ ਚੋਣ ਲੜਣ ਵਾਲੇ ਉਮੀਦਵਾਰ ਝੂਠੇ ਲਾਰੇ ਲਗਾ ਕੇ ਚਲੇ ਜਾਂਦੇ ਹਨ, ਪਰ ਸਾਡੀ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਅਜੇ ਤੱਕ ਕੋਈ ਹੱਲ ਨਹੀ ਕੱਢਿਆ ਗਿਆ। ਪਿਛਲੀਆਂ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਉਮੀਦਵਾਰ ਨਾਨਕ ਸਿੰਘ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਇਸ ਮੁਹੱਲੇ ਦੇ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਕਰਵਾ ਕੇ ਦੇਣਗੇ, ਪਰ ਚੋਣ ਜਿੱਤਣ ਤੋਂ ਬਾਅਦ ਮਾਮਲਾ ਫਿਰ ਉੱਥੇ ਦਾ ਉਥੇ ਰਹਿ ਗਿਆ। ਚੋਣਾਂ ਤੋਂ ਪਹਿਲਾਂ ਸੀਵਰੇਜ ਲਈ ਸਾਮਾਨ ਸੁਟਵਾਇਆ ਗਿਆ, ਪਰ ਚੋਣ ਜਿੱਤਣ ਤੋਂ ਬਾਅਦ ਪੋਰੇ ਚੁੱਕਵਾ ਲਏ ਗਏ। ਇਸ ਆਬਾਦੀ ਈਦਗਾਹ ਵਿੱਚ ਇੱਕ ਪਾਸੇ ਮੰਦਰ ਹੈ ਅਤੇ ਦੂਸਰੇ ਪਾਸੇ ਗੁਰਦੁਆਰਾ ਹੈ। ਇਸ ਦੇ ਨਾਲ ਹੀ, ਇੱਕ ਆਂਗਣਵਾੜੀ ਦਾ ਸਕੂਲ ਹੈ। ਲੋਕਾਂ ਨੂੰ ਮੰਦਰ ਗੁਰਦੁਆਰੇ ਅਤੇ ਸਭ ਤੋਂ ਜਿਆਦਾ ਨੰਨ੍ਹੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਕਈ ਵਾਰ ਤਾਂ ਬੱਚਿਆਂ ਦੀਆਂ ਸਕੂਲ ਤੋਂ ਛੁੱਟੀਆਂ ਹੋ ਜਾਂਦੀਆਂ ਹਨ।

ਨਹੀਂ ਹੋ ਰਹੇ ਰਿਸ਼ਤੇ, ਵਿਆਹ ਸਮੇਂ ਵੀ ਆਉਂਦੀ ਮੁਸ਼ਕਲ: ਕਈ ਔਰਤਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਦੇ ਕੁੜੀਆਂ-ਮੁੰਡਿਆਂ ਦੇ ਰਿਸ਼ਤੇ ਨਹੀ ਹੋ ਰਹੇ। ਜੇਕਰ ਕੋਈ ਕੁੜੀ-ਮੁੰਡੇ ਦਾ ਵਿਆਹ ਹੁੰਦਾ ਹੈ, ਤਾਂ ਕੁੜੀ ਦੀ ਡੋਲੀ ਪਿੰਡ ਵਿਚੋਂ ਬਾਹਰ ਸੜ੍ਹਕ ਉੱਤੇ ਜਾ ਕੇ ਤੋਰਨੀ ਪੈਂਦੀ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਕਹਿਦੇ ਹਨ ਕਿ ਅਸੀਂ ਦੁਬਾਰਾ ਇੱਥੇ ਬਿਮਾਰ ਹੋਣ ਲਈ ਨਹੀ ਆਉਣਾ। ਇਥੋਂ ਤੱਕ ਕਿ ਪਿੰਡ ਵਿੱਚ ਕਿਸੇ ਦੀ ਮੌਤ ਹੋ ਜਾਣ ਉੱਤੇ ਅਰਥੀ ਨੂੰ ਸ਼ਮਸ਼ਾਨ ਘਾਟ ਤੱਕ ਲਿਜਾਣ ਵਾਸਤੇ ਵੀ ਲੋਕਾਂ ਨੂੰ ਇਸ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਕੱਠੇ ਹੋ ਕੇ ਅਨੇਕਾਂ ਵਾਰ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਗੁਹਾਰ ਲਗਾ ਕੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਉਨ੍ਹਾਂ ਨੂੰ ਨਰਕ ਦੀ ਜਿੰਦਗੀ ਤੋਂ ਕਿਸੇ ਨੇ ਬਾਹਰ ਨਹੀ ਕੱਢਿਆ।

  1. Punjab Weather update: ਰਾਹਤ ਦੀ ਖ਼ਬਰ ! ਪੰਜਾਬ 'ਚ ਮੀਂਹ ਦਾ ਅਲਰਟ, ਜਾਣੋ ਮੌਸਮ ਦਾ ਹਾਲ
  2. Wrestler Protest: ਇੱਕ ਮਹੀਨੇ ਤੋਂ ਜੰਤਰ-ਮੰਤਰ 'ਤੇ ਡਟੇ ਪਹਿਲਵਾਨ, ਜਾਣੋ ਹੁਣ ਤੱਕ ਕੀ-ਕੀ ਹੋਇਆ
  3. ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸੀਐਮ ਮਾਨ ਦੇ ਬਿਆਨ ਉੱਤੇ ਐਸਜੀਪੀਸੀ ਦਾ ਜਵਾਬ, ਕਿਹਾ- ਸਿੱਖ ਪੰਥ ਸਮਰਥ, ਤੁਹਾਡੇ ਪੈਸੇ ਦੀ ਲੋੜ ਨਹੀਂ

ਮਾਨ ਸਰਕਾਰ 'ਤੇ ਭਰੋਸਾ, ਪਰ ਕਿਸੇ ਆਗੂ ਨੇ ਨਹੀਂ ਲਈ ਸਾਰ: ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਐਸਡੀਐਮ ਮਜੀਠਾ ਡਾ. ਹਰਨੂਰ ਕੌਰ ਢਿੱਲੋਂ ਨੂੰ ਆਪਣੀ ਇਸ ਸਮੱਸਿਆ ਸਬੰਧੀ ਮੰਗ ਪੱਤਰ ਦਿੱਤਾ ਸੀ, ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਦੀ ਤਰਫੋਂ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ। ਲੋਕਾਂ ਨੇ ਕਿਹਾ ਕਿ ਇਸ ਵਾਰ ਸਰਕਾਰ ਬਦਲਣ ਉੱਤੇ ਮਾਨ ਸਰਕਾਰ ਪਾਸੋਂ ਉਨ੍ਹਾਂ ਨੂੰ ਕਾਫੀ ਉਮੀਦਾਂ ਸਨ, ਪਰ ਹੁਣ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੇ ਉਨ੍ਹਾਂ ਦੀ ਸਾਰ ਨਹੀ ਲਈ।

ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸਲਵੰਤ ਸੇਠ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਲੋਕ ਨਰਕ ਭਰੀ ਜਿੰਦਗੀ ਜੀ ਰਹੇ ਹਨ, ਪਰ ਪੈਸੈ ਦੀ ਕਮੀ ਦੇ ਕਾਰਨ ਕੰਮ ਰੁਕਿਆ ਪਿਆ ਹੈ। ਉਨ੍ਹਾਂ ਕਿਹਾ ਕਿ ਅਸੀ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਸਾਨੂੰ ਫੰਡ ਮੁਹੱਈਆ ਕਰਵਾਏ ਜਾਣ, ਤਾਂ ਜੋ ਅਸੀਂ ਇਲਾਕੇ ਦਾ ਵਿਕਾਸ ਕਰਵਾ ਸਕੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.