ETV Bharat / state

Punjab Floods: ਮਾਲਵਾ ਤੇ ਦੁਆਬਾ ਖੇਤਰ ਤੋਂ ਬਾਅਦ ਹੁਣ ਮਾਝੇ ਵਿੱਚ ਹੜ੍ਹ ਦਾ ਖ਼ਤਰਾ ! ਜਾਣੋ ਬਿਆਸ ਦਰਿਆ ਦੀ ਸਥਿਤੀ

author img

By

Published : Jul 18, 2023, 12:33 PM IST

ਮਾਲਵੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਮਾਝੇ ਵੱਲ ਪਾਣੀ ਵਧ ਰਿਹਾ ਹੈ। ਬੀਤੇ ਐਤਵਾਰ ਨੂੰ 23 ਹਜ਼ਾਰ ਕਿਊਸਿਕ ਤੋਂ ਬਾਅਦ ਸੋਮਵਾਰ ਨੂੰ 50 ਹਜ਼ਾਰ ਕਿਊਸਿਕ ਪਾਣੀ ਦਾ ਰਿਕਾਰਡ ਦਰਜ ਕੀਤਾ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਦਰਿਆ ਦੇ ਕੰਢੀ ਅਤੇ ਮੰਡ ਖੇਤਰ ਦੇ ਹਿੱਸਿਆਂ ਵਿੱਚ ਪਾਣੀ ਦਾਖਲ ਹੋ ਗਿਆ ਹੈ।

Punjab Floods, Water Level In Beas River
ਜਾਣੋ ਬਿਆਸ ਦਰਿਆ ਦੀ ਸਥਿਤੀ

ਜਾਣੋ ਬਿਆਸ ਦਰਿਆ ਦੀ ਸਥਿਤੀ

ਅੰਮ੍ਰਿਤਸਰ: ਬੀਤੇ ਦਿਨਾਂ ਤੋਂ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਹੜ੍ਹ ਕਾਰਨ ਤਬਾਹੀ ਮਚੀ ਹੋਈ ਹੈ। ਕਈ ਖੌਫਨਾਕ ਤਸਵੀਰਾਂ ਵੀ ਸਾਹਮਣੇ ਆਈਆਂ, ਜੋ ਪੰਜਾਬ ਦੇ ਕੁਝ ਪ੍ਰਭਾਵਿਤ ਇਲਾਕਿਆਂ ਵਿੱਚ ਹੋਈ ਤਬਾਹੀ ਦੇ ਮੰਜ਼ਰ ਨੂੰ ਬਿਆਨ ਕਰਦੀਆਂ ਹਨ। ਇਸ ਤੋਂ ਬਾਅਦ ਹਰ ਕੋਈ ਇਸ ਕੁਦਰਤੀ ਮਾਰ ਨੂੰ ਦੇਖ ਖੌਫ਼ਜ਼ਦਾ ਹੈ। ਪੰਜਾਬ ਵਿੱਚ ਸਤਲੁਜ, ਰਾਵੀ, ਘੱਗਰ ਸਣੇ ਹੋਰਨਾਂ ਵੱਡੀਆਂ ਨਹਿਰਾਂ ਦਾ ਤੇਜ ਰਫ਼ਤਾਰ ਪਾਣੀ ਪੰਜਾਬ ਦੇ ਖਾਸਕਰ ਮਾਲਵੇ ਖੇਤਰ ਸਣੇ ਦੁਆਬੇ ਦੇ ਜਲੰਧਰ ਅਤੇ ਹੋਰਨਾਂ ਨਜ਼ਦੀਕੀ ਜ਼ਿਲ੍ਹਿਆਂ ਵਿੱਚ ਭਿਆਨਕ ਤਬਾਹੀ ਮਚਾ ਚੁੱਕਾ ਹੈ।

ਹਾਲਾਂਕਿ, ਹੜ੍ਹ ਵਲੋਂ ਮਚਾਈ ਜਾ ਰਹੀ ਇਸ ਤਬਾਹੀ ਦਾ ਸ਼ਿਕਾਰ ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਲੋਕ ਵੀ ਹੋ ਚੁੱਕੇ ਹਨ, ਜਿੱਥੇ ਤੇਜ਼ ਪਾਣੀ ਦੇ ਵਹਾਅ ਨੇ ਘਰ, ਵਾਹਨ, ਸੜਕਾਂ, ਫਸਲਾਂ ਅਤੇ ਕਈ ਸਰਕਾਰੀ ਇਮਾਰਤਾਂ ਦਾ ਵੀ ਭਾਰੀ ਨੁਕਸਾਨ ਕੀਤਾ ਗਿਆ ਹੈ। ਹੁਣ ਇਹ ਖ਼ਤਰਾ ਪੰਜਾਬ ਦੇ ਮਾਝਾ ਖੇਤਰ ਵਿੱਚ ਵਧ ਰਿਹਾ ਹੈ।

ਐਤਵਾਰ ਤੋਂ ਮਾਝੇ ਵੱਲ ਵਧਿਆ ਦਰਿਆਵਾਂ ਦੇ ਪਾਣੀਆਂ ਦਾ ਰੁੱਖ: ਪੰਜਾਬ ਦੇ ਮਾਲਵੇ, ਦੁਆਬੇ ਤੋਂ ਬਾਅਦ ਹੁਣ ਮਾਝੇ ਖੇਤਰ ਵਿੱਚ ਪੈਂਦੇ ਦਰਿਆ ਬਿਆਸ ਵਿੱਚ ਬੀਤੀ ਦੇਰ ਰਾਤ ਤੋਂ ਪਾਣੀ ਦਾ ਪੱਧਰ ਦੋ ਗੁਣਾਂ ਵੱਧ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਬਾਰਡਰ ਖੇਤਰ ਵਿੱਚ ਪੈਂਦੇ ਦਰਿਆ ਰਾਵੀ ਵਿੱਚ ਵੀ ਹੁਣ ਪਾਣੀ ਵੱਧ ਸਕਦਾ ਹੈ। 16 ਜੁਲਾਈ ਐਤਵਾਰ ਨੂੰ ਪੋਂਗ ਡੈਮ ਵਲੋਂ ਬਿਆਸ ਦਰਿਆ ਵਿੱਚ 22 ਹਜ਼ਾਰ, 300 ਕਿਊਸਿਕ ਪਾਣੀ ਛੱਡਿਆ ਗਿਆ ਸੀ। ਜੋ ਕਿ ਦੇਰ ਰਾਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵਹਿੰਦੇ ਬਿਆਸ ਦਰਿਆ ਵਿੱਚ ਪੁੱਜ ਚੁੱਕਾ ਹੈ।

ਪਾਣੀ ਦੀ ਮਾਤਰਾ ਵਧੇਰੇ ਹੋਣ ਕਾਰਨ ਇਹ ਪਾਣੀ ਹੁਣ ਕੰਢੀ ਖੇਤਰ ਤੇ ਚੜ੍ਹਦਾ ਨਜ਼ਰ ਆ ਰਿਹਾ ਹੈ। 16 ਜੁਲਾਈ ਸ਼ਾਮ ਨੂੰ ਬਿਆਸ ਦਰਿਆ ਵਿੱਚ 735.70 ਦੀ ਗੇਜ਼ ਨਾਲ 23 ਹਜਾਰ 500 ਕਿਊਸਿਕ ਪਾਣੀ ਦਰਿਆ ਵਿੱਚ ਚੱਲ ਰਿਹਾ ਸੀ, ਜੋ ਰਾਤ ਨੂੰ ਵਧਣ ਤੋਂ ਉਪਰੰਤ ਸੋਮਵਾਰ ਨੂੰ 738.00 ਦੀ ਗੇਜ਼ ਨਾਲ 50 ਹਜ਼ਾਰ ਕਿਊਸਿਕ ਹੋ ਚੁੱਕਾ ਹੈ। ਇਸ ਫ਼ਾਸਲੇ ਦਰਮਿਆਨ ਦਰਿਆ ਵਿੱਚ ਪਾਣੀ ਦੀ ਮਾਤਰਾ ਦੋ ਗੁਣਾਂ ਵੱਧ ਚੁੱਕੀ ਹੈ।

Punjab Floods, Water Level In Beas River
ਜਾਣੋ ਬਿਆਸ ਦਰਿਆ ਦੀ ਸਥਿਤੀ

ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਵਿੱਚੋਂ ਗੁਜ਼ਰਦਾ ਹੈ ਬਿਆਸ ਦਰਿਆ: ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਤਰਨ ਤਾਰਨ ਆਦਿ ਜ਼ਿਲ੍ਹਿਆਂ ਦੇ ਖੇਤਰ ਵਿੱਚੋਂ ਬਿਆਸ ਦਰਿਆ ਦੇ ਪਾਣੀ ਦਾ ਵਹਾਅ ਚੱਲਦਾ ਹੈ। ਜੇਕਰ ਦਰਿਆ ਵਿੱਚ ਪਾਣੀ ਦੀ ਹੋਰ ਆਮਦ ਹੁੰਦੀ ਹੈ, ਤਾਂ ਇਨ੍ਹਾਂ ਜ਼ਿਲ੍ਹਿਆਂ ਦੇ ਦਰਿਆ ਨਾਲ ਲੱਗਦੇ ਖੇਤਰ ਬਿਆਸ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਕੀ ਕਹਿਣਾ ਹੈ ਦਰਿਆ ਉੱਤੇ ਤੈਨਾਤ ਕਰਮਚਾਰੀ ਦਾ : ਦਰਿਆ ਬਿਆਸ ਉੱਤੇ ਤੈਨਾਤ ਇਰੀਗੇਸ਼ਨ ਵਿਭਾਗ ਦੇ ਕਰਮਚਾਰੀ (ਪੈਟਰੋਲਿੰਗ ਮੈਨ) ਵਿਜੈ ਕੁਮਾਰ ਨੇ ਦੱਸਿਆ ਹੈ ਕਿ ਦੇਰ ਰਾਤ ਤੋਂ ਲਗਾਤਾਰ ਬਿਆਸ ਦਰਿਆ ਵਿੱਚ ਪਾਣੀ ਵੱਧ ਰਿਹਾ ਹੈ, ਜੋ ਕਿ 738 ਗੇਜ਼ ਨਾਲ 50 ਹਜਾਰ ਵਹਾਅ ਆਂਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਕਸਰ ਦਰਿਆ ਵਿੱਚ ਪਾਣੀ ਦਾ ਲੈਵਲ ਉਪਰ ਹੇਠਾਂ ਚੱਲਦਾ ਰਹਿੰਦਾ ਹੈ, ਪਰ ਅੱਜ ਕਰੀਬ 5 ਤੋਂ 6 ਘੰਟੇ ਦੌਰਾਨ ਇਹ ਇੱਕੋ ਲੈਵਲ ਉੱਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਸਥਿਤੀ ਸਪੱਸ਼ਟ ਨਹੀਂ ਹੈ ਅਤੇ ਇਹ ਕਹਿਣਾ ਅਸੰਭਵ ਹੈ ਕਿ ਬਿਆਸ ਦਰਿਆ ਵਿੱਚ ਪਾਣੀ ਹੁਣ ਘੱਟਦਾ ਹੈ, ਜਾਂ ਵੱਧ ਜਾਂਦਾ ਹੈ। ਇਹ ਵੀ ਸਾਫ਼ ਹੈ ਕਿ ਜੇਕਰ ਉਪਰੀ ਖੇਤਰ ਤੋਂ ਬਿਆਸ ਦਰਿਆ ਵਿੱਚ ਪਾਣੀ ਵੱਧਦਾ ਹੈ, ਤਾਂ ਅਗਲੇ 12 ਘੰਟਿਆਂ ਦੌਰਾਨ ਇਹ ਪਾਣੀ ਇਸ ਖੇਤਰ ਤੱਕ ਪਹੁੰਚ ਸਕਦਾ ਹੈ।

ਦਰਿਆ 'ਤੇ ਪ੍ਰਸ਼ਾਸਨ ਦੀਆਂ ਨਜ਼ਰਾਂ : ਮਾਲਵੇ ਦੁਆਬੇ ਵਿੱਚ ਪਾਣੀ ਦੀ ਮਾਰ ਨਾਲ ਹੋਏ ਨੁਕਸਾਨ ਤੋਂ ਬਾਅਦ ਬਕਾਇਦਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਰਿਆ ਖੇਤਰ ਦੇ ਸਮੂਹ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ। ਉੱਥੇ ਹੀ ਪ੍ਰਸ਼ਾਸਨ ਵੀ ਇਸ ਸਬੰਧੀ ਚੌਕਸੀ ਵਰਤ ਰਿਹਾ ਹੈ। ਇਸ ਦੇ ਨਾਲ ਹੀ, ਲਗਾਤਾਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਰਿਆ ਵਿੱਚ ਚੱਲ ਰਹੇ ਪਾਣੀ ਦੀ ਪਲ-ਪਲ ਦੀ ਰਿਪੋਰਟ ਲੈ ਰਹੇ ਹਨ। ਦਰਿਆ ਉੱਤੇ ਤੈਨਾਤ ਕਰਮਚਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਵਲੋਂ ਫੋਨ ਉੱਤੇ, ਸਥਾਨਕ ਪਟਵਾਰੀ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਏਐਸਆਈ ਰਫੀ ਮੁਹੰਮਦ, ਪੁਲਿਸ ਮੁਲਾਜ਼ਮ ਹਰਪਾਲ ਸਿੰਘ ਆਦਿ ਵੀ ਮੌਕੇ ਉੱਤੇ ਆ ਕੇ ਖੁਦ ਜਾਇਜ਼ਾ ਲੈ ਰਹੇ ਹਨ। ਇਸ ਦੇ ਨਾਲ ਹੀ, ਪ੍ਰਸ਼ਾਸਨ ਵਲੋਂ ਲਗਾਤਾਰ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.