ETV Bharat / state

ਵਿਵਾਦਾਂ 'ਚ ਅੰਮ੍ਰਿਤਸਰ ਪੁਲਿਸ, ਮਹਿਲਾ ਵਕੀਲ ਨੇ ਲਾਏ ਇਲਜ਼ਾਮ ਤਾਂ ਪੁਲਿਸ ਨੇ ਗੁੰਮਰਾਹ ਕਰਨ ਦੀ ਆਖੀ ਗੱਲ, ਜਾਣੋਂ ਮਾਮਲਾ

author img

By ETV Bharat Punjabi Team

Published : Dec 22, 2023, 12:52 PM IST

Commotion outside police station: ਅੰਮ੍ਰਿਤਸਰ ਦੀ ਪੰਜਾਬ ਪੁਲਿਸ ਇੱਕ ਵਾਰ ਫਿਰ ਵਿਵਾਦਾਂ 'ਚ ਹੈ। ਜਿਥੇ ਮਹਿਲਾ ਵਕੀਲ ਵਲੋਂ ਪੁਲਿਸ 'ਤੇ ਸਿਆਸੀ ਦਬਾਅ ਹੇਠ ਮਾਮਲੇ 'ਚ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਹਨ, ਜਦਕਿ ਪੁਲਿਸ ਨੇ ਇਸ ਮਾਮਲੇ 'ਚ ਆਪਣਾ ਪੱਖ ਰੱਖਿਆ ਹੈ।

ਵਿਵਾਦਾਂ ਚ ਅੰਮ੍ਰਿਤਸਰ ਪੁਲਿਸ
ਵਿਵਾਦਾਂ ਚ ਅੰਮ੍ਰਿਤਸਰ ਪੁਲਿਸ

ਮਹਿਲਾ ਵਕੀਲ ਅਤੇ ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

ਅੰਮ੍ਰਿਤਸਰ: ਪੰਜਾਬ ਦੀ ਪੁਲਿਸ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਵਾਦ ਕਰਕੇ ਜੁੜੀ ਰਹਿੰਦੀ ਹੈ ਅਤੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਣਗੜ੍ਹ ਇਲਾਕੇ ਦਾ ਹੈ। ਜਿੱਥੇ ਕੁਝ ਵਿਅਕਤੀਆਂ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਤੋੜਫੋੜ ਕੀਤੀ ਗਈ ਅਤੇ ਉਸ ਪਰਿਵਾਰ ਦੇ ਘਰ ਦੇ ਬਾਹਰ ਆ ਕੇ ਗੋਲੀਆਂ ਵੀ ਚਲਾਈਆਂ ਗਈਆਂ। ਜਿਸ ਤੋਂ ਬਾਅਦ ਉਸ ਪਰਿਵਾਰ ਵੱਲੋਂ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੇ ਖਿਲਾਫ਼ ਪੁਲਿਸ ਨੂੰ ਜਦੋਂ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਭਰਾ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੌਜਵਾਨ ਨੂੰ ਕਰੀਬ ਚਾਰ ਘੰਟੇ ਤੱਕ ਗਾਇਬ ਰੱਖਿਆ ਗਿਆ।

ਪੁਲਿਸ ਨੇ ਥਾਣੇ ਦਾ ਗੇਟ ਕੀਤਾ ਬੰਦ: ਜਿਸ ਤੋਂ ਬਾਅਦ ਉਸ ਨੌਜਵਾਨ ਦੀ ਭੈਣ ਮਹਿਲਾ ਵਕੀਲ ਦਿਵਿਆ ਵੱਲੋਂ ਪੁਲਿਸ ਉੱਤੇ ਇਲਜ਼ਾਮ ਲਗਾਏ ਗਏ ਕਿ ਕਾਂਗਰਸ ਪਾਰਟੀ ਦੇ ਦਬਾਅ ਹੇਠਾਂ ਆ ਕੇ ਪੁਲਿਸ ਵੱਲੋਂ ਜਾਣ ਬੁਝ ਕੇ ਉਸਦੇ ਭਰਾ ਦੇ ਉੱਤੇ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਉੱਥੇ ਹੀ ਮਾਮਲੇ 'ਚ ਜਦੋਂ ਨੌਜਵਾਨ ਦੇ ਪਰਿਵਾਰ ਵਲੋਂ ਜਦੋਂ ਹੰਗਾਮਾ ਕੀਤਾ ਗਿਆ ਤਾਂ ਥਾਣੇ ਦੀ ਪੁਲਿਸ ਵੱਲੋਂ ਥਾਣੇ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ ਗਿਆ।

ਮਹਿਲਾਂ ਨੇ ਪੁਲਿਸ 'ਤੇ ਲਾਏ ਇਲਜ਼ਾਮ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਮਹਿਲਾ ਵਕੀਲ ਨੇ ਦੱਸਿਆ ਕਿ ਕੁਝ ਜਾਣਕਾਰ ਨੌਜਵਾਨਾਂ ਵੱਲੋਂ ਆਪਣੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ ਗਿਆ ਸੀ। ਜਿਸ ਨੂੰ ਲੈਕੇ ਉਨ੍ਹਾਂ ਵਲੋਂ ਪੁਲਿਸ ਨੂੰ ਇਸਨਾਫ਼ ਲਈ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ ਇਲਜ਼ਾਮ ਲਾਏ ਕਿ ਪੁਲਿਸ ਵਲੋਂ ਮੁਲਜ਼ਮਾਂ ਨੂੰ ਫੜਨ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਉਸ ਦੇ ਭਰਾ ਨੂੰ ਹੀ ਬਿਨਾਂ ਗੱਲੋਂ ਗ੍ਰਿਫ਼ਤਾਰ ਕਰ ਲਿਆ ਅਤੇ ਨਾਲ ਹੀ ਸਾਡੇ ਪਰਿਵਾਰ 'ਤੇ ਮਾਮਲੇ 'ਚ ਸਮਝੌਤਾ ਕਰਨ ਲਈ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ।

ਸਮਝੌਤੇ ਲਈ ਸਿਆਸੀ ਦਬਾਅ ਪਾਉਣ ਦੀ ਆਖੀ ਗੱਲ: ਇਸ ਦੇ ਨਾਲ ਹੀ ਵਕੀਲ ਮਹਿਲਾ ਦਾ ਕਹਿਣਾ ਕਿ ਪੁਲਿਸ ਵਲੋਂ ਜਾਣਬੁਝ ਕੇ ਉਸ ਦੇ ਭਰਾ ਖਿਲਾਫ਼ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਉਸ ਨੂੰ ਪੁਲਿਸ ਆਪਣੇ ਨਾਲ ਲੈ ਗਈ ਤੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਹੈ। ਮਹਿਲਾ ਵਕੀਲ ਨੇ ਕਿਹਾ ਕਿ ਕਾਂਗਰਸ ਦੇ ਕੁਝ ਆਗੂਆਂ ਵਲੋਂ ਵਾਰ-ਵਾਰ ਫੋਨ ਕਰਕੇ ਸਮਝੌਤਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਅਤੇ ਨਾਲ ਹੀ ਪੁਲਿਸ ਵਲੋਂ ਵੀ ਮੁਲਜ਼ਮਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਪੁਲਿਸ ਵਾਲਿਆਂ ਨੇ ਉਸ ਦੀ ਵਰਦੀ ਅਤੇ ਉਸ 'ਤੇ ਵੀ ਗਲਤ ਟਿੱਪਣੀਆਂ ਕੀਤੀਆਂ ਹਨ, ਜਿਸ ਸਬੰਧੀ ਉਹ ਅਦਾਲਤ ਦਾ ਰੁਖ ਕਰੇਗੀ।

ਪੁਲਿਸ ਨੂੰ ਗੁੰਮਰਾਹ ਕਰਨ ਦੀ ਅਧਿਕਾਰੀ ਨੇ ਆਖੀ ਗੱਲ: ਉੱਥੇ ਹੀ ਦੂਜੇ ਪਾਸੇ ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਮਹਿਲਾ ਵਕੀਲ ਵੱਲੋਂ ਜੋ ਸ਼ਿਕਾਇਤ ਦਰਜ ਕਰਵਾਈ ਗਈ ਸੀ, ਅਸੀਂ ਉਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮਹਿਲਾ ਵਕੀਲ ਦੇ ਭਰਾ ਵਲੋਂ ਹੀ ਆਪਣੇ ਦੋਸਤ ਨਾਲ ਮਿਲ ਕੇ ਘਰ 'ਤੇ ਗੋਲੀਆਂ ਚਲਾਉਣ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਕਾਬੂ ਕੀਤੇ ਨੌਜਵਾਨ ਦੇ ਦੋਸਤ ਨੇ ਕਬੂਲ ਵੀ ਕੀਤਾ ਕਿ ਸ਼ਿਕਾਇਤਕਰਤਾ ਮਹਿਲਾ ਵਕੀਲ ਦੇ ਭਰਾ ਨੇ ਹੀ ਗੋਲੀਆਂ ਚਲਾਈਆਂ ਸਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ 'ਚ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਸਬੰਧੀ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.