ਜਨਮਦਿਨ ਮੁਬਾਰਕ ਪੰਜਾਬੀ ਗਾਇਕ ਬਲਕਾਰ ਸਿੱਧੂ

author img

By

Published : Oct 10, 2021, 11:45 AM IST

ਜਨਮਦਿਨ ਮੁਬਾਰਕ ਪੰਜਾਬੀ ਗਾਇਕ ਬਲਕਾਰ ਸਿੱਧੂ

ਪੰਜਾਬੀ ਗਾਇਕ ਅਤੇ ਅਦਾਕਾਰ ਬਲਕਾਰ ਸਿੱਧੂ ਦਾ ਅੱਜ ਜਨਮਦਿਨ ਹੈ। ਇਸ ਮੌਕੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਵਲੋਂ ਲਗਾਤਾਰ ਵਧਾਈ ਦਿੱਤੀ ਜਾ ਰਹੀ ਹੈ

ਚੰਡੀਗੜ੍ਹ: ਪੰਜਾਬ ਦੀ ਬੁਲੰਦ ਆਵਾਜ਼ ਭਾਵ ਬਲਕਾਰ ਸਿੱਧੂ ਦਾ ਅੱਜ ਜਨਮਦਿਨ ਹੈ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਵਧਾਈ ਦਿੱਤੀ ਜਾ ਰਹੀ ਹੈ। ਪੰਜਾਬ ਦੇ ਮਾਲਵੇ ਦੇ ਇਸ ਫਨਕਾਰ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲਾ 'ਚ ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10 ਅਕਤੂਬਰ 1973 ਨੂੰ ਹੋਇਆ ਸੀ। ਬਲਕਾਰ ਸਿੱਧੂ ਦਾ ਵਿਆਹ ਦਲਜਿੰਦਰ ਕੌਰ ਨਾਲ ਹੋਇਆ, ਜਿਸ ਤੋਂ ਬਾਅਦ ਇਨ੍ਹਾਂ ਦੇ ਘਰ ਦੋ ਧੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ।

ਪਰਿਵਾਰ ਤੋਂ ਮਿਲੀ ਗਾਇਕੀ ਦੀ ਗੁੜਤੀ

ਬਲਕਾਰ ਸਿੱਧੂ ਦੀ ਗਾਇਕੀ ਦੀ ਸ਼ੁਰੂਆਤ ਕਾਲਜ ਦੇ ਦਿਨਾਂ 'ਚ ਹੀ ਹੋ ਗਈ ਸੀ। ਬਲਕਾਰ ਸਿੱਧੂ ਨੂੰ ਗਾਇਕੀ ਦੀ ਗੁੜਤੀ ਆਪਣੇ ਪਰਿਵਾਰ 'ਚੋਂ ਹੀ ਮਿਲੀ ਹੈ। ਬਲਕਾਰ ਸਿੱਧੂ ਦੇ ਚਾਚਾ ਗੁਰਬਖਸ਼ ਸਿੰਘ ਰੰਗੀਲਾ ਇਕ ਮਸ਼ਹੂਰ ਢਾਡੀ ਸੀ। ਉਨ੍ਹਾਂ ਨੇ ਆਪਣੇ ਲੋਕ ਗੀਤਾਂ ਰਾਹੀਂ ਲੋਕ ਕਲਾਵਾਂ ਦਾ ਜ਼ਿਕਰ ਕਰਦੇ ਹੋਏ ਫੁਲਕਾਰੀ, ਚਰਖੇ ਦੀ ਗੱਲ ਕਰਕੇ ਸੱਭਿਆਚਾਰ ਦੇ ਨਾਲ-ਨਾਲ ਪੰਜਾਬ ਦੀਆਂ ਹਵਾਵਾਂ 'ਚ ਰਚੇ ਵਸੇ ਪਿਆਰ ਦੀ ਗੱਲ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

ਇਸ ਗੀਤ ਨਾਲ ਮਿਲੀ ਸੀ ਪ੍ਰਸਿੱਧੀ

ਬਲਕਾਰ ਸਿੱਧੂ ਨੂੰ ਸੰਗੀਤ ਜਗਤ 'ਚ 'ਮਾਝੇ ਦੀਏ ਮੋਮਬੱਤੀਏ' ਨਾਲ ਪ੍ਰਸਿੱਧੀ ਮਿਲੀ ਸੀ। ਕਰੀਬ ਇੱਕ ਦਹਾਕਾ ਪਹਿਲਾਂ ਇਹ ਗੀਤ ਰਿਲੀਜ਼ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਦੌਲਤਾਂ ਵੀ ਮਿਲ ਗਈਆਂ ਸ਼ੌਹਰਤਾਂ ਵੀ ਮਿਲ ਗਈਆਂ' ਵਾਲਾ ਗੀਤ ਹੋਵੇ ਜਾਂ ਫਿਰ 'ਮੇਰੇ ਸਾਹਾਂ ਵਿਚ ਤੇਰੀ ਖੁਸ਼ਬੂ ਚੰਨ ਵੇ' ਇਨ੍ਹਾਂ ਸਭ ਲੋਕ ਗੀਤਾਂ ਨੇ ਪੰਜਾਬੀ ਗਾਇਕੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜਿੱਥੇ ਇਸ ਫਨਕਾਰ ਨੇ ਗਾਇਕੀ ਦੇ ਖੇਤਰ 'ਚ ਮੱਲਾਂ ਮਾਰੀਆਂ ਹਨ, ਉੱਥੇ ਇਸ ਗਾਇਕ ਨੇ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਕਮਾਲ ਦਿਖਾਇਆ। 'ਦੇਸੀ ਮੁੰਡੇ' ਫਿਲਮ ਰਾਹੀਂ ਬਲਕਾਰ ਸਿੱਧੂ ਨੇ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਿਆ।

ਇਹ ਹਨ ਹਿੱਟ ਗੀਤ

ਬਲਕਾਰ ਸਿੱਧੂ ਦੇ ਕੁਝ ਚੋਣਵੇਂ ਹਿੱਟ ਗੀਤ, ਜਿਵੇਂ ਕਿ 'ਮੇਰੀ ਖੰਡ ਮਿਸ਼ਰੀ', 'ਫੁਲਕਾਰੀ', 'ਚੁਬਾਰੇ ਵਾਲੀ ਬਾਰੀ', 'ਲੌਂਗ ਤਵੀਤੜੀਆਂ', 'ਚਰਖੇ', 'ਮਹਿੰਦੀ ਦੋ ਗੱਲਾਂ ਕਰੀਏ' ਅਜਿਹੇ ਗੀਤ ਹਨ, ਜੋ ਸਰੋਤਿਆਂ 'ਚ ਕਾਫੀ ਮਕਬੂਲ ਹਨ। ਉਨ੍ਹਾਂ ਨੇ ਕੁਝ ਸੈਡ ਸੌਂਗ ਵੀ ਗਾਏ ਹਨ, ਜਿਨ੍ਹਾਂ 'ਚ 'ਮਾਏ ਤੇਰਾ ਪੁੱਤ ਲਾਡਲਾ', 'ਗਮ ਮੈਨੂੰ ਖਾ ਗਿਆ' ਸਮੇਤ ਹੋਰ ਕਈ ਗੀਤ ਉਨ੍ਹਾਂ ਸਰੋਤਿਆਂ ਦੀ ਝੋਲੀ 'ਚ ਪਾਏ ਹਨ।

ਰਾਜਨੀਤੀ 'ਚ ਵੀ ਰੱਖਿਆ ਕਦਮ

ਬਲਕਾਰ ਸਿੱਧੂ ਵਲੋਂ ਰਾਜਨੀਤੀ 'ਚ ਵੀ ਆਪਣਾ ਕਦਮ ਰੱਖਿਆ। ਜਿਸ ਕਾਰਨ ਸ਼ੁਰੂਆਤੀ ਸਮੇਂ ਬਲਕਾਰ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ। ਕੁਝ ਸਮਾਂ ਸੇਵਾ ਕਰਨ ਤੋਂ ਬਾਅਦ ਬਲਕਾਰ ਸਿੱਧੂ ਨੇ ਕਾਂਗਰਸ ਦਾ ਪੱਲਾ ਫੜਿਆ, ਜਿਥੇ ਇਨ੍ਹਾਂ ਨੂੰ ਐਸ.ਐਸ ਬੋਰਡ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ, ਪਰ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾ ਨਾ ਮਿਲਣ ਅਤੇ ਨਸ਼ਾ ਖ਼ਤਮ ਨਾ ਹੋਣ ਦੇ ਰੋਸ ਵਜੋਂ ਬਲਕਾਰ ਸਿੱਧੂ ਮੁੜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ:Happy Birthday ਉਸਤਾਦ ਅਮਜਦ ਅਲੀ ਖ਼ਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.