ETV Bharat / entertainment

ਰਿਦੁਮ ਬੁਆਏਜ਼ ਪ੍ਰੋਡੋਕਸ਼ਨ ਹਾਊਸ ਨੇ ਮਾਰਿਆ ਇਕ ਹੋਰ ਮਾਅਰਕਾ, ਚਾਈਨਜ਼ ਸੀਰੀਜ਼ ‘ਬੂੰਨੀ ਬੇਅਰ’ ਦਾ ਪੰਜਾਬੀ ਰੂਪਾਂਤਰਨ ਕਰੇਗਾ ਰਿਲੀਜ਼

author img

By

Published : Aug 16, 2023, 12:03 PM IST

ਪੰਜਾਬੀ ਸਿਨੇਮਾ ਦਾ ਰਿਦੁਮ ਬੁਆਏਜ਼ ਪ੍ਰੋਡੋਕਸ਼ਨ ਹਾਊਸ ਜਲਦ ਹੀ ਚਾਈਨਜ਼ ਸੀਰੀਜ਼ ‘ਬੂੰਨੀ ਬੇਅਰ’ ਦਾ ਪੰਜਾਬੀ ਰੂਪਾਂਤਰਨ ਰਿਲੀਜ਼ ਕਰੇਗਾ।

China series Boonie Bearsr
China series Boonie Bearsr

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤਕ ਖੇਤਰ ਵਿਚ ਮੋਹਰੀ ਪ੍ਰੋਡੋਕਸ਼ਨ ਹਾਊਸ ਅਤੇ ਸੰਗੀਤਕ ਲੇਬਲ ਵਜੋਂ ਸ਼ੁਮਾਰ ਕਰਵਾਉਂਦੇ ਰਿਦੁਮ ਬੁਆਏਜ਼ ਇੰਟਰਟੇਨਮੈਂਟ ਵੱਲੋਂ ਮਸ਼ਹੂਰ ਚਾਈਨਜ਼ ਕਾਰਟੂਨ ਸੀਰੀਜ਼ ‘ਬੂੰਨੀ ਬੇਅਰ’ ਦਾ ਪੰਜਾਬੀ ਰੂਪਾਂਤਰਨ ਕਰਕੇ ਇਸ ਨੂੰ ਦੇਸ਼, ਵਿਦੇਸ਼ ਵਿਚ ਰਿਲੀਜ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਹਾਲ ਹੀ ਵਿਚ ਅਪਾਰ ਕਾਮਯਾਬੀ ਅਤੇ ਸਲਾਹੁਤਾ ਹਾਸਿਲ ਕਰਨ ਵਾਲੀ ਪੰਜਾਬੀ ਫਿਲਮ 'ਮੋੜ' ਤੋਂ ਇਲਾਵਾ ਪੰਜਾਬੀ ਸਿਨੇਮਾ ਲਈ ਬਣੀਆਂ ‘ਬੰਬੂਕਾਟ’, ‘ਭੱਜੋ ਵੀਰੋ ਵੇ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਅੰਗਰੇਜ਼’, ‘ਲਾਹੋਰੀਏ’, ‘ਛੱਲਾ ਮੁੜ ਕੇ ਨੀ ਆਇਆ’, ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ 2’, ‘ਚੱਲ ਮੇਰਾ ਪੁੱਤ 3’ ਜਿਹੀਆਂ ਕਈ ਵੱਡੀਆਂ ਪੰਜਾਬੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਅਤੇ ਕਈ ਮਕਬੂਲ ਗੀਤ ਸੰਗੀਤ ਮਾਰਕੀਟ ਵਿਚ ਜਾਰੀ ਕਰ ਚੁੱਕੇ ਇਸ ਪ੍ਰੋਡੋਕਸ਼ਨ ਹਾਊਸ ਦੇ ਪ੍ਰਮੁੱਖ ਸਟਾਰ ਗਾਇਕ-ਅਦਾਕਾਰ ਅਮਰਿੰਦਰ ਗਿੱਲ ਅਤੇ ਕਰਤਾ ਧਰਤਾ ਕਾਰਜ ਗਿੱਲ ਹਨ, ਜਿੰਨ੍ਹਾਂ ਵੱਲੋਂ ਸੁਯੰਕਤ ਕਮਾਂਡ ਅਧੀਨ ਫਿਲਮ, ਸੰਗੀਤਕ ਖੇਤਰ ਵਿਚ ਲਗਾਤਾਰ ਨਵੇਂ ਆਯਾਮ ਸਿਰਜਣ ਲਈ ਜੀਅ ਜਾਨ ਕੋਸ਼ਿਸ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਉਕਤ ਅਧੀਨ ਹੀ ਰਿਦੁਮ ਬੁਆਏਜ ਇੰਟਰਟੇਨਮੈਂਟ ਹੁਣ ਚਾਈਨਜ਼ ਫਿਲਮਾਂ ਅਤੇ ਸੀਰੀਜ਼ ਦਾ ਪੰਜਾਬੀ ਭਾਸ਼ਾ ਵਿਚ ਰੂਪਾਂਤਰਨ ਕਰਕੇ ਰਿਲੀਜ਼ ਕਰਨ ਵੱਲ ਕਦਮ ਵਧਾ ਚੁੱਕਾ ਹੈ, ਜਿਸ ਦੀ ਸ਼ੁਰੂਆਤ ਮਸ਼ਹੂਰ ਕਾਰਟੂਨ ਸੀਰੀਜ਼ ਬੂੰਨੀ ਬੇਅਰ ਨੂੰ ਪੰਜਾਬੀ ਵਿਚ ਡਬ ਕਰਕੇ ਕੀਤੀ ਜਾ ਰਹੀ ਹੈ, ਜਿਸ ਨੂੰ ਇਸੇ ਮਹੀਨੇ ਵਰਲਡ ਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ।

ਇਸੇ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸੰਬੰਧਤ ਟੀਮ ਨੇ ਦੱਸਿਆ ਕਿ ਉਕਤ ਫਿਲਮ ਪਹਿਲੇ ਪੜ੍ਹਾਅ ਅਧੀਨ ਨੌਰਥ ਅਮਰੀਕਾ ਵਿਚ ਰਿਲੀਜ਼ ਕੀਤਾ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ ਭਾਰਤ, ਆਸਟ੍ਰੇਲੀਆ, ਪਾਕਿਸਤਾਨ ਵਿਚ ਜਾਰੀ ਕਰ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਕੀਤੇ ਜਾ ਰਹੇ ਇੰਨ੍ਹਾਂ ਨਿਵੇਕਲੇ ਉਪਰਾਲਿਆਂ ਦਾ ਉਦੇਸ਼ ਪੰਜਾਬੀ ਭਾਸ਼ਾ ਦਾ ਜਿਆਦਾ ਤੋਂ ਜਿਆਦਾ ਪਸਾਰਾ ਕਰਨਾ ਵੀ ਮੁੱਖ ਹੈ ਤਾਂ ਕਿ ਆਲਮੀ ਪੱਧਰ 'ਤੇ ਪੰਜਾਬੀਅਤ ਦੇ ਮਾਣ ਅਤੇ ਇਸ ਭਾਸ਼ਾ ਦੀ ਮਕਬੂਲੀਅਤ ਵਿਚ ਹੋਰ ਵਾਧਾ ਹੋ ਸਕੇ।

ਉਨ੍ਹਾਂ ਦੱਸਿਆ ਕਿ ਇਸ ਸੀਰੀਜ਼ ਨੂੰ ਰਿਲੀਜ਼ ਕਰਨ ਤੋਂ ਬਾਅਦ ਕਈ ਮੁਲਕਾਂ ਨਾਲ ਸੰਬੰਧਤ ਹੋਰ ਲੋਕਪ੍ਰਿਯ ਅੰਗਰੇਜ਼ੀ ਅਤੇ ਹੋਰ ਭਾਸ਼ਾਈ ਫਿਲਮਾਂ ਨੂੰ ਵੀ ਪੰਜਾਬੀ ਵਿਚ ਡਬ ਕਰਕੇ ਰਿਲੀਜ਼ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿੰਨ੍ਹਾਂ ਅਧੀਨ ਜਿਆਦਾਤਰ ਪ੍ਰੋਜੈਕਟ ਬੱਚਿਆਂ ਦੀ ਪਸੰਦ ਨੂੰ ਧਿਆਨ ਵਿਚ ਰੱਖਕੇ ਸਾਹਮਣੇ ਲਿਆਂਦੇ ਜਾਣਗੇ ਤਾਂ ਕਿ ਭਾਰਤੀ ਖਾਸ ਕਰ ਪੰਜਾਬ ਅਤੇ ਵਿਦੇਸ਼ ਰਹੀ ਨਵੀਂ ਪੀੜ੍ਹੀ ਨੂੰ ਅੰਗਰੇਜ਼ੀ ਦੀ ਬਜਾਏ ਉਨਾਂ ਦੀ ਅਸਲ ਜੜ੍ਹਾਂ ਨਾਲ ਜੁੜੀ ਭਾਸ਼ਾ ਪੰਜਾਬੀ ਨਾਲ ਜੋੜਿਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.