ETV Bharat / entertainment

'ਮੌੜ’ ਦੇ ਬੇਹਤਰੀਨ ਸੈੱਟ ਦੀ ਸਿਰਜਨਾ ਨਾਲ ਚਰਚਾ ’ਚ ਨੇ ਕਲਾ ਨਿਰਦੇਸ਼ਕ ਕਾਜ਼ੀ ਰਫੀਕ ਅਲੀ, ਕਈ ਸਫ਼ਲ ਪੰਜਾਬੀ ਫਿਲਮਾਂ ਨੂੰ ਦੇ ਚੁੱਕੇ ਨੇ ਸ਼ਾਨਦਾਰ ਮੁਹਾਂਦਰਾ

author img

By

Published : Jun 17, 2023, 3:39 PM IST

Updated : Jun 17, 2023, 5:30 PM IST

Kazi Rafik Ali
Kazi Rafik Ali

ਕਲਾ ਨਿਰਦੇਸ਼ਕ ਕਾਜ਼ੀ ਰਫੀਕ ਅਲੀ ਪੰਜਾਬੀ ਫਿਲਮ 'ਮੌੜ’ ਦੇ ਬੇਹਤਰੀਨ ਸੈੱਟ ਦੀ ਸਿਰਜਨਾ ਲਈ ਇੰਨੀਂ ਦਿਨੀਂ ਚਰਚਾ ’ਚ ਬਣੇ ਹੋਏ ਹਨ। ਉਹ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਵਿੱਚ ਸ਼ਾਨਦਾਰ ਕੰਮ ਕਰ ਚੁੱਕੇ ਹਨ।

ਚੰਡੀਗੜ੍ਹ: ਹਾਲੀਆ ਦਿਨ੍ਹੀਂ ਰਿਲੀਜ਼ ਹੋਈ ਅਤੇ ਆਪਣੇ ਨਿਵੇਕਲੇ ਉਮਦਾ ਮੁਹਾਂਦਰੇ, ਬੇਹਤਰੀਨ ਨਿਰਦੇਸ਼ਨ ਅਤੇ ਸ਼ਾਨਦਾਰ ਸੈੱਟਅੱਪ ਅਧੀਨ ਚੌਖੀ ਸਲਾਹੁਤਾ ਹਾਸਿਲ ਕਰ ਰਹੀ ਪੰਜਾਬੀ ਫਿਲਮ ‘ਮੌੜ‘ ਨੂੰ ਚਾਰ ਚੰਨ ਲਾਉਣ ਵਿਚ ਇਸ ਫਿਲਮ ਦੇ ਨੌਜਵਾਨ ਕਲਾ ਨਿਰਦੇਸ਼ਕ ਕਾਜ਼ੀ ਰਫੀਕ ਅਲੀ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਵੱਲੋਂ ਤਿਆਰ ਕੀਤੇ ਇਸ ਫਿਲਮ ਦੇ ਸੈੱਟਸ ਅਤੇ ਆਰਟ ਕਾਰਜ ਦੀ ਹਰ ਫਿਲਮੀ ਸ਼ਖ਼ਸੀਅਤ ਅਤੇ ਦਰਸ਼ਕਾਂ ਵੱਲੋਂ ਰੱਜਵੀਂ ਪ੍ਰਸੰਸ਼ਾ ਕੀਤੀ ਜਾ ਰਹੀ ਹੈ।

ਮੂਲ ਰੂਪ ਵਿਚ ਕੋਲਕੱਤਾ ਦੇ ਇਕ ਛੋਟੇ ਜਿਹੇ ਪਿੰਡ ਸਲਾਈਦਾਹਾ ਨਾਲ ਸੰਬੰਧਤ ਇਸ ਪ੍ਰਤਿਭਾਵਾਨ ਕਲਾ ਨਿਰਦੇਸ਼ਕ ਨੇ ਆਪਣੇ ਹੁਣ ਤੱਕ ਦੇ ਜੀਵਨ ਅਤੇ ਫਿਲਮੀ ਸਫ਼ਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਉਹ ਬਚਪਨ ਸਮੇਂ ਤੋਂ ਸਿਨੇਮਾ ਖੇਤਰ ਨਾਲ ਜੁੜਨ ਦੀ ਤਾਂਘ ਮਨ ਵਿਚ ਰੱਖਣ ਲੱਗ ਪਏ ਸਨ, ਜਿਸ ਦੇ ਚਲਦਿਆਂ ਉਨਾਂ ਡਰਾਇੰਗ ’ਚ ਆਪਣੀ ਰੁਚੀ ਨੂੰ ਹੋਰ ਪਰਪੱਕਤਾ ਦੇਣ ਦਾ ਫ਼ੈਸਲਾ ਕੀਤਾ ਅਤੇ ਇਸੇ ਮੱਦੇਨਜ਼ਰ ਆਪਣੀ ਪੜ੍ਹਾਈ ਰਵਿੰਦਰਾ ਭਾਰਤੀ ਯੂਨੀਵਰਸਿਟੀ ’ਚ ਆਰਟ ਐਂਡ ਕਰਾਫ਼ਟ ਵਿਸ਼ੇ ’ਚ ਪੂਰੀ ਕਰਦਿਆਂ ਇੱਥੋਂ ਹੀ ਐਮਬੀਏ ਵੀ ਕੀਤੀ।

ਉਨ੍ਹਾਂ ਅੱਗੇ ਦੱਸਿਆ ਕਿ ਸਟੱਡੀ ਉਪਰੰਤ ਉਨਾਂ ਕੋਲਕੱਤਾ ਸਿਨੇਮਾ ਖੇਤਰ ਵਿਚ ਆਪਣੇ ਸਫ਼ਰ ਦੀ ਸ਼ੁਰੂਆਤ ਕਰਦਿਆਂ ਬੰਗਾਲੀ ਫਿਲਮ 'ਮੇਮ ਸਾਹਿਬ', ਬੰਗਾਲੀ ਟੀ.ਵੀ ਸ਼ੋਅ 'ਝਲਕ ਦਿਖਲਾ ਜਾ', 'ਨਿਮਕੀ' ਕਲਰਜ਼ ਆਦਿ ਕੀਤੇ, ਜਿਸ ਦੌਰਾਨ ਕੀਤੇ ਜਾ ਰਹੇ ਕਲਾ ਕਾਰਜਾਂ ਨੂੰ ਹੌਂਸਲਾ ਅਫ਼ਜਾਈ ਮਿਲੀ ਤਾਂ ਸਾਲ 2012 ਵਿਚ ਮੁੰਬਈ ਨਗਰੀ ਆਣ ਡੇਰੇ ਲਾਏ।

ਉਨ੍ਹਾਂ ਦੱਸਿਆ ਕਿ ਮਾਇਆਨਗਰੀ ਮੁੰਬਈ ਵਿਚ ਸੰਘਰਸ਼ਸ਼ੀਲ ਰਹਿੰਦਿਆਂ ਉਨਾਂ ਪਹਿਲਾਂ ਟੀ.ਵੀ 'ਸ਼ੋਅ ਝਲਕ ਦਿਖਲਾ ਜਾ' ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਰ ਪਿੱਛੇ ਮੁੜ੍ਹ ਕੇ ਨਹੀਂ ਵੇਖਣਾ ਪਿਆ। ਮੁੰਬਈ ਨਗਰੀ ਵਿਚ ਪੜ੍ਹਾਅ ਦਰ ਪੜ੍ਹਾਅ ਵੱਖਰੀ ਪਹਿਚਾਣ ਅਤੇ ਅਹਿਮ ਮੁਕਾਮ ਹਾਸਿਲ ਕਰਦੇ ਜਾ ਰਹੇ ਟੈਲੇਂਟਡ ਕਾਜ਼ੀ ਰਫੀਕ ਅਲੀ ਨੇ ਪੰਜਾਬੀ ਸਿਨੇਮਾ ਨਾਲ ਜੁੜੇ ਆਪਣੇ ਪਹਿਲੇ ਸਬੱਬ ਅਤੇ ਕੀਤੇ ਕਾਰਜਾਂ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬੀ ਫਿਲਮ ਇੰਡਸਟਰੀ ਵਿਚ ਉਨਾਂ ਦਾ ਆਗਾਜ਼ ਲਹੌਰੀਏ ਨਾਲ ਅਸੋਸੀਏਟ ਕਲਾ ਨਿਰਦੇਸ਼ਕ ਦੇ ਤੌਰ 'ਤੇ ਹੋਇਆ, ਜਿਸ ਤੋਂ ਬਾਅਦ ਅਜ਼ਾਦ ਕਲਾ ਨਿਰਦੇਸ਼ਕ ਉਨਾਂ ਪੰਜਾਬੀ ਫਿਲਮ ਸਟਾਰ ਅਮਰਿੰਦਰ ਗਿੱਲ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ‘ਰਿਦਮ ਬੁਆਏਜ਼’ ਦੀਆਂ ਕਈ ਵੱਡੀਆਂ ਫਿਲਮਾਂ ਕਰਨ ਦਾ ਮਾਣ ਹਾਸਿਲ ਕੀਤਾ, ਜਿੰਨ੍ਹਾਂ ਵਿਚ 'ਚੱਲ ਮੇਰਾ ਪੁੱਤ', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਛੱਲਾ ਮੁੜ ਕੇ ਨੀਂ ਆਇਆ' ਆਦਿ ਕੀਤੀਆਂ, ਜਿਸ ਨਾਲ ਉਨਾਂ ਦਾ ਗ੍ਰਾਫ਼ ਅਤੇ ਰੁਤਬਾ ਅਜਿਹਾ ਬਣਿਆ, ਜਿਸ ਸੰਬੰਧੀ ਖੁਸ਼ੀ ਦਾ ਅਹਿਸਾਸ ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਹੋਰਨਾਂ ਪੰਜਾਬੀ ਫਿਲਮਾਂ ਵਿਚ 'ਕਾਲਾ ਸ਼ਾਹ ਕਾਲਾ', 'ਦੂਰਬੀਨ', 'ਮੈਂ ਵਿਆਹ ਨੀਂ ਕਰਵਾਉਣਾ ਤੇਰੇ ਨਾਲ', 'ਸੁਰਖ਼ੀ ਬਿੰਦੀ', 'ਅੜਬ ਮੁਟਿਆਰਾਂ' ਆਦਿ ਸ਼ਾਮਿਲ ਰਹੀਆਂ ਹਨ।

ਫਿਲਮ ਦਾ 'ਮੌੜ’ ਸੈੱਟ
ਫਿਲਮ ਦਾ 'ਮੌੜ’ ਸੈੱਟ

'ਮੌੜ' ਦਾ ਯਾਦਗਾਰੀ ਤਜ਼ਰਬਾ: ਪੰਜਾਬੀ ਸਿਨੇਮਾ ਦੀ ਇਕ ਹੋਰ ਇਤਿਹਾਸਿਕ ਅਤੇ ਮਾਣਮੱਤੀ ਫਿਲਮ ਵਜੋਂ ਜਗਾਂ ਬਣਾ ਚੁੱਕੀ ਮੌੜ ਫਿਲਮ ਸੰਬੰਧੀ ਕੀਤੇ ਕਲਾ ਕਾਰਜ ਸੰਬੰਧੀ ਕਾਜ਼ੀ ਰਫੀਕ ਦੱਸਦੇ ਹਨ ਕਿ ਬਹੁਤ ਹੀ ਨਾ ਭੁੱਲਣ ਵਾਲੇ ਸਿਨੇਮਾ ਸਿਰਜਨਾ ਤਜ਼ਰਬੇ ਵਾਂਗ ਰਹੀ ਹੈ ਇਹ ਫਿਲਮ, ਜਿਸ ਲਈ ਉਨ੍ਹਾਂ ਅਤੇ ਉਨਾਂ ਦੀ ਟੀਮ ਨੇ 100 ਦਿਨ ਤੋਂ ਵੀ ਉਪਰ ਦਿਨ ਰਾਤ ਮਿਹਨਤ ਕੀਤੀ ਅਤੇ ਬਹੁਤ ਜਨੂੰਨੀਅਤ ਅਤੇ ਰਿਸਰਚ ਨਾਲ ਇਸ ਫਿਲਮ ਲਈ ਸੈੱਟਸ ਤਿਆਰ ਕੀਤੇ।

ਉਨ੍ਹਾਂ ਕਿਹਾ ਕਿ ਉਹ ਫਿਲਮ ਦੇ ਨਿਰਮਾਤਾ ਕਾਰਜ ਗਿੱਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿੰਨ੍ਹਾਂ ਇਸ ਮਾਇਲ ਸਟੋਨ ਨਾਲ ਜੁੜਨ ਦਾ ਅਵਸਰ ਉਨਾਂ ਦੀ ਝੋਲੀ ਪਾਇਆ।

ਉਨ੍ਹਾਂ ਦੱਸਿਆ ਕਿ ਇਸ ਫਿਲਮ ਲਈ ਰਾਜਸਥਾਨ ਦੇ ਸੂਰਤਗੜ੍ਹ ਅਤੇ ਰੋਪੜ ਨੇੜਲੇ ਕਈ ਵਿਸ਼ਾਲ ਸੈੱਟਸ ਤਿਆਰ ਕੀਤੇ ਗਏ, ਜਿੰਨ੍ਹਾਂ ਵਿਚ 1980 ਦਹਾਕੇ ਨੂੰ ਪ੍ਰਤੀਬਿੰਬ ਕਰਦੇ ਪੁਰਾਣੇ ਪੰਜਾਬ ਅਤੇ ਉਸ ਸਮੇਂ ਦੇ ਜਨ ਜੀਵਨ ਨੂੰ ਮੁੜ ਜੀਵੰਤ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਫਿਲਮ ਲਈ ਰੋਪੜ੍ਹ ਨੇੜੇ ਇਕ ਪਹਾੜ੍ਹੀ ਲੈਂਡ ਅਤੇ ਮਾਤਾ ਨੈਣਾ ਦੇਵੀ ਮੰਦਰ ਨੂੰ ਦਰਸਾਉਂਦੇ ਇਕ ਮੰਦਰ ਦੀ ਸਿਰਜਨਾ ਕੀਤੀ, ਜਿਸ ਵੱਲ ਜਾਣ ਲਈ ਕੋਈ ਰਸਤਾ ਤੱਕ ਨਹੀਂ ਸੀ, ਪਰ ਫਿਰ ਵੀ ਪੂਰੀ ਟੀਮ ਨੇ ਇਕ ਨਵੇਂ ਰਸਤੇ ਨੂੰ ਵਜ਼ੂਦ ਦਿੰਦਿਆਂ ਕੜ੍ਹੀ ਮਿਹਨਤ ਨਾਲ ਇਸ ਸੈੱਟ ਨੂੰ ਅਮਲੀਜਾਮਾ ਪਹਿਨਾਇਆ, ਜਿਸ ਤੋਂ ਇਲਾਵਾ ਸੂਰਤਗੜ੍ਹ ਨੇੜ੍ਹੇ ਟਿੱਬਿਆਂ ਵਿਚ ਇਕ ਪੂਰੇ ਦੇ ਪੂਰੇ ਪਿੰਡ ਦੀ ਸਥਾਪਨਾ ਕੀਤੀ ਗਈ, ਜਿਸ ਲਈ ਉੱਚੇ ਨੀਵੇਂ ਰੇਤੀਲੇ ਟਿੱਬਿਆਂ ਨੂੰ ਜੇਸੀਬੀ ਅਤੇ ਆਰਟ ਟੀਮਾਂ ਨਾਲ ਕਈ ਕਈ ਦਿਨਾਂ ਦੀ ਮਿਹਨਤ ਕਰਕੇ ਪੱਧਰਾ ਕਰਨਾ ਪਿਆ, ਫਿਰ ਜਾ ਕੇ ਇਸ ਉਪਰ ਵਿਸ਼ਾਲ ਪਿੰਡ ਦਾ ਸੈੱਟਸ ਤਿਆਰ ਕੀਤਾ ਜਾ ਸਕਿਆ।

ਫਿਲਮ ਦਾ 'ਮੌੜ’ ਸੈੱਟ
ਫਿਲਮ ਦਾ 'ਮੌੜ’ ਸੈੱਟ
ਫਿਲਮ ਦਾ 'ਮੌੜ’ ਸੈੱਟ
ਫਿਲਮ ਦਾ 'ਮੌੜ’ ਸੈੱਟ

ਸ਼ੂਟਿੰਗ ਤੋਂ ਪਹਿਲਾਂ ਕੀਤੀ ਲੰਮੇਰ੍ਹੀ ਮਿਹਨਤ: ਉਨ੍ਹਾਂ ਦੱਸਿਆ ਕਿ ਇਸ ਫਿਲਮ ਦੇ ਸ਼ੂਟ ਦੇ ਸ਼ੁਰੂ ਹੋਣ ਤੋਂ ਤਕਰੀਬਨ ਦੋ ਮਹੀਨੇ ਪਹਿਲਾਂ ਉਨਾਂ ਵੱਲੋਂ ਉਸ ਸਮੇਂ ਦੇ ਮੰਜ਼ਰ ਨੂੰ ਦਰਸਾਉਣ ਲਈ ਮਿਹਨਤ ਅਤੇ ਡਰਾਇੰਗ ਆਰਟ ਵਰਕ ਸ਼ੁਰੂਆਤ ਕੀਤੀ ਗਈ, ਜਿਸ ਵਿਚ ਨਿਰਮਾਤਾ ਕਾਰਜ ਗਿੱਲ ਦਾ ਵੀ ਉਮਦਾ ਸਹਿਯੋਗ ਅਤੇ ਮਾਰਗਦਰਸ਼ਨ ਰਿਹਾ। ਉਪਰੰਤ ਕਰੀਬ 200 ਲੋਕਾਂ ਦੀ ਆਰਟ ਟੀਮ ਨਾਲ ਖੂਨ ਪਸੀਨਾ ਇਕ ਕਰਕੇ ਉਨਾਂ ਇਸ ਫਿਲਮ ਦੇ ਕਲਾ ਨਿਰਦੇਸ਼ਕ ਕਾਰਜਾਂ ਨੂੰ ਪੂਰਾ ਕੀਤਾ, ਜਿਸ ਨੂੰ ਜੋ ਹੁੰਗਾਰਾ ਅਤੇ ਪਿਆਰ ਮਿਲ ਰਿਹਾ ਹੈ, ਉਸ ਨਾਲ ਆਉਣ ਵਾਲੇ ਸਿਨੇਮਾ ਖੇਤਰ ਵਿਚ ਹੋਰ ਚੰਗੇਰ੍ਹਾ ਕਰਨ ਲਈ ਯਤਨਸ਼ੀਲ ਰਹਿਣ ਦਾ ਬਲ ਮਿਲਿਆ ਹੈ।

Last Updated :Jun 17, 2023, 5:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.