ਕਿਸਾਨ ਜਥੇਬੰਦੀਆਂ ਨਾਲ ਸਿਆਸੀ ਲੀਡਰਾਂ ਦੀ ਮੀਟਿੰਗ ਹੋਈ

author img

By

Published : Sep 10, 2021, 10:46 AM IST

Updated : Sep 10, 2021, 5:30 PM IST

ਕਿਸਾਨ ਜਥੇਬੰਦੀਆਂ ਨਾਲ ਸਿਆਸੀ ਲੀਡਰਾਂ ਦੀ ਮੀਟਿੰਗ ਸ਼ੁਰੂ

ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਸਿਆਸੀ ਪਾਰਟੀਆਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਜਿਸ 'ਚ ਭਾਜਪਾ ਨੂੰ ਛੱਡ ਬਾਕੀ ਸਿਆਸੀ ਪਾਰਟੀਆਂ ਸ਼ਾਮਲ ਹੋਣਗੀਆਂ।

ਚੰਡੀਗੜ੍ਹ: ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਣ ਲਈ ਦਿੱਲੀ ਸਰਹੱਦ ’ਤੇ ਡਟੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਅੱਜ ਭਾਜਪਾ ਨੂੰ ਛੱਡ ਬਾਕੀ ਸਿਆਸੀ ਪਾਰਟੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨਾਂ ਵਲੋਂ ਬੁਲਾਈ ਗਈ ਇਹ ਬੈਠਕ ਚੰਡੀਗੜ੍ਹ ਦੇ ਸੈਕਟਰ 36 (Behind ISKON Temple) ’ਚ ਚੱਲ ਰਹੀ ਹੈ। ਇਸ ਬੈਠਕ 'ਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਹਨ।

ਸਿਆਸੀ ਪਾਰਟੀਆਂ ਨੂੰ ਦਿੱਤਾ ਸਮਾਂ

ਕਿਸਾਨ ਜਥੇਬੰਦੀਆਂ ਵਲੋਂ ਸਿਆਸੀ ਪਾਰਟੀਆਂ ਨੂੰ ਸਮਾਂ ਦਿੱਤਾ ਗਿਆ ਹੈ। ਜਿਸ 'ਚ ਸਭ ਤੋਂ ਪਹਿਲਾਂ 11:15 ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ ਨੂੰ ਦੁਪਹਿਰ 12 ਵਜੇ ਤੋਂ 12:30 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੁਪਹਿਰ 12:30 ਵਜੇ ਤੋਂ 1ਵਜੇ ਤੱਕ ਆਮ ਆਦਮੀ ਪਾਰਟੀ ਨੂੰ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੋਕ ਇਨਸਾਫ਼ ਪਾਰਟੀ ਨੂੰ 1 ਵਜੇ ਤੋਂ 1:30 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਲੋਕ ਯੂਸਫ ਪਾਰਟੀ ਨੂੰ 1:30 ਵਜੇ ਤੋਂ 1:45 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਬਸਪਾ ਨੂੰ ਮਿਲਣ ਲਈ 1:45 ਤੋਂ 2:15 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 2:15 ਵਜੇਤ ਤੋਂ 2:45 ਵਜੇ ਤੱਕ ਲੈਫਟ ਨੂੰ ਸਮਾਂ ਦਿੱਤਾ ਗਿਆ , ਜਦਕਿ 2:45 ਤੋਂ 3 ਵਜੇ ਤੱਕ ਹੋਰ ਪਾਰਟੀਆਂ ਨੂੰ ਮਿਲਿਆ ਜਾਵੇਗਾ। ਇਸ ਤਰ੍ਹਾਂ ਹੀ ਸੰਯੁਕਤ ਅਕਾਲੀ ਦਲ ਨੂੰ 2:45 ਵਜੇ ਤੋਂ 3:15 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ।

ਮੀਟਿੰਗ 'ਚ ਸ਼ਾਮਲ ਕਿਸਾਨ ਆਗੂ

ਸਿਆਸੀ ਆਗੂਆਂ ਨਾਲ ਮੀਟਿੰਗ ਲਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ, ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਮਾਨਸਾ, ਬਲਵੰਤ ਸਿੰਘ ਬਹਿਰਮਾਕੇ, ਰਜਿੰਦਰ ਸਿੰਘ, ਮਨਜੀਤ ਸਿੰਘ, ਹਰਿੰਦਰ ਸਿੰਘ ਟਾਂਡਾ ਸਮੇਤ ਕਈ ਕਿਸਾਨ ਆਗੂ ਸ਼ਾਮਲ ਹਨ।

ਸਾਰੀ ਪਾਰਟੀਆਂ ਬਰਾਬਰ: ਰੁਲਦੂ ਮਾਨਸਾ

ਕਿਸਾਨ ਜਥੇਬੰਦੀਆਂ ਨਾਲ ਸਿਆਸੀ ਲੀਡਰਾਂ ਦੀ ਮੀਟਿੰਗ ਸ਼ੁਰੂ

ਇਸ ਮੌਕੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਲਈ ਉਨ੍ਹਾਂ ਲਈ ਇੱਕ ਬਰਾਬਰ ਹੈ। ਉਨ੍ਹਾਂ ਕਿਹਾ ਕਿ ਬਲਬੀਰ ਰਾਜੇਵਾਲ ਜੋ ਕਹਿਣਗੇ ਉਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਲੋਕਾਂ ਤੋਂ ਤੰਗ ਆ ਚੁੱਕੇ ਹਨ, ਜਿਸ ਕਾਰਨ ਆਪ ਮੁਹਾਰੇ ਵਿਰੋਧ ਕਰ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਤੋਂ ਪਹੁੰਚੇ ਲੀਡਰ

ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ.ਦਲਜੀਤ ਸਿੰਘ ਚੀਮਾ ਪਹੁੰਚੇ ਹਨ।

ਕਾਂਗਰਸ ਤੋਂ ਪਹੁੰਚੇ ਲੀਡਰ

ਚੰਡੀਗੜ੍ਹ 'ਚ ਕਿਸਾਨਾਂ ਨਾਲ ਮੀਟਿੰਗ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪਹੁੰਚੇ ਹਨ। ਉਨ੍ਹਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਵੀ ਸ਼ਾਮਲ ਹੋਏ ਹਨ।

'ਆਪ' ਤੋਂ ਆਉਣ ਵਾਲੇ ਲੀਡਰ

ਕਿਸਾਨਾਂ ਨਾਲ ਮੀਟਿੰਗ 'ਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ ਤੋਂ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾ, ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਅਤੇ ਉਨ੍ਹਾਂ ਦੇ ਨਾਲ 'ਆਪ' ਦੇ ਸੂਬਾ ਸਕੱਤਰ ਜਗਤਾਰ ਸੰਘੇੜਾ ਵੀ ਸ਼ਾਮਲ ਹੋਏ ਹਨ।

'ਪਿਆਸੇ ਕੋਲ ਪਹੁੰਚਿਆ ਖੂਹ'

ਨਵਜੋਤ ਸਿੰਘ ਸਿੱਧੂ ਵਲੋਂ ਪ੍ਰਧਾਨਗੀ ਮਿਲਣ ਤੋਂ ਬਾਅਦ ਆਪਣੇ ਤਾਜਪੋਸ਼ੀ ਸਮਾਗਮ 'ਚ ਸੰਬੋਧਨ ਕਰਦਿਆ ਆਪਣੀ ਤੁਲਨਾ ਖੂਹ ਨਾਲ ਕਰਦਿਆਂ ਕਿਸਾਨਾਂ ਦੀ ਤੁਲਨਾ ਪਿਆਸੇ ਨਾਲ ਕੀਤੀ ਸੀ। ਜਿਸ ਕਾਰਨ ਉਨ੍ਹਾਂ ਕਿਹਾ ਸੀ ਕਿ ਕਿਸਾਨ ਉਨ੍ਹਾਂ ਨਾਲ ਆ ਕੇ ਗੱਲ ਕਰਨ ਤੇ ਉਹ ਮਸਲੇ ਦੇ ਹੱਲ ਲਈ ਨਾਲ ਚੱਲਣ ਲਈ ਤਿਆਰ ਹਨ। ਇਸ ਦੇ ਉਲਟ ਹੁਣ ਕਿਸਾਨਾਂ ਵਲੋਂ ਬੁਲਾਈ ਮੀਟਿੰਗ 'ਚ ਨਵਜੋਤ ਸਿੱਧੂ ਖੁਦ ਪਹੁੰਚੇ ਹਨ।

ਸਮੱਸਿਆ ਦਾ ਹੱਲ ਕੱਢਣ ਲਈ ਬੈਠਕ ਜ਼ਰੂਰੀ: ਚੰਦੂਮਾਜਰਾ

ਇਸ ਸਬੰਧੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮਾਹੌਲ ਨੂੰ ਠੀਕ ਕਰਨ ਲਈ ਬੈਠਕ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੈਠਕ ਕਰਕੇ ਵਧੀਆ ਰਸਤੇ ਨਿਕਲਦੇ ਹਨ, ਇਸ ਲਈ ਵਧੀਆ ਹੈ ਕਿ ਮੀਟਿੰਗ ਹੋ ਰਹੀ ਹੈ।

ਨਹੀਂ ਕੀਤੀ ਕੋਈ ਰੈਲੀ: ਢੀਂਡਸਾ

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਕੋਈ ਰੈਲੀ ਨਹੀਂ ਕੀਤੀ ਗਈ, ਪਰ ਕਿਸਾਨਾਂ ਨਾਲ ਵਧੀਆ ਗੱਲ ਹੋਵੇਗੀ। ਇਸ ਦੇ ਨਾਲ ਹੀ ਬ੍ਰਹਪੁਰਾ ਨੇ ਕਿਹਾ ਕਿ 500 ਤੋਂ ਵੱਧ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ ਪਰ ਮੋਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ।

ਬੈਠਕ ’ਚ ਇਹ ਹੋਵੇਗੀ ਚਰਚਾ

ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਬੈਠਕ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਜਾਵੇਗੀ ਕਿ ਜਦੋਂ ਤਕ ਪੰਜਾਬ ਦੀਆਂ ਚੋਣਾਂ ਦਾ ਐਲਾਨ ਨਹੀਂ ਹੁੰਦਾ ਉਦੋਂ ਤਕ ਕੋਈ ਵੀ ਸਿਆਸੀ ਰੈਲੀ ਨਾ ਕੀਤੀ ਜਾਵੇ। ਕਿਸਾਨਾਂ ਦਾ ਮੰਨਣਾ ਹੈ ਕਿ ਸਿਆਸੀ ਆਗੂਆਂ ਵਲੋਂ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਕਾਰਨ ਦਿੱਲੀ ਮੋਰਚੇ 'ਤੇ ਅਸਰ ਪੈਂਦਾ ਹੈ। ਜਿਸ ਕਾਰਨ ਅਗਲੇ ਹੁਕਮਾਂ ਤੱਕ ਇਨ੍ਹਾਂ ਰੈਲੀਆਂ ਨੂੰ ਰੋਕਣ ਲਈ ਕਿਸਾਨਾਂ ਵਲੋਂ ਕਿਹਾ ਜਾਵੇਗਾ।

ਸੁਖਬੀਰ ਬਾਦਲ ਦਾ ਕੀਤਾ ਸੀ ਵਿਰੋਧ

ਦੱਸ ਦਈਏ ਕਿ ਕਿਸਾਨਾਂ ਵੱਲੋਂ ਮੋਗਾ ਵਿਖੇ ਸੁਖਬੀਰ ਸਿੰਘ ਬਾਦਲ ਦੀ ਰੈਲੀ ਦਾ ਵਿਰੋਧ ਕੀਤਾ ਗਿਆ ਸੀ। ਇਸ ਮੌਕੇ ਸਥਿਤੀ ਤਣਾਅ ਪੂਰਨ ਬਣ ਗਈ ਸੀ ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਵੀ ਹੋ ਗਈ ਸੀ ਤੇ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ ਸੀ, ਜਿਸ ਤੋਂ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਸਨ।

ਭਾਜਪਾ ਦਾ ਮੁਕੰਮਲ ਬਾਈਕਾਟ

ਉਥੇ ਹੀ ਸੰਯੁਕਤ ਕਿਸਾਨ ਮੋਰਚੇ (Sanyukt Kisan Morcha) ਵੱਲੋਂ ਭਾਜਪਾ ਦਾ ਬਾਈਕਾਟ ਕੀਤਾ ਗਿਆ ਹੈ, ਸੰਯੁਕਤ ਕਿਸਾਨ ਮੋਰਚੇ (Sanyukt Kisan Morcha) ਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਭਾਜਪਾ ਨੂੰ ਛੱਡ ਬਾਕੀ ਕਿਸੇ ਵੀ ਪਾਰਟੀ ਦਾ ਵਿਰੋਧ ਨਾ ਕੀਤਾ ਜਾਵੇ, ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਹੋਣ ਤਕ ਹਰ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਈ ਪਿੰਡਾਂ ਵਿੱਚ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਪੋਸਟਰ ਵੀ ਲੱਗ ਗਏ ਹਨ ਤੇ ਪਿੰਡਾਂ ਵਿੱਚ ਸਿਆਸੀ ਆਗੂਆਂ ਨੂੰ ਵੜਨ ਨਹੀਂ ਦਿੱਤਾ ਜਾ ਰਿਹ ਹੈ। ਜਦਕਿ ਭਾਜਪਾ ਆਗੂਆਂ ਨੂੰ ਤਾਂ ਘਰ ਤੋਂ ਹੀ ਬਾਹਰ ਨਹੀਂ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ’ਚ ਨਵਜੋਤ ਸਿੱਧੂ ਹੋਣਗੇ ਸ਼ਾਮਲ

Last Updated :Sep 10, 2021, 5:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.