PGI ਵਲੋਂ ਪੰਜਾਬ ਦੇ ਮਰੀਜਾਂ ਨੂੰ ਰਾਹਤ: ਹੁਣ ਮਰੀਜ਼ਾਂ ਨੂੰ ਮਿਲੇਗਾ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ

author img

By

Published : Aug 5, 2022, 9:34 PM IST

PGI ਵਲੋਂ ਪੰਜਾਬ ਦੇ ਮਰੀਜਾਂ ਨੂੰ ਰਾਹਤ

ਆਯੂਸ਼ਮਾਨ ਭਾਰਤ ਸਕੀਮ ਤਹਿਤ ਪੀਜੀਆਈ ਵਲੋਂ ਪੰਜਾਬ ਦੇ ਮਰੀਜ਼ਾਂ ਨੂੰ ਸਿਹਤ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਕਮ ਦੀ ਅਦਾਇਗੀ ਨਾ ਮਿਲਣ ਕਾਰਨ ਪੀਜੀਆਈ ਵਲੋਂ ਇਸ ਸਕੀਮ ਦਾ ਲਾਭ ਦੇਣਾ ਬੰਦ ਕਰ ਦਿੱਤਾ ਸੀ।

ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਨੇ 4 ਦਿਨਾਂ ਬਾਅਦ ਇੱਕ ਵਾਰ ਫਿਰ ਆਯੂਸ਼ਮਾਨ ਭਾਰਤ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਨੂੰ ਸਿਹਤ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ। ਪੀਜੀਆਈ ਨੇ ਮਰੀਜ਼ਾਂ ਦੀ ਸਿਹਤ ਦੇ ਹਿੱਤ ਵਿੱਚ ਇਹ ਕਦਮ ਚੁੱਕਿਆ ਹੈ। ਪੀਜੀਆਈ ਦੇ ਬੁਲਾਰੇ ਅਤੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਕੁਮਾਰ ਗੌਰਵ ਧਵਨ ਨੇ ਕਿਹਾ ਹੈ ਕਿ ਪੀਜੀਆਈ ਨੇ ਇਹ ਫੈਸਲਾ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਦਫ਼ਤਰ ਦੇ ਹੁਕਮਾਂ ਤਹਿਤ ਲਿਆ ਹੈ।

ਪੰਜਾਬ ਦੇ ਸਿਹਤ ਸਕੱਤਰ ਦਾ ਪੱਖ: ਇਸ ਦੌਰਾਨ ਪੰਜਾਬ ਦੇ ਸਿਹਤ ਸਕੱਤਰ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਬਕਾਇਆ ਰਾਸ਼ੀ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਪੀਜੀਆਈ ਨੇ ਕਿਹਾ ਹੈ ਕਿ ਉਨ੍ਹਾਂ ਲਈ ਮਰੀਜ਼ਾਂ ਦੀ ਸੇਵਾ ਸਭ ਤੋਂ ਉਪਰ ਹੈ।

15 ਕਰੋੜ ਦੀ ਅਦਾਇਗੀ ਨੂੰ ਲੈ ਕੇ ਵਿਵਾਦ: ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੀ.ਜੀ.ਆਈ ਨੂੰ ਇਸ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਨੂੰ ਮਿਲਣ ਵਾਲੇ ਸਿਹਤ ਲਾਭ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ। ਪੰਜਾਬ ਸਰਕਾਰ ਨੇ ਇਸ ਸਕੀਮ ਤਹਿਤ ਮਰੀਜ਼ਾਂ ਦੇ 15 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਪੀਜੀਆਈ ਨੂੰ ਨਹੀਂ ਕੀਤਾ ਸੀ। ਇਸ ਕਾਰਨ ਪਿਛਲੇ 4 ਦਿਨਾਂ ਤੋਂ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਮੁੱਦਾ ਚੁੱਕਣ 'ਤੇ ਵੀ ਨਹੀਂ ਹੋਈ ਅਦਾਇਗੀ: ਪੀਜੀਆਈ ਨੇ ਸਕੀਮ ਅਧੀਨ ਲਾਭ ਰੋਕਣ ਤੋਂ ਪਹਿਲਾਂ ਰਾਜ ਸਿਹਤ ਅਥਾਰਟੀ ਸਮੇਤ ਨੈਸ਼ਨਲ ਹੈਲਥ ਅਥਾਰਟੀ ਕੋਲ ਵੀ ਇਹ ਮੁੱਦਾ ਉਠਾਇਆ ਸੀ। ਇਹ ਮੁੱਦਾ 1 ਅਪ੍ਰੈਲ, 13 ਮਈ ਅਤੇ 7 ਜੂਨ ਨੂੰ ਉਠਾਇਆ ਗਿਆ ਸੀ। ਇਹ ਮਾਮਲਾ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਪਰ ਕਲੇਮ ਦੀ ਅਦਾਇਗੀ ਨਹੀਂ ਹੋਈ।

ਇਹ ਵੀ ਪੜ੍ਹੋ: ਸਰਹੱਦੀ ਇਲਾਕਿਆਂ 'ਚ ਮਾਈਨਿੰਗ ਨੂੰ ਲੈ ਕੇ BSF ਨੇ ਹਾਈ ਕੋਰਟ 'ਚ ਪ੍ਰਗਟਾਈ ਚਿੰਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.