ETV Bharat / city

ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕੀਤੇ ਬਿਨ੍ਹਾਂ ਇਨਸਾਫ਼ ਦੀ ਉਮੀਦ ਨਹੀਂ: ਹਰਪਾਲ ਚੀਮਾ

author img

By

Published : Oct 9, 2021, 7:16 PM IST

'ਆਪ' ਦੇ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਘਟਨਾ ਤੋਂ 6 ਦਿਨ ਬਾਅਦ ਇੱਕ ਪਾਸੇ ਮੁਲਜ਼ਮ ਆਸ਼ੀਸ਼ ਮਿਸ਼ਰਾ ਕੋਲੋਂ ‘ਵੀ.ਆਈ.ਪੀ. ਟ੍ਰੀਟਮੈਂਟ’ ਰਾਹੀਂ ਆਤਮ ਸਮਰਪਣ ਕਰਾਏ ਜਾਣ ਦਾ ਡਰਾਮਾ ਕੀਤਾ ਜਾ ਰਿਹਾ ਹੈ, ਤਾਂ ਦੂਜੇ ਪਾਸੇ ਆਸ਼ੀਸ਼ ਮਿਸ਼ਰਾ ਦਾ ਪਿਤਾ ਅਜੈ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ’ਤੇ ਇੰਝ ਡਟਿਆ ਬੈਠਾ ਹੈ, ਜਿਵੇਂ ਕੁੱਝ ਵਾਪਰਿਆ ਹੀ ਨਹੀਂ।

ਲਖੀਮਪੁਰ ਖੀਰੀ: ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕੀਤੇ ਬਿਨ੍ਹਾਂ ਇਨਸਾਫ਼ ਦੀ ਉਮੀਦ ਨਹੀਂ: ਹਰਪਾਲ ਚੀਮਾ
ਲਖੀਮਪੁਰ ਖੀਰੀ: ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕੀਤੇ ਬਿਨ੍ਹਾਂ ਇਨਸਾਫ਼ ਦੀ ਉਮੀਦ ਨਹੀਂ: ਹਰਪਾਲ ਚੀਮਾ

ਚੰਡੀਗੜ੍ਹ: ਲਖੀਮਪੁਰ ਖੀਰੀ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਪਿਤਾ ਅਜੈ ਮਿਸ਼ਰਾ ਨੂੰ ਮੋਦੀ ਮੰਤਰੀ ਮੰਡਲ ਤੋਂ ਤੁਰੰਤ ਬਰਖ਼ਾਸਤ ਕੀਤੇ ਜਾਣ ਦੀ ਜ਼ੋਰਦਾਰ ਮੰਗ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਨੇ ਤਰਕ ਦਿੱਤਾ ਹੈ ਕਿ ਜਿੰਨਾਂ ਸਮਾਂ ਅਜੈ ਮਿਸ਼ਰਾ ਨੂੰ ਮੰਤਰੀ ਦੇ ਅਹੁਦੇ ਤੋਂ ਲਾਂਭੇ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਕਿਸੇ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਮੁੱਚੇ ਦੇਸ਼ ਦਾ ਪੁਲੀਸ ਪ੍ਰਸ਼ਾਸਨ ਸਿੱਧੇ ਅਤੇ ਅਸਿੱਧੇ ਢੰਗ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਪੂਰਨ ਪ੍ਰਭਾਵ ਹੇਠਾਂ ਰਹਿੰਦਾ ਹੈ।

'ਆਪ' ਦੇ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਘਟਨਾ ਤੋਂ 6 ਦਿਨ ਬਾਅਦ ਇੱਕ ਪਾਸੇ ਮੁਲਜ਼ਮ ਆਸ਼ੀਸ਼ ਮਿਸ਼ਰਾ ਕੋਲੋਂ ‘ਵੀ.ਆਈ.ਪੀ. ਟ੍ਰੀਟਮੈਂਟ’ ਰਾਹੀਂ ਆਤਮ ਸਮਰਪਣ ਕਰਾਏ ਜਾਣ ਦਾ ਡਰਾਮਾ ਕੀਤਾ ਜਾ ਰਿਹਾ ਹੈ, ਤਾਂ ਦੂਜੇ ਪਾਸੇ ਆਸ਼ੀਸ਼ ਮਿਸ਼ਰਾ ਦਾ ਪਿਤਾ ਅਜੈ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ’ਤੇ ਇੰਝ ਡਟਿਆ ਬੈਠਾ ਹੈ, ਜਿਵੇਂ ਕੁੱਝ ਵਾਪਰਿਆ ਹੀ ਨਹੀਂ।

ਚੀਮਾ ਨੇ ਕਿਹਾ ਕਿ ਜੇਕਰ ਮਿਸ਼ਰਾ ਪਰਿਵਾਰ ’ਚ ਰੱਤੀ ਭਰ ਵੀ ਨੈਤਿਕਤਾ ਹੁੰਦੀ ਤਾਂ ਮੁਲਜ਼ਮ ਪੁੱਤ ਵੱਲੋਂ ਤੁਰੰਤ ਆਤਮ ਸਮਰਪਣ ਅਤੇ ਮੰਤਰੀ ਪਿਤਾ ਵੱਲੋਂ ਝੱਟ ਅਸਤੀਫ਼ਾ ਦੇ ਦਿੱਤਾ ਗਿਆ ਹੁੰਦਾ। ਪ੍ਰੰਤੂ ਇਉਂ ਲੱਗਦਾ ਕਿ ਪੂਰੀ ਭਾਜਪਾ ਦੀ ਨੈਤਿਕਤਾ ਖ਼ਤਮ ਹੋ ਗਈ ਹੈ। ‘ਮਨ ਕੀ ਬਾਤ’ ਰਾਹੀਂ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਖੀਮਪੁਰ ਖੀਰੀ ਘਟਨਾ ਬਾਰੇ ਇੰਝ ਚੁੱਪ ਹਨ, ਜਿਵੇਂ ਇਸ ਘਟਨਾ ਨੂੰ ਉਸ ਦੇ ਆਪਣੇ ਮੰਤਰੀ ਦੇ ਗੁੰਡੇ ਬੇਟੇ ਨੇ ਯੂ.ਪੀ. ਵਿੱਚ ਨਹੀਂ, ਸਗੋਂ ਅਫ਼ਗਾਨਿਸਤਾਨ ਵਿੱਚ ਕਿਸੇ ਤਾਲਿਬਾਨੀ ਨੇ ਅੰਜ਼ਾਮ ਦਿੱਤਾ ਹੋਵੇ।

ਹਰਪਾਲ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਆਖ਼ਰ ਕੀ ਮਜ਼ਬੂਰੀ ਹੈ ਕਿ ਦੇਸ਼ ਦੇ ‘56 ਇੰਚ ਸੀਨੇ’ ਵਿੱਚ ਅੰਨਦਾਤਾ ਲਈ ਦਿਲ ਨਹੀਂ ਧੜਕ ਰਿਹਾ ਅਤੇ ਹਮਦਰਦੀ ਦੇ ਦੋ ਬੋਲ ਮੂੰਹੋਂ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਨੂੰ ਕਿਸਾਨਾਂ-ਮਜ਼ਦੂਰਾਂ ਸਮੇਤ ਸਭ ਦਾ ਪ੍ਰਧਾਨ ਮੰਤਰੀ ਸਮਝਦੇ ਹੁੰਦੇ ਤਾਂ ਕਾਲੇ ਕਾਨੂੰਨਾਂ ਵਿਰੁੱਧ ਮਹੀਨਿਆਂ ਤੋਂ ਸੜਕਾਂ ’ਤੇ ਬੈਠਾ ਦੇਸ਼ ਦਾ ਅੰਨਦਾਤਾ ਇੰਝ ਨਾ ਰੁਲਦਾ। ਜੇਕਰ ਪ੍ਰਧਾਨ ਮੰਤਰੀ ਕਿਸਾਨਾਂ ਬਾਰੇ ਇਸ ਕਦਰ ਨਫ਼ਰਤ ਨਾ ਪਾਲਦੇ ਤਾਂ ਕਿਸੇ ਗੁੰਡੇ ਦੀ ਹਿੰਮਤ ਨਹੀਂ ਸੀ ਪੈਣੀ ਕਿ ਉਹ ਆਪਣੀ ਵੀ.ਆਈ.ਪੀ. ਗੱਡੀ ਰਾਹੀਂ ਕਿਸਾਨਾਂ ਨੂੰ ਪਿੱਠ ਪਿੱਛੋਂ ਦਰੜ ਦਾ ਹੋਇਆ ਭੱਜ ਜਾਂਦਾ ਹੈ ਅਤੇ 6 ਦਿਨਾਂ ਬਾਅਦ ਆਪਣੀ ਮਰਜ਼ੀ ਨਾਲ ਆਤਮ ਸਮਰਪਣ ਕਰਦਾ।

ਇਹ ਵੀ ਪੜ੍ਹੋ:ਜੰਮੂ ਕਸ਼ਮੀਰ ਹਿੰਸਾ: ਘਾਟੀ 'ਚ ਬਹੁ ਗਿਣਤੀ ਅਬਾਦੀ ਕਰ ਸਕਦੀ ਹੈ ਸਾਡੀ ਸੁਰੱਖਿਆ - ਸਿੱਖ ਭਾਈਚਾਰਾ

‘ਆਪ’ ਆਗੂ ਨੇ ਕਿਹਾ ਬਿਹਤਰ ਹੁੰਦਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਰੁਤਬੇ ਨਾਲ ਇਨਸਾਫ਼ ਕਰਦੇ ਹੋਏ ਅਜੈ ਮਿਸ਼ਰਾ ਕੋਲੋਂ ਤੁਰੰਤ ਅਸਤੀਫ਼ਾ ਲੈਂਦੇ, ਨਾ ਦਿੱਤੇ ਜਾਣ ਦੀ ਸੂਰਤ ’ਚ ਉਸ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਦੇਸ਼ ਅਤੇ ਦੁਨੀਆਂ ਨੂੰ ਸਪੱਸ਼ਟ ਸੰਕੇਤ ਦਿੰਦੇ ਕਿ ਕਾਨੂੰਨ ਨੂੰ ਕੋਈ ਵੀ ਹੱਥ ’ਚ ਲੈਣ ਦੀ ਜ਼ੁਅਰਤ ਨਾ ਕਰੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਯੂ.ਪੀ. ’ਚ ਯੋਗੀ ਅਤੇ ਕੇਂਦਰ ’ਚ ਮੋਦੀ ਸਰਕਾਰ ਵੱਲੋਂ ਲਖੀਮਪੁਰ ਖੀਰੀ ਘਟਨਾ ਪ੍ਰਤੀ ਅਪਣਾਏ ਢਿੱਲੇ ਰਵੱਈਏ ਨੇ ਮਾਣਯੋਗ ਸੁਪਰੀਮ ਕੋਰਟ ਨੂੰ ਵੀ ਤਲਖ਼ ਟਿੱਪਣੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ।

ਹਰਪਾਲ ਸਿੰਘ ਚੀਮਾ ਨੇ ਯੋਗੀ ਸਰਕਾਰ ਵੱਲੋਂ ਇਲਾਹਾਬਾਦ ਹਾਈਕੋਰਟ ਦੇ ਇੱਕ ਮੈਂਬਰੀ ਸਾਬਕਾ ਜੱਜ ’ਤੇ ਅਧਾਰਿਤ ਜਾਂਚ ਕਮਿਸ਼ਨ ਨੂੰ ਅੱਖਾਂ ’ਚ ਘੱਟਾ ਪਾਊ ਧੋਖ਼ਾ ਕਰਾਰ ਦਿੰਦਿਆਂ ਕਿਹਾ ਕਿ ਜਿੰਨਾਂ ਸਮਾਂ ਮਾਣਯੋਗ ਸੁਪਰੀਮ ਕੋਰਟ ਇਸ ਘਟਨਾ ਦੀ ਜਾਂਚ ਨੂੰ ਆਪਣੀ ਨਿਗਰਾਨੀ ਥੱਲੇ ਨਹੀਂ ਕਰਦੀ, ਉਨਾਂ ਸਮਾਂ ਜਾਂਚ ਸਹੀ ਦਿਸ਼ਾ ਵੱਲ ਨਹੀਂ ਵਧ ਸਕੇਗੀ। ਇਸ ਲਈ ਜਾਂਚ ਕੁਝ ਦਿਨਾਂ ਲਈ ਸਮਾਂਬੱਧ ਅਤੇ ਸੁਪਰੀਮ ਕੋਰਟ ਦੀ ਸਿੱਧੀ ਨਿਗਰਾਨੀ ਹੇਠ ਹੋਵੇ।

ਇਹ ਵੀ ਪੜ੍ਹੋ:ਲਖੀਮਪੁਰ ਖੀਰੀ ਹਿੰਸਾ ਮਾਮਲਾ: ਪੁਲਿਸ ਦੇ ਸਾਹਮਣੇ ਪੇਸ਼ ਹੋਏ ਆਸ਼ੀਸ਼ ਮਿਸ਼ਰਾ, ਸਮਰਥਕਾਂ ਨੇ ਕੀਤਾ ਹੰਗਾਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.