ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੂਰੇ ਦੇਸ਼ ਵਿੱਚ ਐਫਸੀਆਈ ਬਚਾਓ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਕਿਸਾਨ ਦੇਸ਼ ਭਰ ਵਿੱਚ ਐਫਸੀਆਈ ਦਫਤਰਾਂ ਦਾ ਘਿਰਾਓ ਵੀ ਕਰਨਗੇ। ਸੰਯੁਕਤ ਮੋਰਚੇ ਦੇ ਸੱਦੇ ਉੱਤੇ ਚੰਡੀਗੜ੍ਹ ਵਿਖੇ ਕਿਸਾਨ ਸਮਰਥਕਾਂ ਨੇ ਐਫਸੀਆਈ ਦਫ਼ਤਰ ਦਾ ਘਿਰਾਓ ਕੀਤਾ।
ਚੰਡੀਗੜ੍ਹ ਦੇ ਐਫਸੀਆਈ ਦਫ਼ਤਰ ਦਾ ਘਿਰਾਓ ਮੌਕੇ ਕਿਸਾਨ, ਮਜ਼ਦੂਰਾਂ ਨੇ ਮੰਗ ਕੀਤੀ ਕਿ ਕਣਕ ਦੀ ਖਰੀਦ ਤੋਂ ਭੱਜਣ ਦੀ ਬਹਾਨਿਆਂ ਵਜੋਂ ਨਮੀ ਦੀ ਮਾਤਰਾ ਅਤੇ ਦਾਗੀ ਦਾਣਿਆਂ ਦੀ ਮਾਤਰਾ ਘਟਾਉਣ ਵਰਗੀਆਂ ਬੇਹੂਦਾ ਸ਼ਰਤਾਂ ਸਰਕਾਰ ਹਟਾਵੇ।
ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਈ ਚਿਰਾਂ ਤੋਂ ਕਿਸਾਨ ਧਰਨਾ ਲਾਈ ਬੈਠੇ ਹਨ। ਪਰ ਕੇਂਦਰ ਸਰਕਾਰ ਉਨ੍ਹਾਂ ਨਾਲ ਜ਼ਰਾ ਵੀ ਹਮਦਰਦੀ ਨਹੀਂ ਦਿਖਾਈ ਸਗੋਂ ਹਰ ਰੋਜ਼ ਨਵੇਂ ਕਿਸਾਨ ਵਿਰੋਧੀ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਵਿੱਖ ਵਿੱਚ ਜਿੱਥੇ ਕਿਸਾਨਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਉਥੇ ਐਫਸੀਆਈ ਨੂੰ ਵੀ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਵੀ ਸੱਦਾ ਦਿੱਤਾ ਜਾਵੇਗਾ ਉਸ ਉੱਤੇ ਅਸੀਂ ਪਹਿਰਾ ਦੇਵਾਂਗੇ ਅਤੇ ਸਰਕਾਰ ਨੂੰ ਮਜ਼ਬੂਰ ਕਰਾਂਗੇ ਕਿ ਉਹ ਤਿੰਨੇ ਖੇਤੀ ਕਾਨੂੰਨ ਰੱਦ ਕਰੇ।