13 April 1919: ਭਾਰਤੀ ਸੁਤੰਤਰਤਾ ਅੰਦੋਲਨ ਦਾ ਅਹਿਮ ਮੋੜ, ਜਲ੍ਹਿਆਂਵਾਲਾ ਬਾਗ

author img

By

Published : Apr 13, 2022, 10:09 AM IST

The Jallianwala Bagh a Turning Point Of Indian Freedom Movement

13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਖੂਨੀ ਸਾਕਾ ਵਾਪਰਿਆ ਸੀ। ਆਜ਼ਾਦੀ ਦੇ ਇਸ 75ਵੇਂ ਸਾਲ 'ਤੇ, ਆਓ ਜ਼ਰਾ ਰੁੱਕ ਕੇ ਅਸੀਂ ਉਨ੍ਹਾਂ ਨਿਰਦੋਸ਼ ਲੋਕਾਂ ਨੂੰ ਯਾਦ ਕਰੀਏ ਜਿਨ੍ਹਾਂ ਨੂੰ ਬ੍ਰਿਟਿਸ਼ ਤਾਨਾਸ਼ਾਹ ਨੇ ਮਾਰਿਆ ਸੀ।

ਹੈਦਰਾਬਾਦ ਡੈਸਕ : ਭਾਰਤੀ ਆਜ਼ਾਦੀ ਦੇ ਸੰਘਰਸ਼ ਨੂੰ ਪੂਰੇ ਤਰੀਕੇ ਨਾਲ ਸਫਲਤਾ ਵੱਲ ਲੈ ਜਾਉਣ ਲਈ ਜੇਕਰ ਕੋਈ ਇੱਕ ਪਲ ਜਾਂ ਘਟਨਾ ਹੈ ਤਾਂ ਉਹ ਹੈ 13 ਅਪ੍ਰੈਲ, 1919 ਨੂੰ ਵਾਪਰਿਆ ਜਲ੍ਹਿਆਂਵਾਲਾ ਬਾਗ ਖੂਨੀ ਸਾਕਾ। ਅੰਗਰੇਜ਼ਾਂ ਤੋਂ ਆਜ਼ਾਦੀ ਲਈ ਅਹਿੰਸਕ ਸੰਘਰਸ਼ ਦੀ ਇਸ ਇੱਕ ਘਟਨਾ ਵਿੱਚ ਬਹੁਤ ਸਾਰਾ ਖੂਨ ਵਹਾਇਆ ਗਿਆ ਤੇ ਖੂਨ ਨਾਲ ਭਿੱਜਿਆ ਫਰਸ਼ ਅਤੇ ਗੋਲੀਆਂ ਨਾਲ ਭਰੀਆਂ ਕੰਧਾਂ ਨੇ ਅੰਦੋਲਨ ਦੀ ਅਗਵਾਈ ਕਰ ਰਹੇ ਨੇਤਾਵਾਂ ਦੇ ਜ਼ਮੀਰ ਨੂੰ ਹਿਲਾ ਦਿੱਤਾ। ਆਜ਼ਾਦੀ ਦੇ ਇਸ 75ਵੇਂ ਸਾਲ 'ਤੇ, ਆਓ ਜ਼ਰਾ ਰੁੱਕ ਕੇ ਅਸੀਂ ਉਨ੍ਹਾਂ ਨਿਰਦੋਸ਼ ਲੋਕਾਂ ਨੂੰ ਯਾਦ ਕਰੀਏ ਜਿਨ੍ਹਾਂ ਨੂੰ ਬ੍ਰਿਟਿਸ਼ ਤਾਨਾਸ਼ਾਹ ਨੇ ਮਾਰਿਆ ਸੀ।

ਕਤਲੇਆਮ ਤੋਂ ਪਹਿਲਾਂ, ਬ੍ਰਿਟਿਸ਼ ਭਾਰਤ ਦੀ ਉੱਤਰ-ਪੱਛਮੀ ਸਰਹੱਦ ਵਿੱਚ ਬਹੁਤ ਕੁਝ ਵਾਪਰ ਰਿਹਾ ਸੀ। 1913 'ਚ ਹੋਏ ਗਦਰ ਅੰਦੋਲਨ ਤੇ 1914 'ਚ ਵਾਪਰੀ ਕਾਮਾਗਾਟਾਮਾਰੂ ਦੀ ਘਟਨਾ ਨੇ ਪੰਜਾਬ ਦੇ ਲੋਕਾਂ 'ਚ ਕ੍ਰਾਂਤੀ ਦੀ ਲਹਿਰ ਪੈਦਾ ਕਰ ਦਿੱਤੀ ਸੀ। 1914 'ਚ ਸ਼ੁਰੂ ਹੋਏ ਪਹਿਲੇ ਵਿਸ਼ਵ ਯੁੱਧ ਵਿੱਚ ਅੰਗਰੇਜਾਂ ਦੀ ਫੌਜ 'ਚ 1 ਲੱਖ 95 ਹਜ਼ਾਰ ਭਾਰਤੀ ਫੌਜੀਆਂ ਵਿਚੋਂ 1 ਲੱਖ 10 ਹਜ਼ਾਰ ਸਿਰਫ ਪੰਜਾਬ ਤੋਂ ਸੀ।

ਇਨ੍ਹਾਂ ਭਾਰਤੀ ਫੌਜੀਆਂ 'ਚ ਰਾਸ਼ਟਰਵਾਦ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋ ਰਹੀ ਸੀ। ਇਹ ਦੁਨੀਆ ਦੇਖ ਚੁੱਕੇ ਸੀ। ਉਨ੍ਹਾਂ ਨੂੰ ਪਤਾ ਸੀ ਕਿ ਮੁਲਕ ਕੀ ਹੁੰਦਾ ਹੈ। ਅੰਗਰੇਜ਼ਾਂ ਨੂੰ ਡਰ ਸੀ ਕਿ ਜੇਕਰ ਇਨ੍ਹਾਂ ਫੌਜੀਆਂ ਨੇ ਬਗਾਵਤ ਕਰ ਦਿੱਤੀ ਤਾਂ ਸਾਂਭਣਾ ਔਖਾ ਹੋ ਜਾਵੇਗਾ। ਸਰਕਾਰ ਕੋਲ ਇਨ੍ਹਾਂ ਨੂੰ ਰੋਕਣ ਲਈ ਕੋਈ ਸਖ਼ਤ ਕਾਨੂੰਨ ਨਹੀਂ ਸੀ। ਪੰਜਾਬ ਵਿਚ ਬਦਲ ਰਹੇ ਮਾਹੌਲ ਦੇ ਮੱਦੇਨਜ਼ਰ ਅੰਗਰੇਜ਼ ਨਵੇਂ ਕਾਨੂੰਨ ਬਾਰੇ ਸੋਚ ਰਹੇ ਸਨ। ਇਹ ਨਵਾਂ ਕਾਨੂੰਨ ਰੋਲਟ ਐਕਟ ਦੇ ਰੂਪ ਵਿਚ ਸਾਹਮਣੇ ਆਉਣ ਵਾਲਾ ਸੀ।

ਜਦੋਂ ਅੰਗਰੇਜ਼ ਇਸ ਬਾਰੇ ਗੱਲ ਕਰਨ ਲੱਗੇ ਤਾਂ ਵਿਰੋਧ ਵੀ ਸ਼ੁਰੂ ਹੋ ਗਿਆ। ਕਾਨੂੰਨ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਹੋਏ। ਸਥਾਨਕ ਪ੍ਰੈਸ ਨੇ ਇਸ ਬਾਰੇ ਵਿਸਥਾਰ ਨਾਲ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਖ਼ਤ ਕਾਨੂੰਨ ਦੇ ਵਿਰੁੱਧ ਵਿਰੋਧ ਵਿਆਪਕ ਰੂਪ ਤੋਂ ਭੜਕ ਉੱਠਿਆ। ਪੰਜਾਬ ਦੇ ਕਈ ਹਿੱਸਿਆਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ। ਅੰਮ੍ਰਿਤਸਰ ਵਿੱਚ ਵੀ ਮਿੱਥੇ ਹੋਏ ਵਿਰੋਧ ਪ੍ਰਦਰਸ਼ਨ ਚੱਲ ਰਹੇ ਸਨ। ਸਾਰੇ ਵਿਰੋਧਾਂ ਦੇ ਬਾਵਜੂਦ, ਰੋਲੇਟ ਐਕਟ 18 ਮਾਰਚ, 1919 ਨੂੰ ਪਾਸ ਕਰ ਦਿੱਤਾ ਗਿਆ।

ਪ੍ਰੋਫੈਸਰ ਪ੍ਰਸ਼ਾਂਤ ਗੌਰਵ ਨੇ ਕਿਹਾ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਦੋ ਨੇਤਾ ਡਾ. ਸੱਤਿਆਪਾਲ ਮਲਿਕ ਅਤੇ ਦੂਜੇ ਡਾ. ਸੈਫੂਦੀਨ ਕਿਚਲੂ ਪ੍ਰਮੁੱਖ ਸਨ। ਮਹਾਤਮਾ ਗਾਂਧੀ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਹ ਅਸਲ ਵਿੱਚ 2 ਅਪ੍ਰੈਲ, 1919 ਨੂੰ ਪੰਜਾਬ ਆਉਣ ਲਈ ਚੱਲ ਚੁੱਕੇ ਸਨ ਪਰ ਪਲਵਲ ਵਿਖੇ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ। ਵਿਗੜਦੇ ਹਾਲਾਤ ਨੂੰ ਵੇਖਦਿਆਂ, ਅੰਗਰੇਜਾਂ ਨੇ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਘੇਰਣ ਦਾ ਫੈਸਲਾ ਕੀਤਾ। ਅੰਮ੍ਰਿਤਸਰ ਦੇ ਜ਼ਿਲ੍ਹਾ ਕਮਿਸ਼ਨਰ, ਮਾਈਲਸ ਇਰਵਿੰਗ ਨੇ 10 ਅਪ੍ਰੈਲ, 1919 ਨੂੰ ਡਾ. ਸੱਤਿਆਪਾਲ ਮਲਿਕ ਅਤੇ ਡਾ. ਸੈਫੂਦੀਨ ਕਿਚਲੂ ਨੂੰ ਆਪਣੇ ਦਫਤਰ ਬੁਲਾਇਆ ਤੇ ਧੋਖੇ ਨਾਲ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਦੂਰ ਲਿਜਾਇਆ ਗਿਆ ਅਤੇ ਧਰਮਸ਼ਾਲਾ ਵਿਖੇ ਨਜ਼ਰਬੰਦ ਕਰ ਦਿੱਤਾ ਗਿਆ।

2 ਵੱਡੇ ਆਗੂਆਂ ਦੀ ਗ੍ਰਿਫਤਾਰੀ ਮਗਰੋਂ ਅੰਮ੍ਰਿਤਸਰ 'ਚ ਤਣਾਅ ਵੱਧ ਗਿਆ। ਕਟਰਾ ਜੈਮਲ ਸਿੰਘ, ਹਾਲ ਬਜਾਰ ਤੇ ਉਚਾ ਪੁਲ ਇਲਾਕੇ 'ਚ 20,000 ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ। ਹਿੰਸਾ ਦੀਆਂ 1-2 ਘਟਨਾਵਾਂ ਮਗਰੋਂ ਪੰਜਾਬ ਦੇ ਗਵਰਨਰ ਜਨਰਲ ਓ ਡਵਾਇਰ ਨੇ ਸਥਿਤੀ ਸਾਂਭਣ ਲਈ ਜਲੰਧਰ ਕੈਂਟ ਤੋਂ ਫੌਜ ਅਧਿਕਾਰੀ ਜਨਰਲ ਆਰ ਡਾਇਰ ਨੂੰ ਸੱਦਿਆ। ਪ੍ਰੋਫੈਸਰ ਪ੍ਰਸ਼ਾਂਤ ਗੌਰਵ ਮੁਤਾਬਕ ਡਾਇਰ ਦਾ ਭਾਰਤੀਆਂ ਬਾਰੇ ਸਖ਼ਤ ਵਿਚਾਰ ਸੀ।

ਜਲ੍ਹਿਆਂਵਾਲਾ ਬਾਗ ਸਾਕੇ ਤੋਂ ਇੱਕ ਰੋਜ ਪਹਿਲਾਂ ਜਨਰਲ ਆਰ. ਡਾਇਰ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਅੰਮ੍ਰਿਤਸਰ 'ਚ ਘੁੰਮਿਆ ਤੇ ਕਰਫਿਉ ਦਾ ਐਲਾਨ ਕਰ ਦਿੱਤਾ। ਅਫ਼ਸੋਸ ਦੀ ਗੱਲ ਹੈ ਕਿ ਜ਼ਿਆਦਾਤਰ ਸਥਾਨਕ ਵਸਨੀਕਾਂ ਨੂੰ ਕਰਫਿਉ ਬਾਰੇ ਪਤਾ ਹੀ ਨਹੀਂ ਲੱਗਿਆ। ਕਰਫਿਉ ਤੋਂ ਅਣਜਾਣ ਲੋਕ ਜਲ੍ਹਿਆਂਵਾਲਾ ਬਾਗ ਵਿਖੇ ਮੀਟਿੰਗ ਲਈ ਇਕੱਠੇ ਹੋਏ। ਇਸ ਤੋਂ ਇਲਾਵਾ ਵਿਸਾਖੀ ਦੇ ਦਿਨ ਦੂਰੋਂ ਸੰਗਤਾਂ ਮੱਥਾ ਟੇਕਣ ਲਈ ਸ੍ਰੀ ਹਰਿਮੰਦਰ ਸਾਹਿਬ ਪਹੁੰਚੀਆਂ ਸਨ। ਗੋਬਿੰਦਗੜ੍ਹ ਪਸ਼ੂ ਮੇਲੇ ਵਿੱਚ ਹਿੱਸਾ ਲੈਣ ਲਈ ਆਉਣ ਵਾਲੇ ਵਪਾਰੀ ਵੀ ਉੱਥੇ ਮੌਜੂਦ ਸਨ।

ਜਦੋਂ ਜਲ੍ਹਿਆਂਵਾਲਾ ਬਾਗ ਵਿੱਚ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਅਤੇ ਮਾਈਕ੍ਰੋਫ਼ੋਨ ਲਗਾਏ ਗਏ ਸਨ, ਤਾਂ ਇਨ੍ਹਾਂ ਅਣਜਾਣ ਜਨਤਾ ਸਮਝ ਰਹੀ ਸੀ ਕਿ ਇਥੇ ਕੋਈ ਸਮਾਗਮ ਹੋਣ ਵਾਲਾ ਹੈ। 4-4:30 ਵਜੇ ਸ਼ੁਰੂ ਹੋਣ ਵਾਲੀ ਸਭਾ ਲੋਕਾਂ ਦੇ ਹਜੂਮ ਨੂੰ ਵੇਖਦੇ ਹੋਏ 3 ਵਜੇ ਹੀ ਸ਼ੁਰੂ ਕਰ ਦਿੱਤੀ ਗਈ। ਖੁਸ਼ਹਾਲ ਸਿੰਘ, ਮੁਹੰਮਦ ਪਹਿਲਵਾਨ ਤੇ ਮੀਰ ਰਿਆਜ਼ਉਲ ਹਸਨ ਨੇ ਜਾਸੂਸੀ ਕਰਕੇ ਪਲ-ਪਲ ਦੀ ਜਾਣਕਾਰੀ ਜਨਰਲ ਡਾਇਰ ਨੂੰ ਪੰਹੁਚਾਈ।

5-5:15 ਵਜੇ ਜਨਰਲ ਆਰ ਡਾਇਰ 25 ਫੌਜੀਆਂ ਦੀਆਂ 4 ਟੁਕੜਿਆਂ ਦੇ ਨਾਲ ਜਲਿਆਂਵਾਲਾ ਬਾਗ ਪੰਹੁਚ ਗਿਆ। ਗੋਰਖਾ ਰੈਜੀਮੈਂਟ ਤੇ ਅਫਗਾਨ ਰੈਜੀਮੈਂਟ ਦੇ 50 ਫੌਜੀਆਂ ਨਾਲ ਜਨਰਲ ਡਾਇਰ ਬਾਗ ਅੰਦਰ ਦਾਖਲ ਹੋਇਆ ਤੇ ਜਾਂਦੇ ਹੀ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ। ਪ੍ਰੋਫੈਸਰ ਪ੍ਰਸ਼ਾਂਤ ਗੌਰਵ ਨੇ ਦੱਸਿਆ ਕਿ ਗੋਲੀਬਾਰੀ ਸ਼ਾਮ 5.30 ਵਜੇ ਸ਼ੁਰੂ ਹੋਈ। ਕੋਈ ਚੇਤਾਵਨੀ ਗੋਲੀ ਨਹੀਂ ਚਲਾਈ ਗਈ ਜਾਂ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਲੋਕਾਂ ਨੂੰ ਸਿੱਧੇ ਗੋਲੀ ਮਾਰੀ ਗਈ ਅਤੇ .303 ਕੈਲੀਬਰ ਦੇ 1650 ਰਾਉਂਡ ਫਾਇਰ ਕੀਤੇ ਗਏ ਅਤੇ ਲੋਕ ਹੇਠਾਂ ਡਿੱਗਣ ਲੱਗੇ।

ਜਦੋਂ ਲੋਕਾਂ ਨੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਵੇਖਿਆ, ਜਿਵੇਂ ਹੀ ਲੋਕਾਂ ਨੇ ਗੋਲੀਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਭਾਜੜ ਮਚ ਗਈ। ਜ਼ਮੀਨ ਦੇ ਅੰਦਰ ਦਾ ਖੂਹ ਲਾਸ਼ਾਂ ਨਾਲ ਭਰ ਗਿਆ। ਸ਼ੁਰੂ ਵਿੱਚ, ਓ 'ਡਵਾਇਰ ਨੇ ਦੱਸਿਆ ਕਿ ਮੌਕੋ 'ਤੇ ਮੌਜੂਦ 5000 ਲੋਕਾਂ ਵਿੱਚੋਂ 200 ਮਾਰੇ ਗਏ ਸਨ। ਪੰਜਾਬ ਦੇ ਮੁੱਖ ਸਕੱਤਰ ਜੇ ਪੀ ਥਾਮਸਨ ਲਿਖਦੇ ਹਨ ਕਿ 291 ਲੋਕ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ 211 ਅੰਮ੍ਰਿਤਸਰ ਸ਼ਹਿਰ ਦੇ ਸਨ। ਹੰਟਰ ਕਮੇਟੀ ਨੇ ਕਿਹਾ ਕਿ 379 ਲੋਕ ਮਾਰੇ ਗਏ ਸਨ। ਗੌਰਵ ਨੇ ਤਰਕ ਦਿੱਤਾ ਕਿ ਇਹ ਬਹੁਤ ਅਜੀਬ ਹੈ ਅਤੇ ਸਮਝਣ ਦੀ ਜ਼ਰੂਰਤ ਹੈ ਕਿ ਹੰਟਰ ਕਮੇਟੀ ਕਹਿੰਦੀ ਹੈ ਕਿ 275 ਲੋਕਾਂ ਦੀ ਗੋਲੀਆਂ ਨਾਲ ਮੌਤ ਹੋਈ, 104 ਲਾਸ਼ਾਂ ਖੂਹ ਤੋਂ ਬਰਾਮਦ ਹੋਈਆਂ।

ਮਦਨ ਮੋਹਨ ਮਾਲਵੀਆ ਜਾਂਚ ਕਮੇਟੀ ਦੇ ਮੁਖੀ ਸਨ ਅਤੇ ਉਨ੍ਹਾਂ ਨੇ ਕਿਹਾ ਕਿ 1000 ਲੋਕ ਮਾਰੇ ਗਏ। ਕਾਂਗਰਸ ਜਾਂਚ ਕਮੇਟੀ ਨੇ ਕਿਹਾ ਕਿ 1200 ਲੋਕ ਮਾਰੇ ਗਏ ਅਤੇ 2600 ਜ਼ਖਮੀ ਹੋਏ। ਸਵਾਮੀ ਸ਼ਰਧਾਨੰਦ ਵੀ ਉਥੇ ਗਏ ਅਤੇ ਉਨ੍ਹਾਂ ਨੇ ਕਿਹਾ ਕਿ 1500 ਲੋਕਾਂ ਦੀ ਮੌਤ ਹੋਈ ਹੈ।

ਗੌਰਵ ਨੇ ਕਿਹਾ, "ਇਸ ਲਈ ਕੁੱਲ ਮਿਲਾ ਕੇ, ਡਾਟਾ 1000-1500 ਦੇ ਵਿਚਕਾਰ ਹੈ। ਇਹ ਅੰਗਰੇਜਾਂ ਦਾ ਹੀ ਰਿਕਾਰਡ ਹੈ ਜੋ ਲਗਾਤਾਰ ਵਧਦਾ ਜਾ ਰਿਹਾ ਹੈ ਪਰ 379 ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ। ਸਮੁੱਚੇ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਕਿੰਨੇ ਲੋਕ ਮਾਰੇ ਗਏ, ਇਹ ਸਪੱਸ਼ਟ ਨਹੀਂ ਹੈ ਪਰ ਇੱਕ ਗੱਲ ਹੈ ਯਕੀਨਨ ਹੈ ਕਿ ਹਜ਼ਾਰਾਂ ਲੋਕ ਮਾਰੇ ਗਏ।”

ਭਾਰਤੀਆਂ ਦੇ ਗੁੱਸੇ ਤੋਂ ਬਾਅਦ, ਗੋਰੀ ਸਰਕਾਰ ਨੂੰ ਜਨਰਲ ਡਾਇਰ ਨੂੰ ਮੁਅੱਤਲ ਕਰਨਾ ਪਿਆ, ਜੋ ਚੁੱਪਚਾਪ ਬ੍ਰਿਟੇਨ ਵਾਪਸ ਪਰਤ ਗਿਆ। ਸ਼ਹੀਦ ਉਧਮ ਸਿੰਘ ਨੇ 13 ਮਾਰਚ, 1940 ਨੂੰ ਲੰਡਨ ਵਿੱਚ ਮਾਈਕਲ ਓ ਡਵਾਇਰ ਨੂੰ ਗੋਲੀ ਮਾਰ ਕੇ ਕਤਲੇਆਮ ਦਾ ਬਦਲਾ ਲਿਆ। 1961 ਵਿੱਚ, ਭਾਰਤ ਸਰਕਾਰ ਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਯਾਦਗਾਰ ਬਣਾਈ, ਜਿਸ ਦਾ ਉਦਘਾਟਨ ਅਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਪ੍ਰਸਾਦ ਨੇ ਕੀਤਾ।

ਇਹ ਵੀ ਪੜ੍ਹੋ: ਵਿਸਾਖੀ ਦੀ ਖੁਸ਼ੀ: ਕਣਕ ਦੀ ਵਾਢੀ ਤੋਂ ਪਹਿਲਾਂ ਭੰਗੜਾ ਤੇ ਗਿੱਧਾ ਪਾ ਕੇ ਮਨਾਇਆ ਜਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.