ETV Bharat / bharat

Brother-Sister Meets After 76 years: ਭਾਰਤ-ਪਾਕਿ ਦੀ ਵੰਡ ਸਮੇਂ ਵਿਛੜਿਆ ਪਰਿਵਾਰ, ਸ੍ਰੀ ਕਰਤਾਰਪੁਰ ਸਾਹਿਬ 'ਚ 76 ਸਾਲਾਂ ਬਾਅਦ ਮਿਲੇ ਭੈਣ-ਭਰਾ

author img

By

Published : Aug 7, 2023, 3:31 PM IST

ਭਾਰਤ-ਪਾਕਿਸਤਾਨ ਦੀ ਵੰਡ ਵੇਲ੍ਹੇ ਕਈ ਪਰਿਵਾਰ ਵਿਛੜੇ, ਜੋ ਹੁਣ ਤੱਕ ਇਸ ਵਿਛੋੜੇ ਦਾ ਦੁੱਖ-ਸੰਤਾਪ ਝਲ ਰਹੇ ਹਨ। ਪਰ, ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਇੱਕ ਜ਼ਰੀਆ ਬਣ ਰਿਹਾ ਹੈ, ਜਿਸ ਨੇ ਕਈ ਵਿਛੜੇ ਪਰਿਵਾਰ ਮਿਲਾਏ ਹਨ। ਇਸ ਲੜੀ ਵਿੱਚ, ਪਾਕਿਸਤਾਨ ਦੇ ਸ਼ੇਖਪੁਰਾ ਦੀ ਰਹਿਣ ਵਾਲੀ 68 ਸਾਲਾ ਸਕੀਨਾ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ 80 ਸਾਲਾ ਭਰਾ ਗੁਰਮੇਲ ਸਿੰਘ ਨੂੰ ਮਿਲੀ ਹੈ।

Brother-Sister Meets After 76 years
Brother-Sister Meets After 76 years

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਦੀ ਵੰਡ ਦੇ ਦਰਦ ਦੀ ਇੱਕ ਹੋਰ ਕਹਾਣੀ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਦੇਖਣ ਨੂੰ ਮਿਲੀ ਹੈ। ਪਾਕਿਸਤਾਨ ਦੇ ਸ਼ੇਖਪੁਰਾ ਦੀ ਰਹਿਣ ਵਾਲੀ 68 ਸਾਲਾ ਸਕੀਨਾ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ 80 ਸਾਲਾ ਭਰਾ ਗੁਰਮੇਲ ਸਿੰਘ ਨੂੰ ਮਿਲੀ ਹੈ। ਆਪਣੇ ਜਨਮ ਤੋਂ ਲੈ ਕੇ, ਉਨ੍ਹਾਂ ਨੇ ਆਪਣੇ ਭਰਾ ਨੂੰ ਸਿਰਫ਼ ਤਸਵੀਰਾਂ ਵਿੱਚ ਦੇਖਿਆ ਸੀ। 1947 ਦੀ ਵੰਡ ਸਮੇਂ ਬਹੁਤ ਸਾਰੇ ਪਰਿਵਾਰ ਇੱਕ ਦੁਜੇ ਤੋਂ ਵਿਛੜ ਗਏ। ਕਈ ਤਾਂ, ਪੂਰੀ ਉਮਰ ਆਪਸ ਵਿੱਚ ਮਿਲ ਨਹੀਂ ਸਕੇ ਤੇ ਕਈ ਸਮੇਂ ਦੇ ਵੱਡੇ ਵਖਰੇਵੇਂ ਬਾਅਦ ਮਿਲ ਗਏ।

ਇੰਝ ਪਿਆ ਵਿਛੋੜਾ : 1947 ਦੀ ਵੰਡ ਸਮੇਂ ਸਕੀਨਾ ਦਾ ਪਰਿਵਾਰ ਜੱਸੋਵਾਲ, ਲੁਧਿਆਣਾ ਵਿੱਚ ਰਹਿੰਦਾ ਸੀ। ਵੰਡ ਵੇਲ੍ਹੇ ਸਕੀਨਾ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ। ਸਕੀਨਾ ਕਹਿੰਦੀ ਹੈ- ਪਰਿਵਾਰ ਪਾਕਿਸਤਾਨ ਆ ਗਿਆ, ਪਰ ਮਾਂ ਭਾਰਤ ‘ਚ ਹੀ ਰਹੀ। ਆਜ਼ਾਦੀ ਦੇ ਸਮੇਂ ਦੋਹਾਂ ਦੇਸ਼ਾਂ ਵਿਚਾਲੇ ਇਹ ਸਮਝੌਤਾ ਹੋਇਆ ਸੀ ਕਿ ਲਾਪਤਾ ਹੋਏ ਲੋਕਾਂ ਨੂੰ ਇਕ ਦੂਜੇ ਨੂੰ ਵਾਪਸ ਕੀਤਾ ਜਾਵੇਗਾ ਜਿਸ ਤੋਂ ਬਾਅਦ ਪਿਤਾ ਨੇ ਪਾਕਿਸਤਾਨ ਸਰਕਾਰ ਤੋਂ ਮਦਦ ਮੰਗੀ ਤੇ ਹੁਣ ਦੋਵੇਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲੇ ਹਨ।

Brother-Sister Meets After 76 years
ਪਾਕਿਸਤਾਨ ਰਹਿੰਦੀ ਸਕੀਨਾ ਨੇ ਬਿਆਂ ਕੀਤਾ ਦਰਦ

ਪਾਕਿਸਤਾਨੀ ਫੌਜ ਦੇ ਜਵਾਨ ਉਸ ਦੀ ਮਾਂ ਨੂੰ ਲੈਣ ਲੁਧਿਆਣਾ (Ludhiana) ਦੇ ਪਿੰਡ ਜੱਸੋਵਾਲ ਪਹੁੰਚੇ। ਜਦੋਂ ਫੌਜ ਮਾਂ ਨੂੰ ਲੈਣ ਪਹੁੰਚੀ ਤਾਂ 5 ਸਾਲਾ ਭਰਾ ਘਰ ਨਹੀਂ ਸੀ। ਮਾਂ ਨੇ ਭਰਾ ਨੂੰ ਬੁਲਾਇਆ, ਪਰ ਉਹ ਆਲੇ-ਦੁਆਲੇ ਵੀ ਨਹੀਂ ਸੀ। ਪਾਕਿ ਫੌਜ ਨੇ ਕਿਹਾ ਕਿ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਭਰਾ ਭਾਰਤ ਵਿੱਚ ਹੀ ਰਿਹਾ। ਸਕੀਨਾ ਨੇ ਦੱਸਿਆ ਕਿ ਉਸ ਦਾ ਜਨਮ ਆਜ਼ਾਦੀ ਤੋਂ ਬਾਅਦ 1955 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ।

ਚਿੱਠੀਆਂ ਵੀ ਆਉਣੀਆਂ ਬੰਦ ਹੋ ਗਈਆਂ : ਸਕੀਨਾ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਦੇ ਭਰਾ ਨੇ ਪਰਿਵਾਰ ਨੂੰ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹ ਢਾਈ ਸਾਲ ਦੀ ਸੀ, ਤਾਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ। ਹੌਲੀ-ਹੌਲੀ ਭਰਾ ਦੀਆਂ ਚਿੱਠੀਆਂ ਵੀ ਆਉਣੀਆਂ ਬੰਦ ਹੋ ਗਈਆਂ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਪਿਤਾ ਨੇ ਦੱਸਿਆ ਕਿ ਉਸ ਦਾ ਇੱਕ ਭਰਾ ਵੀ ਹੈ। ਉਸ ਨੂੰ ਆਪਣੀ ਤਸਵੀਰ ਦਿਖਾਈ। ਉਸ ਕੋਲ ਇੱਕ ਭਰਾ ਦੀ ਇਹ ਨਿਸ਼ਾਨੀ ਸੀ। ਸਕੀਨਾ ਨੇ ਦੱਸਿਆ ਕਿ ਪਿਤਾ ਅਕਸਰ ਦੱਸਦੇ ਸੀ ਕਿ ਭਰਾ ਲੁਧਿਆਣੇ ਰਹਿੰਦਾ ਹੈ। ਭੈਣ ਨੇ ਆਪਣੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਸਕੀਨਾ ਨੇ ਦੱਸਿਆ ਕਿ ਉਸ ਨੇ ਵੱਡੇ ਹੋ ਕੇ ਆਪਣੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੀ, ਕਿਉਂਕਿ ਉਸ ਕੋਲ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹੀ ਇੱਕ ਰਿਸ਼ਤਾ ਰਹਿ ਗਿਆ ਸੀ। ਉਸ ਦੀ ਨਾ ਕੋਈ ਮਾਸੀ ਸੀ ਅਤੇ ਨਾ ਹੀ ਕੋਈ ਚਾਚਾ। ਉਸ ਦਾ ਮਕਸਦ ਸਿਰਫ ਆਪਣੇ ਭਰਾ ਨੂੰ ਲੱਭਣਾ ਸੀ।

ਜਵਾਈ ਦੇ ਯਤਨਾਂ ਸਦਕਾ ਹੋਈ ਮੁਲਾਕਾਤ: ਜਦੋਂ ਸਕੀਨਾ ਦੀ ਧੀ ਦੇ ਪਤੀ (ਜਵਾਈ) ਨੂੰ ਇਸ ਕਹਾਣੀ ਦਾ ਪਤਾ ਲੱਗਾ ਤਾਂ ਉਸ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੇ ਯੂਟਿਊਬ ਚੈਨਲ ਨੇ ਸਕੀਨਾ ਕੋਲ ਰੱਖੇ ਕੁਝ ਪੱਤਰਾਂ ਦੀ ਮਦਦ ਨਾਲ ਪੰਜਾਬ, ਭਾਰਤ ਵਿੱਚ ਸੰਪਰਕ ਟਰੇਸਿੰਗ ਸ਼ੁਰੂ ਕੀਤੀ। ਪਿਛਲੇ ਸਾਲ ਦੇ ਅੰਤ ‘ਚ ਸਕੀਨਾ ਨੇ ਪਹਿਲੀ ਵਾਰ ਆਪਣੇ ਭਰਾ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਸੀ।

ਸ੍ਰੀ ਕਰਤਾਰਪੁਰ ਵਿਖੇ ਮਿਲਣ ਦੀ ਯੋਜਨਾ ਬਣਾਈ: ਇਸ ਤੋਂ ਬਾਅਦ ਸਕੀਨਾ ਅਤੇ ਉਸ ਦੇ ਭਰਾ ਗੁਰਮੇਲ ਦੇ ਪਰਿਵਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਣ ਦੀ ਯੋਜਨਾ ਬਣਾਈ। ਗੁਰਮੇਲ ਆਪਣੀ ਭੈਣ ਨੂੰ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਿਆ ਸੀ। ਦੋਵੇਂ ਜੱਫੀ ਪਾ ਕੇ ਬਹੁਤ ਰੋਏ। ਦੋਵੇਂ ਇੱਕ ਦੂਜੇ ਦੀਆਂ ਅੱਖਾਂ ਪੂੰਝ ਰਹੇ ਸਨ। ਉਨ੍ਹਾਂ ਨੂੰ ਹੁਣ ਉਮੀਦ ਹੈ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਵੀਜ਼ਾ ਦੇਣ, ਤਾਂ ਜੋ ਦੋਵੇਂ ਭੈਣ-ਭਰਾ ਆਪਣੀ ਜ਼ਿੰਦਗੀ ਦੇ ਕੁਝ ਦਿਨ ਇਕ-ਦੂਜੇ ਨਾਲ ਬਿਤਾ ਸਕਣ।

ਗੁਰਮੇਲ ਸਿੰਘ ਦੀ ਉਮਰ 80 ਸਾਲ : ਸਕੀਨਾ ਦਾ ਭਰਾ ਗੁਰਮੇਲ ਸਿੰਘ ਗਰੇਵਾਲ ਲੁਧਿਆਣਾ ਦੇ ਪਿੰਡ ਜੱਸੋਵਾਲ ਵਿੱਚ ਰਹਿੰਦਾ ਹੈ। ਉਸ ਦੀ ਪਤਨੀ ਤੇ ਇੱਕ ਧੀ ਹੈ। ਹੁਣ ਉਹ 80 ਸਾਲਾ ਦਾ ਹੈ। ਪਿਛਲੇ ਸਾਲ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਇਕ ਭੈਣ ਵੀ ਹੈ, ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸ਼ੁਕਰ ਹੈ, ਇਸ ਦੁਨੀਆ ਵਿੱਚ ਉਨ੍ਹਾਂ ਦਾ ਕੋਈ ਨਾ ਕੋਈ ਹੈ। ਅਗਸਤ 2022 ਵਿੱਚ ਗੁਰਮੇਲ ਸਿੰਘ ਨੇ ਆਪਣਾ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਅਤੇ ਆਪਣੀ ਭੈਣ ਨੂੰ ਮਿਲਣ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ। ਗੁਰਮੇਲ ਨੇ 76 ਸਾਲਾ ਬਾਅਦ ਕਿਸੇ ਅਪਣੇ ਨੂੰ ਗਲੇ ਲਗਾਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.