ETV Bharat / bharat

ਲਖੀਮਪੁਰ ਹਿੰਸਾ: ਅੱਜ ਦੇਸ਼ ਭਰ 'ਚ BKU ਦਾ ਰੋਸ ਪ੍ਰਦਰਸ਼ਨ,ਨੇਤਾਵਾਂ ਦੀ ਮੋਰਚੇਬੰਦੀ, ਲੱਗਾ ਕਰਫਿਊ

author img

By

Published : Oct 4, 2021, 6:47 AM IST

Updated : Oct 4, 2021, 7:16 AM IST

ਭਾਰਤੀ ਕਿਸਾਨ ਯੂਨੀਅਨ (BKU) ਨੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਬਾਰੇ ਵਿਚਾਰ ਵਟਾਂਦਰੇ ਲਈ ਤੁਰੰਤ ਪੰਚਾਇਤ ਸੱਦੀ ਅਤੇ ਸੋਮਵਾਰ ਨੂੰ ਦੇਸ਼ ਭਰ ਦੇ ਹਰ ਜ਼ਿਲ੍ਹੇ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਹ ਵਿਰੋਧ ਲਖੀਮਪੁਰ ਹਿੰਸਕ ਘਟਨਾ ਦੇ ਮੱਦੇਨਜ਼ਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਈ ਵਿਰੋਧੀ ਨੇਤਾਵਾਂ ਦੇ ਲਖੀਮਪੁਰ ਪਹੁੰਚਣ ਦੀ ਵੀ ਉਮੀਦ ਹੈ।ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੇ ਮੱਦੇਨਜ਼ਰ ਸੂਬਾ ਪ੍ਰਸ਼ਾਸਨ ਨੇ ਉੱਥੇ ਕਰਫਿਊ ਲਾਗੂ ਕਰ ਦਿੱਤਾ ਹੈ।

ਲਖੀਮਪੁਰ ਹਿੰਸਾ
ਲਖੀਮਪੁਰ ਹਿੰਸਾ

ਲਖਨਊ/ਮੁਜ਼ੱਫਰਨਗਰ: ਲਖੀਮਪੁਰ ਖੀਰੀ ਦੀ ਹਿੰਸਕ ਘਟਨਾ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (BKU)ਨੇ ਤੁਰੰਤ ਪੰਚਾਇਤ ਸੱਦੀ ਅਤੇ ਸੋਮਵਾਰ ਨੂੰ ਦੇਸ਼ ਭਰ ਦੇ ਹਰ ਜ਼ਿਲ੍ਹੇ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਬੀਕੇਯੂ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਫੋਨ 'ਤੇ ਦੱਸਿਆ ਕਿ ਇਹ ਫੈਸਲਾ ਬੀਕੇਯੂ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਦੀ ਪ੍ਰਧਾਨਗੀ ਹੇਠ ਸਿਸੌਲੀ ਪਿੰਡ ਵਿੱਚ ਹੋਈ ਪੰਚਾਇਤ ਵਿੱਚ ਲਿਆ ਗਿਆ।

ਮਲਿਕ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਕਿਸਾਨ ਸਮੂਹ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਦਫਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ। ਪੰਚਾਇਤ ਦੇ ਦੌਰਾਨ, ਬੀਕੇਯੂ ਨੇ ਸੰਯੁਕਤ ਕਿਸਾਨ ਮੋਰਚਾ (skm) ਵੱਲੋਂ ਲਏ ਗਏ ਫੈਸਲੇ 'ਤੇ ਕਾਇਮ ਰਹਿਣ ਦਾ ਵੀ ਸੰਕਲਪ ਲਿਆ, ਜੋ ਕਿ ਨਵੰਬਰ 2020 ਤੋਂ ਕੇਂਦਰ ਦੇ ਵਿਵਾਦਤ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 200 ਤੋਂ ਵੱਧ ਕਿਸਾਨਾਂ ਅਤੇ ਬੀਕੇਯੂ ਸਮਰਥਕਾਂ ਦਾ ਇੱਕ ਸਮੂਹ ਇਸ ਦੇ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਐਤਵਾਰ ਰਾਤ ਨੂੰ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ ਹੈ।

ਮਲਿਕ ਵੀ ਲਖੀਮਪੁਰ ਗਏ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ਜਿਵੇਂ ਮੁਰਾਦਾਬਾਦ, ਪੀਲੀਭੀਤ ਅਤੇ ਰਾਮਪੁਰ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਉਹ ਆਪਣੀ ਯਾਤਰਾ ਜਾਰੀ ਰੱਖਣ ਵਿੱਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਕਈ ਥਾਵਾਂ 'ਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਹਨ ਅਤੇ ਪੁਲਿਸ ਅਧਿਕਾਰੀਆਂ ਨੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ 200 ਤੋਂ 300 ਲੋਕ ਹਾਂ ਅਤੇ ਜਿਵੇਂ -ਜਿਵੇਂ ਅਸੀਂ ਅੱਗੇ ਵੱਧ ਰਹੇ ਹਾਂ ਸਾਡੇ ਨਾਲ ਹੋਰ ਵੀ ਲੋਕ ਜੁੜ ਰਹੇ ਹੈ।

ਸਰਕਾਰੀ ਅਧਿਕਾਰੀਆਂ ਦੇ ਮੁਤਾਬਕ, ਇਹ ਘਟਨਾ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਲਖੀਮਪੁਰ ਦੌਰੇ ਅਤੇ ਹਿੰਸਾ ਦੇ ਦੌਰਾਨ ਵਾਪਰੀ। ਜਿਸ ਦੇ ਨਤੀਜੇ ਵਜੋਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਕਿਸਾਨਾਂ ਸਣੇ ਕੁੱਲ ਅੱਠ ਲੋਕਾਂ ਦੀ ਮੌਤ ਹੋ ਗਈ।

ਸੂਬਾ ਪ੍ਰਸ਼ਾਸਨ ਨੇ ਲਾਇਆ ਕਰਫਿਊ

ਲਖੀਮਪੁਰ ਖੀਰੀ ਦੌਰੇ ਤੋਂ ਪਹਿਲਾਂ ਹੋਈ ਹਿੰਸਾ ਦੇ ਮੱਦੇਨਜ਼ਰ, ਸੂਬਾ ਪ੍ਰਸ਼ਾਸਨ ਨੇ ਉੱਥੇ ਕਰਫਿਊ ਲਾਗੂ ਕਰ ਦਿੱਤਾ ਹੈ। ਲਖਨਊ, ਪੁਲਿਸ ਕਮਿਸ਼ਨਰੇਟ ਵਿੱਚ ਸੰਯੁਕਤ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਪੀਯੂਸ਼ ਮੋਰਦੀਆ ਦੇ ਦਸਤਖ਼ਤ ਦੇ ਤਹਿਤ ਐਤਵਾਰ ਦੇਰ ਰਾਤ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਸੀ ਕਿ ਅੱਜ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਦੇ ਮੱਦੇਨਜ਼ਰ ਧਾਰਾ 144 (ਕਰਫਿਊ) ਉੱਥੇ ਸ਼ਾਂਤੀ ਬਣਾਈ ਰੱਖਣ ਲਈ ਲਗਾਇਆ ਗਿਆ ਹੈ।

ਮੋਰਦੀਆ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਉਕਤ ਘਟਨਾ ਦੇ ਸੰਬੰਧ ਵਿੱਚ ਜ਼ਿਲ੍ਹੇ ਵਿੱਚ ਰਾਜਨੀਤਿਕ ਪਾਰਟੀਆਂ/ਸੰਗਠਨਾਂ ਦੇ ਇਕੱਠੇ ਹੋਣ ਦੇ ਕਾਰਨ, ਕਾਨੂੰਨ ਵਿਵਸਥਾ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਲਈ, ਜਦੋਂ ਤੱਕ ਜ਼ਿਲ੍ਹਾ ਖੇੜੀ ਵਿੱਚ ਸਥਿਤੀ ਆਮ ਨਹੀਂ ਹੋ ਜਾਂਦੀ, ਜ਼ਿਲ੍ਹੇ ਦੀ ਹੱਦ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਸੰਗਠਨ ਦੇ ਆਗੂਆਂ / ਵਰਕਰਾਂ ਦੇ ਇਕੱਠੇ ਹੋਣ ਜਾਂ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਹੈ।

ਜ਼ਿਲ੍ਹੇ ਵਿੱਚ ਸੁਰੱਖਿਆ ਬਲ ਤਾਇਨਾਤ

ਲਖੀਮਪੁਰ ਖੀਰੀ ਦੇ ਤਿਕੁਨੀਆ ਵਿੱਚ ਹੋਏ ਵਿਵਾਦ ਤੋਂ ਬਾਅਦ ਜ਼ਿਲ੍ਹੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲਖੀਮਪੁਰ ਦੀ ਸਰਹੱਦ 'ਤੇ ਪੁਲਿਸ ਫੋਰਸ ਲਗਾ ਕੇ ਚੌਕਸੀ ਵਧਾ ਦਿੱਤੀ ਗਈ ਹੈ। ਏਡੀਜੀ ਐਲਓ ਵੱਲੋਂ, ਲਖੀਮਪੁਰ ਦੇ ਆਲੇ ਦੁਆਲੇ ਦੇ ਸਬੰਧਤ ਥਾਣਿਆਂ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇੰਨਾ ਹੀ ਨਹੀਂ, ਪੁਲਿਸ ਅਧਿਕਾਰੀਆਂ ਨੂੰ ਕਿਸਾਨ ਆਗੂਆਂ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਦੇਸ਼ ਭਰ 'ਚ BKU ਦਾ ਰੋਸ ਪ੍ਰਦਰਸ਼ਨ

ਰਾਕੇਸ਼ ਟਿਕੈਤ ਨੇ ਕੀਤੀ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ

ਰਾਕੇਸ਼ ਟਿਕੈਤ ਨੇ ਲਖੀਮਪੁਰ ਖੀਰੀ ਵਿਖੇ ਹੋਈ ਘਟਾਨ ਨੂੰ ਲੈ ਕੇ ਯੋਗੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਹ ਚੀਨ ਨਹੀਂ ਹੈ ਕਿ ਤੁਸੀਂ ਬੁਲਡੋਜ਼ਰ ਅਤੇ ਟਰੱਕ ਚੜਾਓਗੇ। ਜੇ ਤੁਸੀਂ ਸਰਕਾਰੀ ਗੁੰਡਾਗਰਦੀ ਦੇਖਣਾ ਚਾਹੁੰਦੇ ਹੋ, ਤਾਂ ਯੂਪੀ ਆ ਕੇ ਵੇਖੋ। ਰਾਕੇਸ਼ ਟਿਕੈਤ ਨੇ ਕਿਹਾ ਕਿ ਸੀਐਮ ਯੋਗੀ ਅਤੇ ਸੂਬੇ ਦੇ ਗ੍ਰਹਿ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜਦੋਂ ਤੱਕ ਸਾਨੂੰ ਨਿਆਂ ਨਹੀਂ ਮਿਲਦਾ ਅਸੀਂ ਲਖੀਮਪੁਰ ਖੀਰੀ ਵਿੱਚ ਹੀ ਰਹਾਂਗੇ। ਦੱਸ ਦੇਈਏ ਕਿ ਰਾਕੇਸ਼ ਟਿਕੈਤ ਸੋਮਵਾਰ ਨੂੰ ਲਖੀਮਪੁਰ ਖੀਰੀ ਆ ਰਹੇ ਹਨ। ਇਸ ਦੇ ਨਾਲ ਹੀ, ਰਾਕੇਸ਼ ਟਿਕੈਤ ਨੂੰ ਰੋਕਣ ਲਈ, ਜ਼ਿਲ੍ਹਾ ਪ੍ਰਸ਼ਾਸਨ ਨੇ ਪੀਲੀਭੀਤ ਦੇ ਅਸਾਮ ਚੌਰਾਹੇ 'ਤੇ ਬੈਰੀਕੇਡ ਲਗਾ ਦਿੱਤੇ ਹਨ।

ਘਟਨਾ ਵਾਲੀ ਥਾਂ 'ਤੇ ਪਹੁੰਚ ਸਕਦੇ ਨੇ ਕਈ ਨੇਤਾ

ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਲਖਨਊ ਪਹੁੰਚੀ ਚੁੱਕੀ ਹੈ ਅਤੇ ਜਾਣਕਾਰੀ ਮੁਤਾਬਕ ਉਹ ਰਾਤ ਨੂੰ ਹੀ ਲਖੀਮਪੁਰ ਲਈ ਰਵਾਨਾ ਹੋ ਗਈ ਸੀ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਸੋਮਵਾਰ ਸਵੇਰੇ ਲਖੀਮਪੁਰ ਖੀਰੀ ਜਾਣਗੇ। ਸੂਤਰਾਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਰਾਹੁਲ ਗਾਂਧੀ ਵੀ ਲਖੀਮਪੁਰ ਖੀਰੀ ਪਹੁੰਚ ਸਕਦੇ ਹਨ।

ਇਸ ਤੋਂ ਇਲਾਵਾ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜਯੰਤ ਚੌਧਰੀ ਵੀ ਲਖੀਮਪੁਰ ਖੀਰੀ ਪਹੁੰਚਣਗੇ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਲਖੀਮਪੁਰ ਜਾਣਗੇ। ਇਸ ਦੇ ਨਾਲ ਹੀ ਦੀਪੇਂਦਰ ਹੁੱਡਾ ਤੋਂ ਇਲਾਵਾ ਭੀਮ ਆਰਮੀ ਦੇ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਵੀ ਲਖੀਮਪੁਰ ਖੀਰੀ ਪਹੁੰਚ ਸਕਦੇ ਹਨ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲੇ ਦੀ ਵੱਖ-ਵੱਖ ਪਾਰਟੀ ਆਗੂਆਂ ਨੇ ਕੀਤੀ ਨਿਖੇਧੀ

Last Updated :Oct 4, 2021, 7:16 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.