ਸੀਐਮ ਮਾਨ ਦੀ ਸ਼ੁਕਰਾਨਾ ਯਾਤਰਾ ਦਾ ਕਿਸਾਨਾਂ ਨੇ ਕੀਤਾ ਜ਼ਬਰਦਸਤ ਵਿਰੋਧ, ਪੁਲਿਸ ਨੇ ਹਿਰਾਸਤ 'ਚ ਲਏ ਕਿਸਾਨ
ਪੂਰੇ ਪੰਜਾਬ ਵਿੱਚ ਮੁੱਖ ਮੰਤਰੀ ਵੱਲੋਂ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਦੌਰਾਨ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ।

Published : May 8, 2026 at 5:00 PM IST
ਬਠਿੰਡਾ/ਪਟਿਆਲਾ: ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਦੇ ਪਾਸ ਹੋਣ ਤੋਂ ਬਾਅਦ ਪੂਰੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ। ਪਰ ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
'ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹਲਕਾ ਬਲ ਪ੍ਰਯੋਗ'
ਸ਼ੁਰੂ ਕੀਤੀ ਗਈ ਸ਼ੁਕਰਾਨਾ ਯਾਤਰਾ ਦੌਰਾਨ ਜ਼ਿਲ੍ਹਾ ਬਠਿੰਡਾ ਵਿੱਚ ਕਈ ਸਮਾਗਮ ਰੱਖੇ ਗਏ ਸਨ। ਇਨ੍ਹਾਂ ਸਮਾਗਮਾਂ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸਵਾਲ ਜਵਾਬ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਲਈ ਕਿਸਾਨ ਵੱਡੀ ਗਿਣਤੀ ਵਿੱਚ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਅਤੇ ਕੋਟਭਾਰਾ ਵਿਖੇ ਇਕੱਠੇ ਹੋਏ। ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਹੋਣੀ ਸੀ ਤਾਂ ਇਹ ਕਿਸਾਨ ਪਿੰਡ ਕੋਟਸ਼ਮੀਰ ਵੱਲ ਵਧਣ ਲੱਗੇ ਪਰ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਹਲਕਾ ਬਲ ਪ੍ਰਯੋਗ ਕਰਕੇ ਕਿਸਾਨਾਂ ਨੂੰ ਡਿਟੇਨ ਕਰ ਲਿਆ ।
'ਖੇਤਾਂ ਵਿੱਚੋਂ ਆ ਰਹੇ ਕਿਸਾਨਾਂ ਨੂੰ ਕੀਤਾ ਡਿਟੇਨ'
ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਸਾਧਨਾਂ ਉੱਤੇ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਜਾ ਰਹੇ ਸਨ। ਜਿਨਾਂ ਨੂੰ ਰਸਤੇ ਵਿੱਚ ਪੁਲਿਸ ਵੱਲੋਂ ਘੇਰ ਕੇ ਡਿਟੇਨ ਕਰ ਲਿਆ ਗਿਆ। ਜਦੋਂ ਕਿਸਾਨ ਖੇਤਾਂ ਵਿੱਚੋਂ ਹੋ ਕੇ ਮੁੱਖ ਮੰਤਰੀ ਦੇ ਕਾਫਲੇ ਵੱਲ ਵਧੇ ਤਾਂ ਕਿਸਾਨਾਂ ਨੂੰ ਪੁਲਿਸ ਨੇ ਖੇਤਾਂ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ।
'ਮੁੱਖ ਮੰਤਰੀ ਦੇ ਇਸ਼ਾਰੇ 'ਤੇ ਕਿਸਾਨਾਂ ਨਾਲ ਹੀ ਧੱਕੇਸ਼ਾਹੀ'
ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ "ਪੰਜਾਬ ਦੇ ਮੁੱਖ ਮੰਤਰੀ ਸਟੇਜਾਂ ਤੋਂ ਕਹਿੰਦੇ ਸਨ ਕਿ ਲੀਡਰਾਂ ਨੂੰ ਸਵਾਲ ਕਰੋ ਪਰ ਜਦੋਂ ਹੁਣ ਉਨ੍ਹਾਂ ਤੋਂ ਸਵਾਲ ਕੀਤੇ ਜਾ ਰਹੇ ਹਨ ਤਾਂ ਉਹ ਸਵਾਲਾਂ ਤੋਂ ਭੱਜ ਰਹੇ ਹਨ। ਪੰਜਾਬ ਦੀ ਪੁਲਿਸ ਮੁੱਖ ਮੰਤਰੀ ਦੇ ਇਸ਼ਾਰੇ 'ਤੇ ਕਿਸਾਨਾਂ ਨਾਲ ਹੀ ਧੱਕੇਸ਼ਾਹੀ ਕਰ ਰਹੀ ਹੈ।" ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਉਹ ਮੁੱਖ ਮੰਤਰੀ ਨੂੰ ਸਵਾਲ ਕਰਨੇ ਹਨ। ਜਿਨ੍ਹਾਂ ਵਿੱਚ ਸਾਰੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਫ਼ਸਲ ਦਾ ਭਾਅ ਡਾ: ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਤੈਅ ਕੀਤਾ ਜਾਵੇ। ਡੀਏਪੀ ਖਾਦ ਦੀ ਘਾਟ ਨੂੰ ਦੂਰ ਕੀਤਾ ਜਾਵੇ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਪੈਨਸ਼ਨਾਂ ਦਿੱਤੀਆਂ ਜਾਣ। ਭੂਮੀ ਗ੍ਰਹਿਣ ਐਕਟ 2013 ਨੂੰ ਮੁੜ ਲਾਗੂ ਕੀਤਾ ਜਾਵੇ। ਜੋ ਕਿ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ।
ਇਸ ਤੋਂ ਇਲਾਵਾਂ ਕਿਸਾਨ ਆਗੂ ਗੁਰਦੀਪ ਸਿੰਘ ਮਹਿਮਾ ਸਰਜਾ ਨੇ ਕਿਹਾ ਕਿ "ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਸਥਿਤ ਕਿਸਾਨ ਅੰਦੋਲਨ ਦੌਰਾਨ ਧੋਖੇ ਨਾਲ ਕਿਸਾਨਾਂ ਨਾਲ ਮੀਟਿੰਗ ਕਰਨ ਦੇ ਬਹਾਨੇ ਉਨ੍ਹਾਂ ਨੂੰ ਹਿਸਾਰਤ ਵਿੱਚ ਲਿਆ ਅਤੇ ਚੋਰੀ ਕੀਤੇ ਸਮਾਨ ਦਾ ਹਿਸਾਬ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੋਂ ਲਿਆ ਜਾਵੇਗਾ।"
"ਆਉਣ ਵਾਲੇ ਸਮੇਂ ਵਿੱਚ AAP 'ਤੇ ਡਲੇ ਵਰਸਣਗੇ"
ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੇ ਕਿਹਾ ਕਿ "ਜਿਸ ਤਰ੍ਹਾਂ ਅੱਜ ਸਾਨੂੰ ਰੋਕਿਆ ਜਾ ਰਿਹਾ ਹੈ ਜਾਂ ਸਾਨੂੰ ਭਜਾ-ਭਜਾ ਕੇ ਕੁੱਟਿਆ ਜਾ ਰਿਹਾ ਹੈ। ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਿੰਡਾਂ ਵਿੱਚ ਆਉਣ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਇਸੇ ਤਰ੍ਹਾਂ ਰੂੜੀਆਂ 'ਤੇ ਭਜਾਇਆ ਜਾਵੇਗਾ। ਹੁਣ ਮੁੱਖ ਮੰਤਰੀ 'ਤੇ ਫੁੱਲ ਬਰਸ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ 'ਤੇ ਡਲੇ ਵਰਸਣਗੇ।"
'ਮੁੱਖ ਮੰਤਰੀ ਭਗਵੰਤ ਮਾਨ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ'
ਭਾਰਤੀ ਕਿਸਾਨ ਯੂਨੀਅਨ ਏਕਤਾ ਸ਼ਾਦੀਪੁਰ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਟਿਆਲਾ ਵਿੱਚ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਬੀਜ, ਖਾਦ ਅਤੇ ਡੀਜ਼ਲ ਵਾਸਤੇ ਲੋਨ ਦੀ ਰਕਮ ਵਿੱਚ ਕੀਤੇ ਵਾਧੇ ਦੇ ਫੈਸਲੇ ਨੂੰ ਕੋਆਪਰੇਟਿਵ ਬੈਂਕ ਮੁਲਾਜ਼ਮਾਂ ਦੇ ਧਰਨੇ ਤੋਂ ਬਾਅਦ ਵਾਪਸ ਲੈ ਲਿਆ ਗਿਆ, ਜਿਸ ਨਾਲ ਆਮ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਕਿਸਾਨਾਂ ਨੇ ਕਿਹਾ ਕਿ ਫਸਲਾਂ ਦੇ ਨੁਕਸਾਨ ਤੋਂ ਬਾਅਦ ਕਿਸਾਨਾਂ ਨੂੰ ਸਭ ਤੋਂ ਵੱਧ ਲੋੜ ਬੀਜ, ਖਾਦ ਅਤੇ ਡੀਜ਼ਲ ਲਈ ਪੈਸਿਆਂ ਦੀ ਹੁੰਦੀ ਹੈ ਅਤੇ ਇਹ ਸਹੂਲਤਾਂ ਸੁਸਾਇਟੀਆਂ ਰਾਹੀਂ ਮਿਲਣ ਵਾਲੇ ਲੋਨਾਂ ਨਾਲ ਪੂਰੀਆਂ ਹੁੰਦੀਆਂ ਹਨ। ਸਰਕਾਰ ਦਾ ਇਹ ਫੈਸਲਾ ਕਿਸਾਨ ਵਿਰੋਧੀ ਅਤੇ ਮੰਦਭਾਗਾ ਹੈ।
ਬੂਟਾ ਸਿੰਘ ਸ਼ਾਦੀਪੁਰ ਨੇ ਇਲਜ਼ਾਮ ਲਾਇਆ ਕਿ "ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਦਿੱਤੇ ਗਏ ਮੰਗ ਪੱਤਰਾਂ ਦਾ ਨਾ ਤਾਂ ਕੋਈ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਸਰਕਾਰ ਦੇ ਨੁਮਾਇੰਦੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ। ਇੱਕ ਮੰਗ ਪੱਤਰ ਮੁੱਖ ਮੰਤਰੀ ਨੂੰ ਫਰੇਮ ਵਿੱਚ ਜੜਵਾ ਕੇ ਦਿੱਤਾ ਗਿਆ ਸੀ ਪਰ ਹਾਲੇ ਤੱਕ ਉਸ ਬਾਰੇ ਕੋਈ ਕਾਰਵਾਈ ਜਾਂ ਜਵਾਬ ਸਾਹਮਣੇ ਨਹੀਂ ਆਇਆ। ਇਸੇ ਰੋਸ ਦੇ ਤਹਿਤ ਭਲਕੇ ਪਟਿਆਲਾ ਵਿੱਚ ਮੁੱਖ ਮੰਤਰੀ ਦੇ ਦੌਰੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸ਼ਾਦੀਪੁਰ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।"

