ਹੈਦਰਾਬਾਦ: YouTube ਮਿਊਜ਼ਿਕ ਦਾ ਇਸਤੇਮਾਲ ਕਰਨ ਵਾਲੇ ਯੂਜ਼ਰ ਲਈ ਇੱਕ ਖਬਰ ਸਾਹਮਣੇ ਆਈ ਹੈ। ਕਈ ਵਾਰ ਤੁਹਾਡਾ ਕੋਈ ਗਾਣਾ ਸੁਣਨ ਦਾ ਮਨ ਹੁੰਦਾ ਹੈ, ਪਰ ਤੁਹਾਨੂੰ ਉਸ ਗਾਣੇ ਦੇ ਸ਼ਬਦ ਯਾਦ ਨਹੀਂ ਰਹਿੰਦੇ। ਜਿਸ ਕਰਕੇ ਇਸ ਗੀਤ ਨੂੰ ਮਿਊਜ਼ਿਕ ਐਪ ਜਾਂ ਇੰਟਰਨੈੱਟ 'ਤੇ ਮੌਜ਼ੂਦ ਕਿਸੇ ਵੀ ਪਲੇਟਫਾਰਮ 'ਤੇ ਸਰਚ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਹੁਣ YouTube ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਗਾਣੇ ਦੀ ਧੁਨ ਨੂੰ ਗਾ ਕੇ ਉਸ ਗੀਤ ਨੂੰ ਸਰਚ ਕਰ ਸਕੋਗੇ।
YouTube 'ਤੇ ਗੀਤ ਸਰਚ ਕਰਨਾ ਹੋਵੇਗਾ ਆਸਾਨ: YouTube ਨੇ ਆਪਣੇ ਮਿਊਜ਼ਿਕ ਪਲੇਟਫਾਰਮ YouTube ਮਿਊਜ਼ਿਕ ਲਈ ਇੱਕ ਨਵਾਂ ਫੀਚਰ ਤਿਆਰ ਕੀਤਾ ਹੈ। ਇਸ ਫੀਚਰ ਨੂੰ ਜਲਦ ਹੀ ਐਪ 'ਚ ਪੇਸ਼ ਕਰ ਦਿੱਤਾ ਜਾਵੇਗਾ। ਇਸ ਫੀਚਰ ਰਾਹੀ YouTube ਮਿਊਜ਼ਿਕ 'ਤੇ ਕਿਸੇ ਵੀ ਗਾਣੇ ਨੂੰ ਗਾ ਕੇ ਸਰਚ ਕੀਤਾ ਜਾ ਸਕੇਗਾ। ਹੁਣ ਤੁਹਾਨੂੰ ਗੀਤ ਦੇ ਸ਼ਬਦ ਲਿਖ ਕੇ ਜਾਂ ਵਾਈਸ ਰਾਹੀ ਸਰਚ ਕਰਕੇ ਗੀਤ ਲੱਭਣ ਦੀ ਲੋੜ ਨਹੀਂ ਪਵੇਗੀ। ਜੇਕਰ ਤੁਹਾਨੂੰ ਗੀਤ ਦੀ ਧੁਨ ਯਾਦ ਹੈ, ਤਾਂ ਤੁਸੀਂ ਉਸ ਧੁਨ ਨੂੰ ਗਾ ਕੇ ਗੀਤ ਸਰਚ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੀਚਰ ਨੂੰ ਪਹਿਲਾ YouTube 'ਚ ਉਪਲਬਧ ਕਰਵਾਇਆ ਗਿਆ ਸੀ ਅਤੇ ਹੁਣ YouTube ਮਿਊਜ਼ਿਕ ਐਪ 'ਚ ਵੀ ਪੇਸ਼ ਕੀਤਾ ਜਾ ਰਿਹਾ ਹੈ।
ਇਹ ਫੀਚਰ ਇਨ੍ਹਾਂ ਯੂਜ਼ਰਸ ਲਈ ਹੋਵੇਗਾ ਉਪਲਬਧ: 9To5 Google ਦੀ ਇੱਕ ਰਿਪੋਰਟ ਅਨੁਸਾਰ, ਐਂਡਰਾਈਡ ਐਪ 'ਚ YouTube ਮਿਊਜ਼ਿਕ ਦਾ ਨਵਾਂ ਫੀਚਰ ਆਉਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਇਹ ਫੀਚਰ ਅਜੇ ਸਾਰੇ ਯੂਜ਼ਰਸ ਨੂੰ ਨਹੀਂ ਮਿਲਿਆ। ਕੰਪਨੀ ਨੇ ਅਜੇ ਇਸ ਫੀਚਰ ਨੂੰ ਟੈਸਟਿੰਗ ਪੜਾਅ 'ਚ ਰੱਖਿਆ ਹੈ ਅਤੇ ਚੁਣੇ ਹੋਏ ਯੂਜ਼ਰਸ ਲਈ ਰੋਲਆਊਟ ਕੀਤਾ ਹੈ। ਕੰਪਨੀ ਇਸ ਫੀਚਰ ਨੂੰ ਜਲਦ ਹੀ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ।
ਇਸ ਤਰ੍ਹਾਂ ਕਰੋ ਇਸਤੇਮਾਲ: ਇਸ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਫੋਨ 'ਚ ਮੌਜ਼ੂਦ YouTube ਮਿਊਜ਼ਿਕ ਐਪ ਨੂੰ ਅਪਡੇਟ ਕਰੋ। ਇਸ ਤੋਂ ਬਾਅਦ ਆਪਣੇ ਫੋਨ 'ਚ ਇਸ ਐਪ ਨੂੰ ਖੋਲ੍ਹੋ ਅਤੇ ਟਾਪ 'ਤੇ ਮੌਜ਼ੂਦ ਸਰਚ ਆਈਕਨ 'ਚ ਜਾਓ। ਸਰਚ ਬਾਰ ਦੇ ਨਾਲ ਨਜ਼ਰ ਆ ਰਹੇ ਮਾਈਕ ਆਈਕਨ 'ਤੇ ਕਲਿੱਕ ਕਰੋ। ਹੁਣ ਟਾਪ 'ਤੇ ਮੌਜ਼ੂਦ Song ਬਟਨ ਨੂੰ ਟੌਗਲ ਕਰੋ। ਫਿਰ ਉਸ ਗੀਤ ਦੀ ਧੁਨ ਨੂੰ ਗਾਓ, ਜਿਸਨੂੰ ਤੁਸੀਂ ਸਰਚ ਕਰਨਾ ਚਾਹੁੰਦੇ ਹੋ। ਇਸ ਤਰ੍ਹਾਂ ਉਹ ਗਾਣਾ ਸ਼ੁਰੂ ਹੋ ਜਾਵੇਗਾ।