ETV Bharat / state

ਭਾਰਤੀ ਵੇਟ ਲਿਫਟਰ ਪ੍ਰਵੇਸ਼ ਚੰਦਰ; ਬਣਾਏ ਸਨ ਰਿਕਾਰਡ ਤੇ ਜਿੱਤੇ ਕਈ ਮੈਡਲ, ਹੁਣ ਤਿਆਰ ਕਰ ਰਹੇ ਨਵੇਂ ਖਿਡਾਰੀ, ਵੇਖੋ ਵਿਸ਼ੇਸ਼ ਇੰਟਰਵਿਊ

author img

By ETV Bharat Punjabi Team

Published : Feb 18, 2024, 9:13 AM IST

Weight Lifter Parvesh Chander Sharma : 67 ਸਾਲ ਦੀ ਉਮਰ ਵਿੱਚ ਵੀ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰ ਰਹੇ ਹਨ ਪ੍ਰਵੇਸ਼ ਚੰਦਰ ਸ਼ਰਮਾ। ਤਿੰਨ ਵਾਰ ਲਗਾਤਾਰ ਕਾਮਨ ਵੈਲਥ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੇ ਪ੍ਰਵੇਸ਼ ਚੰਦਰ ਸ਼ਰਮਾ ਪੰਜਾਬ ਵਿੱਚ ਵੇਟ ਲਿਫਟਿੰਗ ਦੇ ਗੋਡ ਫਾਦਰ ਮੰਨੇ ਜਾਂਦੇ ਹਨ। ਵੇਖੋ, ਈਟੀਵੀ ਭਾਰਤ ਨਾਲ ਉਨ੍ਹਾਂ ਦੀ ਖਾਸ ਗੱਲਬਾਤ। ਪੜ੍ਹੋ ਪੂਰੀ ਖ਼ਬਰ।

Weight Lifter Parvesh Chander Sharma
Weight Lifter Parvesh Chander Sharma

ਭਾਰਤੀ ਵੇਟ ਲਿਫਟਰ ਪ੍ਰਵੇਸ਼ ਚੰਦਰ, ਵੇਖੋ ਵਿਸ਼ੇਸ਼ ਇੰਟਰਵਿਊ

ਲੁਧਿਆਣਾ: ਪੰਜਾਬ ਵਿੱਚ ਜੇਕਰ ਵੇਟ ਲਿਫਟਿੰਗ ਦੀ ਗੱਲ ਆਉਂਦੀ ਹੈ, ਤਾਂ ਸਭ ਤੋਂ ਪਹਿਲਾਂ ਨਾਂ ਪ੍ਰਵੇਸ਼ ਚੰਦਰ ਸ਼ਰਮਾ ਦਾ ਆਉਂਦਾ ਹੈ, ਜੋ ਕਿ ਇੱਕ ਵਾਰ ਨਹੀਂ ਸਗੋਂ ਤਿੰਨ ਵਾਰ ਲਗਾਤਾਰ ਕਾਮਨ ਵੈਲਥ ਖੇਡਾਂ ਵਿੱਚ ਵੇਟ ਲਿਫਟਿੰਗ ਅੰਦਰ ਗੋਲਡ ਮੈਡਲ ਹਾਸਿਲ ਕਰਕੇ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ। ਇਥੋਂ ਤੱਕ ਕਿ 60 ਕਿਲੋ ਦੀ ਕੈਟਾਗਰੀ ਵਿੱਚ ਉਨ੍ਹਾਂ ਵੱਲੋਂ ਬਣਾਇਆ ਗਿਆ ਰਿਕਾਰਡ ਅੱਜ ਤੱਕ ਕੋਈ ਤੋੜ ਨਹੀਂ ਸਕਿਆ ਹੈ। ਲੁਧਿਆਣਾ ਵੇਟ ਲਿਫਟਿੰਗ ਐਸੋਸੀਏਸ਼ਨ ਵਿੱਚ ਹੁਣ ਉਹ ਬਤੌਰ ਜਨਰਲ ਸੈਕਟਰੀ ਨੌਜਵਾਨ ਪੀੜੀ ਨੂੰ ਸਿਖਲਾਈ ਦੇ ਰਹੇ ਹਨ ਅਤੇ ਕਈ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰ ਚੁੱਕੇ ਹਨ।

ਕੌਮਾਂਤਰੀ ਖੇਡ ਉਪਲਬਧੀਆਂ: ਆਪਣੇ ਕੌਮਾਂਤਰੀ ਵੇਟ ਲਿਫਟਿੰਗ ਚੈਂਪੀਅਨਸ਼ਿਪ ਦੀ ਸ਼ੁਰੂਆਤ ਪ੍ਰਵੇਸ਼ ਚੰਦਰ ਸ਼ਰਮਾ ਨੇ ਏਸ਼ੀਅਨ ਖੇਡਾਂ ਤੋਂ ਕੀਤੀ ਸੀ। ਸਾਲ 1982 ਵਿੱਚ ਜਦੋਂ ਭਾਰਤ ਅੰਦਰ ਏਸ਼ੀਅਨ ਗੇਮਸ ਹੋਈਆਂ, ਤਾਂ ਉਹ ਵੇਟ ਲਿਫਟਿੰਗ ਵਿੱਚ ਚੌਥੇ ਨੰਬਰ 'ਤੇ ਰਹੇ। ਫਿਰ ਸਾਲ 1983 ਵਿੱਚ ਵੀ ਉਹ 52 ਕਿਲੋ ਕੈਟਾਗਰੀ ਵਿੱਚ ਚੌਥੇ ਨੰਬਰ 'ਤੇ ਰਹੇ। 1985 ਵਿੱਚ 56 ਕਿਲੋ ਕੈਟਾਗਰੀ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਕਾਮਨ ਵੈਲਥ ਖੇਡਾਂ ਵਿੱਚ ਗੋਲਡ ਮੈਡਲ ਹਾਸਲ ਕੀਤਾ। ਫਿਰ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ 60 ਕਿਲੋ ਕੈਟਾਗਰੀ ਵਿੱਚ ਉਨ੍ਹਾਂ ਨੇ ਮਾਲਟਾ ਅੰਦਰ ਗੋਲਡ ਮੈਡਲ, ਫਿਰ ਰੂਸ ਵਿੱਚ ਗੋਲਡ ਮੈਡਲ, ਸਾਲ 1990 ਵਿੱਚ ਕਾਮਨ ਵੈਲਥ ਗੇਮਜ਼ ਨਿਊਜ਼ੀਲੈਂਡ ਵਿੱਚ ਗੋਲਡ ਮੈਡਲ, ਇੰਡੀਆ ਬੁਲਗਾਰੀਆ ਟ੍ਰੇਨਿੰਗ ਕੈਂਪ ਵਿੱਚ ਗੋਲਡ ਮੈਡਲ, ਯੂਥ ਵਰਲਡ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਈਰਾਨ ਅੰਦਰ 60 ਕਿਲੋ ਕੈਟਾਗਰੀ ਵਿੱਚ ਉਨ੍ਹਾਂ ਨੇ 1993 ਵਿੱਚ ਗੋਲਡ ਮੈਡਲ ਹਾਸਲ ਕੀਤਾ।

Weight Lifter Parvesh Chander Sharma
ਭਾਰਤੀ ਵੇਟ ਲਿਫਟਰ ਪ੍ਰਵੇਸ਼ ਚੰਦਰ

ਕੌਮੀ ਚੈਂਪੀਅਨਸ਼ਿਪ: ਕੌਮੀ ਚੈਂਪੀਅਨਸ਼ਿਪ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਸਾਲ 1981 ਵਿੱਚ 52 ਕਿਲੋ ਭਾਰ ਵਿੱਚ ਪ੍ਰਵੇਸ਼ ਚੰਦਰ ਸ਼ਰਮਾ ਨੇ ਗੋਲਡ ਮੈਡਲ ਹਾਸਿਲ ਕੀਤਾ ਸੀ, ਉਸ ਤੋਂ ਬਾਅਦ ਲਗਾਤਾਰ ਉਹ 1985 ਤੱਕ ਕੌਮੀ ਚੈਂਪੀਅਨ ਰਹੇ ਅਤੇ ਗੋਲਡ ਮੈਡਲ ਹਾਸਿਲ ਕਰਦੇ ਰਹੇ। ਇਸ ਤੋਂ ਬਾਅਦ, ਸਾਲ 1986 'ਚ 60 ਕਿਲੋ ਭਾਰ ਕੈਟਾਗਰੀ ਚ ਸੀਨੀਅਰ ਚੈਂਪੀਅਨਸ਼ਿਪ ਅੰਦਰ ਉਹ ਦੂਜੇ ਨੰਬਰ 'ਤੇ ਰਹੇ। ਇਸੇ ਤਰ੍ਹਾਂ ਸਾਲ 1988 ਵਿੱਚ ਮੁੜ ਤੋਂ ਉਨ੍ਹਾਂ ਨੇ ਗੋਲਡ ਮੈਡਲ ਆਪਣੇ ਨਾਂਅ ਕੀਤਾ। ਲਗਾਤਾਰ ਉਹ ਕਈ ਸਾਲ ਕੌਮੀ ਚੈਂਪੀਅਨ ਰਹੇ। ਉਸ ਤੋਂ ਬਾਅਦ ਸਾਲ 1991 ਵਿੱਚ ਮੁੜ ਤੋਂ ਸੀਨੀਅਰ ਚੈਂਪੀਅਨਸ਼ਿਪ ਵਿੱਚ 60 ਕਿਲੋ ਭਾਰ ਕੈਟਾਗਰੀ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਅਤੇ ਸਾਲ 1993 ਤੱਕ ਉਹ ਇਹ ਕੌਮੀ ਪੱਧਰ ਦੇ ਮੈਡਲ ਹਾਸਿਲ ਕਰਦੇ ਰਹੇ।

ਦੇਸੀ ਖ਼ੁਰਾਕ ਤੇ ਵਰਜਿਸ਼: ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆ ਪ੍ਰਵੇਸ਼ ਚੰਦਰ ਸ਼ਰਮਾ ਨੇ ਦੱਸਿਆ ਕਿ ਉਹ ਪੰਡਿਤ ਹੋਣ ਦੇ ਬਾਵਜੂਦ ਚਿਕਨ ਅਤੇ ਮੀਟ ਖਾਂਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਸਰੀਰ ਨੂੰ ਸਡੋਲ ਬਣਾਉਣ ਲਈ ਉਨ੍ਹਾਂ ਨੇ ਦੇਸੀ ਖੁਰਾਕ ਦੀ ਹੀ ਹਮੇਸ਼ਾ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਈ ਮਾੜਾ ਐਬ ਨਹੀਂ ਲਗਾਇਆ, ਇੱਥੋਂ ਤੱਕ ਕਿ ਉਹ ਕੁਝ ਵੀ ਤਲਿਆ ਨਹੀਂ ਖਾਂਦੇ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਜਦੋਂ ਵਿਆਹ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਗਏ, ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਉਨ੍ਹਾਂ ਨੇ ਸਮੋਸੇ ਦਾ ਸਵਾਦ ਚਖਿਆ ਸੀ, ਪਰ ਉਸ ਤੋਂ ਬਾਅਦ ਫਿਰ ਉਨ੍ਹਾਂ ਨੇ ਕਦੇ ਕੁਝ ਤਲਿਆ ਨਹੀਂ ਖਾਧਾ। ਫਾਸਟ ਫੂਡ ਤੋਂ ਉਹ ਮੀਲਾਂ ਦੂਰ ਰਹਿੰਦੇ ਹਨ। ਇਸੇ ਕਰਕੇ 67 ਸਾਲ ਦੀ ਉਮਰ ਵਿੱਚ ਵੀ ਅੱਜ ਉਹ ਪੂਰੀ ਤਰ੍ਹਾਂ ਫਿੱਟ ਹਨ। ਉਨ੍ਹਾਂ ਨੂੰ ਵੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਉਨ੍ਹਾਂ ਦੀ ਉਮਰ 67 ਸਾਲ ਦੀ ਹੋਵੇਗੀ।

ਨੌਜਵਾਨਾਂ ਨੂੰ ਸੇਧ: ਪ੍ਰਵੇਸ਼ ਚੰਦਰ ਸ਼ਰਮਾ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕੇ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਆਪਣੇ ਸਰੀਰ ਨੂੰ ਲੈ ਕੇ ਆਪਣੇ ਭਵਿੱਖ ਨੂੰ ਲੈ ਕੇ ਜ਼ਿਆਦਾ ਗੰਭੀਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਅੱਜ ਪ੍ਰੋਟੀਨ, ਹੋਰ ਸਪੀਲਮੈਂਟ ਅਤੇ ਦਵਾਈਆਂ ਆਦਿ ਆ ਗਈਆਂ ਹਨ, ਪਰ ਦੇਸੀ ਖੁਰਾਕ ਨਾਲ ਬਣਾਏ ਗਏ ਸਰੀਰ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ। ਪ੍ਰਵੇਸ਼ ਚੰਦਰ ਨੇ ਕਿਹਾ ਕਿ ਨੌਜਵਾਨ ਵਿਹਲੇ ਸਮੇਂ ਘੁੰਮਣ ਨਾਲੋਂ ਆਪਣਾ ਸਮਾਂ ਗੇਮ ਉੱਤੇ ਫੋਕਸ ਕਰਨ, ਤਾਂ ਹੀ ਦੇਸ਼ ਲਈ ਮੈਡਲ ਲਿਆ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹੀ ਫ਼ਰਕ ਹੈ ਕਿ ਅੱਜ ਬਾਕੀ ਮੁਲਕ ਖੇਡਾਂ ਵਿੱਚ ਸਾਡੇ ਦੇਸ਼ ਤੋਂ ਕਿਤੇ ਅੱਗੇ ਚਲੇ ਗਏ ਹਨ। ਪ੍ਰਵੇਸ਼ ਚੰਦਰ ਨੇ ਕਿਹਾ ਕਿ ਛੋਟੀ ਉਮਰੇ ਹੀ ਬੱਚਿਆਂ ਨੂੰ ਖੇਡਾ ਵੱਲ ਲਾਉਣਾ ਪਵੇਗਾ। ਖਾਸ ਕਰਕੇ ਉਨ੍ਹਾਂ ਨੂੰ ਡਾਈਟ ਦੇਣੀ ਪਵੇਗੀ। ਉਨ੍ਹਾਂ ਕਿਹਾ ਕਿ ਸਾਡੇ ਸਰਕਾਰੀ ਡਾਈਟ ਬਹੁਤ ਘੱਟ ਹੈ, ਬੱਚਿਆਂ ਨੂੰ ਆਪਣੀ ਡਾਈਟ ਉੱਤੇ ਧਿਆਨ ਦੇਣਾ ਹੋਵੇਗਾ, ਤਾਂ ਹੀ ਉਹ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਚਮਕਾ ਸਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.