ETV Bharat / state

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਪਸੀ ਸਮਝੌਤੇ ਤਹਿਤ ਲੜ ਰਹੇ ਹਨ 2024 ਦੀਆਂ ਲੋਕ ਸਭਾ ਚੋਣਾਂ: ਜੀਤ ਮਹਿੰਦਰ ਸਿੰਘ ਸਿੱਧੂ - Lok Sabha Elections

author img

By ETV Bharat Punjabi Team

Published : Apr 19, 2024, 10:20 AM IST

ਲੋਕ ਸਭਾ ਚੋਣਾਂ
ਲੋਕ ਸਭਾ ਚੋਣਾਂ

Lok Sabha Election 2024: ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਇਸ ਦੇ ਚੱਲਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵਲੋਂ ਆਪਣਾ ਚੋਣ ਅਖਾੜਾ ਭਖਾ ਲਿਆ ਹੈ। ਇਸ ਦੌਰਾਨ ਉਨ੍ਹਾਂ ਆਪਣੇ ਸਿਆਸੀ ਵਿਰੋਧੀਆਂ 'ਤੇ ਜੰਮ ਕੇ ਨਿਸ਼ਾਨੇ ਸਾਧੇ।

ਲੋਕ ਸਭਾ ਚੋਣਾਂ

ਬਠਿੰਡਾ: ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੰਜਾਬ ਵਿੱਚ ਰਾਜਨੀਤਿਕ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ, ਉਥੇ ਹੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਠਿੰਡਾ ਲੋਕ ਸਭਾ ਸੀਟ ਬਣੀ ਹੋਈ ਹੈ। ਇਸ ਸੀਟ 'ਤੇ ਭਾਜਪਾ ਵੱਲੋਂ ਸਾਬਕਾ ਆਈ ਏ ਐਸ ਅਧਿਕਾਰੀ ਪਰਮਪਾਲ ਕੌਰ ਮਲੂਕਾ, ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਮਾਜ ਸੇਵੀ ਸੰਸਥਾ ਲੱਖਾ ਸਿਧਾਣਾ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਮਰਥਨ ਦਿੱਤਾ ਗਿਆ ਹੈ। ਉਥੇ ਹੀ ਕਾਂਗਰਸ ਵੱਲੋਂ ਚਾਰ ਵਾਰ ਵਿਧਾਇਕ ਰਹੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰ ਦਾ ਐਲਾਨ ਹਾਲੇ ਬਾਕੀ ਹੈ।

ਭਾਜਪਾ ਤੋਂ ਭਾਈਚਾਰਕ ਸਾਂਝ ਨੂੰ ਖਤਰਾ: ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ 10 ਸਾਲਾਂ ਦੇ ਕਾਰਜਕਰਾਲ ਦੌਰਾਨ ਭਾਜਪਾ ਵੱਲੋਂ ਭਾਰਤ ਵਿੱਚ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਹਨ ਕਿ ਭਾਈਚਾਰਕ ਸਾਂਝ ਨੂੰ ਸਭ ਤੋਂ ਵੱਡਾ ਖਤਰਾ ਖੜਾ ਹੋ ਗਿਆ ਹੈ। ਅੱਜ ਦੇਸ਼ ਵਿੱਚ ਸੰਵਿਧਾਨ ਨੂੰ ਬਚਾਉਣ ਦੀ ਸਭ ਤੋਂ ਵੱਡੀ ਲੋੜ ਹੈ ਇਸ ਲਈ ਕਾਂਗਰਸ ਵੱਲੋਂ ਅਜਿਹੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਿਨਾਂ ਦੀ ਛਵੀ ਸਾਫ ਹੈ ਅਤੇ ਜੋ ਜਿੱਤਣ ਦਾ ਮਾਦਾ ਰੱਖਦੇ ਹਨ।

ਲੋਕ ਸਭਾ ਚੋਣਾਂ
ਲੋਕ ਸਭਾ ਚੋਣਾਂ

ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਹੋਇਆ ਭੰਗ: ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿੱਚ ਇਨੀ ਵੱਡੀ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਦੌਰਾਨ ਆਪਣੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਪਿਆ ਹੈ ਕਿਉਂਕਿ ਉਹਨਾਂ ਨੂੰ ਕੋਈ ਉਮੀਦਵਾਰ ਨਹੀਂ ਮਿਲ ਰਿਹਾ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਮੋਹ ਆਮ ਆਦਮੀ ਪਾਰਟੀ ਤੋਂ ਭੰਗ ਹੋ ਚੁੱਕਿਆ ਹੈ ਅਤੇ ਉਹ ਪਛਤਾ ਰਹੇ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲੇ ਵੀ ਆਪਣੇ ਆਪ ਨੂੰ ਵਿਰੋਧੀ ਧਿਰ ਵਿੱਚ ਸਮਝਿਆ ਜਾ ਰਿਹਾ ਹੈ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਨੇ ਦੋ ਸਾਲਾਂ ‘ਚ ਸਿਰਫ਼ ਵਿਰੋਧੀ ਪਾਰਟੀਆਂ ਨੂੰ ਭੰਡਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ। ਲੋਕ ਵੀ ਇੰਨ੍ਹਾਂ ਨੂੰ ਵੋਟ ਪਾ ਕੇ ਹੁਣ ਆਪਣੇ ਮੱਥੇ ਨੂੰ ਹੱਥ ਮਾਰ ਰਹੇ ਹਨ। ਦੂਜਾ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਤਾਂ ਇੰਨ੍ਹਾਂ ਦਾ ਅੱਜ ਵੀ ਕਿਤੇ ਨਾ ਕਿਤੇ ਫਿਕਸ ਮੈਚ ਚੱਲ ਰਿਹਾ ਹੈ, ਕਿਉਂਕਿ ਇੱਕ ਪਾਸੇ ਸੀਨੀਅਰ ਅਕਾਲੀ ਸਿਕੰਦਰ ਸਿੰਘ ਮਲੂਕਾ ਦਾ ਅੱਧਾ ਪਰਿਵਾਰ ਭਾਜਪਾ ‘ਚ ਚਲਾ ਗਿਆ ਤੇ ਖੁਦ ਉਹ ਅਕਾਲੀ ਦਲ ‘ਚ ਹੀ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਲੱਗ ਰਿਹਾ ਕਿ ਅਕਾਲੀ ਤੇ ਭਾਜਪਾ ਲੋਕ ਸਭਾ ਚੋਣਾਂ ‘ਚ ਫਿਕਸ ਮੈਚ ਖੇਡ ਰਹੇ ਹਨ।- ਜੀਤ ਮਹਿੰਦਰ ਸਿੰਘ ਸਿੱਧੂ, ਕਾਂਗਰਸ ਲੋਕ ਸਭਾ ਉਮੀਦਵਾਰ,ਹਲਕਾ ਬਠਿੰਡਾ

ਇੱਕ ਪਰਿਵਾਰ 'ਚ ਸਿਮਟਿਆ ਅਕਾਲੀ ਦਲ: ਇਸ ਦੇ ਨਾਲ ਹੀ ਆਏ ਦਿਨ ਰਾਜਨੀਤਿਕ ਲੋਕਾਂ ਵੱਲੋਂ ਸਿਆਸੀ ਪਾਰਟੀਆਂ ਬਦਲੇ ਜਾਣ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੋਟ ਪਾਉਣ ਸਮੇਂ ਉਮੀਦਵਾਰ ਦੇ ਨਾਲ-ਨਾਲ ਪਾਰਟੀ ਜ਼ਰੂਰ ਵੇਖਣ, ਜੋ ਲੋਕਾਂ ਦੇ ਹਿੱਤਾਂ ਦੀ ਗੱਲ ਕਰੇ ਅਤੇ ਜੋ ਪੰਜਾਬ ਦੀ ਗੱਲ ਕਰੇ। ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਾਦਲ ਪਰਿਵਾਰ ਵਿੱਚ ਸਿਮਟ ਕੇ ਰਹਿ ਗਿਆ ਹੈ। ਹਰਸਿਮਰਤ ਕੌਰ ਬਾਦਲ ਨੂੰ ਇਸ ਸੀਟ 'ਤੇ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ।

ਚੋਣਾਂ 'ਚ ਅਕਾਲੀ ਭਾਜਪਾ ਦਾ ਫਿਕਸ ਮੈਚ: ਉਹਨਾਂ ਕਿਹਾ ਕਿ 2019 ਦੀ ਤਰ੍ਹਾਂ ਬਠਿੰਡਾ ਲੋਕ ਸਭਾ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਸਮਝੌਤੇ ਤਹਿਤ ਚੋਣ ਲੜ ਰਹੇ ਹਨ। ਇਸੇ ਕਰਕੇ ਬਾਦਲ ਪਰਿਵਾਰ ਵੱਲੋਂ ਮਲੂਕਾ ਨੂੰ ਆਪਣੇ ਨਾਲ ਰੱਖਿਆ ਗਿਆ ਹੈ ਜਦੋਂ ਕਿ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਅਤੇ ਨੂੰਹ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ। ਜਿਸ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਇਹ ਚੋਣ ਸਮਝੌਤੇ ਤਹਿਤ ਲੜੀ ਜਾ ਰਹੀ ਹੈ, ਨਹੀਂ ਹੁਣ ਤੱਕ ਸਿਕੰਦਰ ਸਿੰਘ ਮਲੂਕਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਿਆ ਹੁੰਦਾ। ਉਹਨਾਂ ਇੱਛਾ ਜਾਹਿਰ ਕੀਤੀ ਕਿ ਮਾਨਸਾ ਜ਼ਿਲ੍ਹਾ ਜੋ ਬਠਿੰਡਾ ਲੋਕ ਸਭਾ ਹਲਕੇ ਵਿੱਚ ਆਉਂਦਾ ਹੈ ਤੇ ਅੱਜ ਸਭ ਤੋਂ ਵੱਧ ਵਿਕਾਸ ਦੇ ਪੱਖੋਂ ਪਛੜਿਆ ਹੋਇਆ ਹੈ ਤੇ ਜੇਕਰ ਉਨ੍ਹਾਂ ਨੂੰ ਬਹੁਮਤ ਮਿਲਦਾ ਹੈ ਤਾਂ ਮਾਨਸਾ ਦੇ ਵਿਕਾਸ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.