ETV Bharat / state

ਖੰਨਾ ਹਾਈਵੇਅ 'ਤੇ ਚੱਲਦੀ ਕਾਰ 'ਤੇ ਪਲਟਿਆ ਸਕਰੈਪ ਨਾਲ ਭਰਿਆ ਕੰਟੇਨਰ, ਜਾਨੀ ਨੁਕਸਾਨ ਤੋਂ ਬਚਾਅ

author img

By ETV Bharat Punjabi Team

Published : Feb 21, 2024, 1:45 PM IST

ਖੰਨਾ 'ਚ NH 'ਤੇ ਹਾਦਸਾ
ਖੰਨਾ 'ਚ NH 'ਤੇ ਹਾਦਸਾ

ਖੰਨਾ ਹਾਈਵੇਅ 'ਤੇ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਸਕਰੈਪ ਨਾਲ ਭਰਿਆ ਇੱਕ ਕੰਟੇਨਰ ਚੱਲਦੀ ਕਾਰ ਦੇ ਉੱਪਰ ਪਲਟ ਗਿਆ। ਗਨੀਮਤ ਰਹੀ ਕਿ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਾਹਨ ਜ਼ਰੂਰ ਨੁਕਸਾਨੇ ਗਏ।

ਹਾਦਸੇ ਸਬੰਧੀ ਜਾਣਕਾਰੀ ਦਿੰਦੀਆਂ ਦੋਵੇਂ ਧਿਰਾਂ ਤੇ ਪੁਲਿਸ

ਖੰਨਾ: ਬੁੱਧਵਾਰ ਸਵੇਰੇ ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਹਾਦਸਾ ਵਾਪਰ ਗਿਆ। ਇਸ ਵਿੱਚ ਸਕਰੈਪ ਨਾਲ ਭਰਿਆ ਇੱਕ ਕੰਟੇਨਰ ਚੱਲਦੀ ਕਾਰ ਦੇ ਉੱਪਰ ਪਲਟ ਗਿਆ। ਹਾਦਸੇ 'ਚ ਕਾਰ 'ਚ ਸਵਾਰ ਔਰਤ ਅਤੇ ਉਸਦੀ ਬੇਟੀ ਦੀ ਜਾਨ ਵਾਲ-ਵਾਲ ਬਚ ਗਈ। ਰਾਹਗੀਰਾਂ ਨੇ ਤੁਰੰਤ ਮਾਂ-ਧੀ ਨੂੰ ਕਾਰ 'ਚੋਂ ਬਾਹਰ ਕੱਢਿਆ।

ਔਰਤ ਆਪਣੀ ਧੀ ਨੂੰ ਸਕੂਲ ਛੱਡਣ ਜਾ ਰਹੀ ਸੀ: ਖੰਨਾ ਦੀ ਨਵੀਂ ਆਬਾਦੀ 'ਚ ਰਹਿਣ ਵਾਲੀ ਰਿਚਾ ਗੁਪਤਾ ਆਪਣੀ ਬੇਟੀ ਦਾਮਿਨੀ ਨੂੰ ਗੋਬਿੰਦਗੜ੍ਹ ਪਬਲਿਕ ਸਕੂਲ 'ਚ ਛੱਡਣ ਜਾ ਰਹੀ ਸੀ। ਜਿਵੇਂ ਹੀ ਕਾਰ ਸ਼ਨੀ ਮੰਦਰ ਨੇੜੇ ਸਰਵਿਸ ਲੇਨ ਤੋਂ ਨੈਸ਼ਨਲ ਹਾਈਵੇ 'ਤੇ ਦਾਖਲ ਹੋਈ ਤਾਂ ਪਿੱਛੇ ਤੋਂ ਆ ਰਹੇ ਕੰਟੇਨਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਕੰਟੇਨਰ ਦਾ ਅਗਲਾ ਹਿੱਸਾ ਕਾਰ 'ਤੇ ਪਲਟ ਗਿਆ ਅਤੇ ਸਕਰੈਪ ਨਾਲ ਭਰਿਆ ਪਿਛਲਾ ਕੰਟੇਨਰ ਸੜਕ 'ਤੇ ਪਲਟ ਗਿਆ। ਰਿਚਾ ਦੇ ਪਤੀ ਸੁਮਿਤ ਗੁਪਤਾ ਨੇ ਦੱਸਿਆ ਕਿ ਇਹ ਹਾਦਸਾ ਕੰਟੇਨਰ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ।

ਕੰਟੇਨਰ ਚਾਲਕ ਮੌਕੇ 'ਤੇ ਮੌਜੂਦ ਰਿਹਾ: ਕਈ ਵਾਰ ਦੇਖਿਆ ਜਾਂਦਾ ਹੈ ਕਿ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਜਾਂਦੇ ਹਨ ਪਰ ਕੰਟੇਨਰ ਡਰਾਈਵਰ ਰਮਾਕਾਂਤ ਹਾਦਸੇ ਵਾਲੀ ਥਾਂ 'ਤੇ ਲੋਕਾਂ ਦੀ ਭੀੜ ਵਿਚਕਾਰ ਮੌਜੂਦ ਸੀ। ਰਮਾਕਾਂਤ ਨੇ ਔਰਤ ਅਤੇ ਉਸ ਦੀ ਬੇਟੀ ਨੂੰ ਕਾਰ 'ਚੋਂ ਬਾਹਰ ਕੱਢਣ 'ਚ ਵੀ ਮਦਦ ਕੀਤੀ। ਰਮਾਕਾਂਤ ਨੇ ਦੱਸਿਆ ਕਿ ਰੋਡਵੇਜ਼ ਦੀ ਬੱਸ ਨੂੰ ਓਵਰਟੇਕ ਕਰਦੇ ਸਮੇਂ ਔਰਤ ਨੇ ਕਾਰ ਕੰਟੇਨਰ ਦੇ ਅੱਗੇ ਲਿਆਂਦੀ। ਉਸਨੇ ਬਹੁਤ ਕੋਸ਼ਿਸ਼ ਕੀਤੀ ਜਿਸ ਦੇ ਨਤੀਜੇ ਵਜੋਂ ਇੰਨਾ ਬਚਾਅ ਹੋਇਆ।

ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ: ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਮਨਪ੍ਰੀਤ ਸਿੰਘ ਮੌਕੇ ’ਤੇ ਪੁੱਜੇ। ਸੜਕ ਸੁਰੱਖਿਆ ਫੋਰਸ ਨੂੰ ਵੀ ਬੁਲਾਇਆ ਗਿਆ। ਐਸਐਚਓ ਨੇ ਦੱਸਿਆ ਕਿ ਉਹ ਹਾਦਸੇ ਦੀ ਜਾਂਚ ਕਰ ਰਹੇ ਹਨ। ਇਸ ਨਾਲ ਜਾਨੀ ਨੁਕਸਾਨ ਤੋਂ ਬਹੁਤ ਬਚਾਅ ਹੋ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.