ETV Bharat / state

ਲੋਕ ਸਭਾ ਚੋਣਾਂ: ਹੁਣ ਕਿਸਾਨ ਬਣੇ ਭਾਜਪਾ ਲਈ ਸਿਰਦਰਦ, ਪਿੰਡ ਵਿਚ ਪ੍ਰਚਾਰ ਕਰਨ ਵਾਲੇ ਉਮੀਦਵਾਰ ਦਾ ਕਰਨਗੇ ਵਿਰੋਧ - Lok Sabha elections

author img

By ETV Bharat Punjabi Team

Published : Mar 31, 2024, 7:16 AM IST

Lok Sabha elections: ਲੋਕ ਸਭਾ ਚੋਣਾਂ ਨੂੰ ਲੈਕੇ ਇੱਕ ਪਾਸੇ ਲੀਡਰ ਪ੍ਰਚਾਰ ਕਰ ਰਹੇ ਹਨ ਤਾਂ ਦੂਜੇ ਪਾਸੇ ਕਿਸਾਨਾਂ ਵਲੋਂ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਕਿਸਾਨਾਂ ਵਲੋਂ ਪਿੰਡਾਂ 'ਚ ਭਾਜਪਾ ਲੀਡਰਾਂ ਦੇ ਦਾਖ਼ਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਲੋਕ ਸਭ ਚੋਣਾਂ
ਲੋਕ ਸਭ ਚੋਣਾਂ

ਪਿੰਡ ਵਿਚ ਪ੍ਰਚਾਰ ਕਰਨ ਵਾਲੇ ਉਮੀਦਵਾਰ ਦਾ ਕਰਨਗੇ ਵਿਰੋਧ

ਸੰਗਰੂਰ: ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਸਰਗਰਮੀਆਂ ਤੇਜ਼ ਹਨ ਤਾਂ ਦੂਜੇ ਪਾਸੇ ਆਪਣੀਆਂ ਮੰਗਾਂ ਨੂੰ ਲੈਕੇ ਕਿਸਾਨ ਵਜਿੱਦ ਹਨ। ਜਿਸ ਦੇ ਚੱਲਦੇ ਉਹ ਪੰਜਾਬ ਹਰਿਆਣਾ ਦੇ ਬਾਰਡਰਾਂ 'ਤੇ ਡਟੇ ਹੋਏ ਹਨ ਤਾਂ ਜੋ ਉਹ ਦਿੱਲੀ ਕੂਚ ਕਰ ਸਕਣ। ਉਨ੍ਹਾਂ ਨੂੰ ਅੱਗੇ ਵੱਧਣ ਤੋਂ ਹਰਿਆਣਾ ਸਰਕਾਰ ਵਲੋਂ ਰੋਕਿਆ ਜਾ ਰਿਹਾ ਹੈ ਤੇ ਨਾਲ ਹੀ ਤਸ਼ੱਦਦ ਵੀ ਕੀਤਾ ਗਿਆ ਹੈ। ਜਿਸ ਦੇ ਚੱਲਦੇ ਕਿਸਾਨਾਂ ਨੇ ਪੰਜਾਬ 'ਚ ਭਾਜਪਾ ਦਾ ਵਿਰੋਧ ਕਰਨ ਦੀ ਗੱਲ ਆਖੀ ਹੈ। ਜਿਸ ਦਾ ਅਸਰ ਸੰਗਰੂਰ ਦੇ ਪਿੰਡਾਂ 'ਚ ਦੇਖਣ ਨੂੰ ਵੀ ਮਿਲ ਰਿਹਾ ਹੈ ਅਤੇ ਜਿਥੇ ਪਿੰਡ ਨਮੋਲ 'ਚ ਕਿਸਾਨਾਂ ਵਲੋਂ ਭਾਜਪਾ ਲੀਡਰਾਂ ਦੇ ਪਿੰਡਾਂ 'ਚ ਦਾਖ਼ਲ ਹੋਣ 'ਤੇ ਪਾਬੰਦੀ ਲਗਾਈ ਗਈ ਹੈ।

ਪਿੰਡਾਂ 'ਚ ਹੋਵੇਗਾ ਭਾਜਪਾ ਦਾ ਵਿਰੋਧ: ਇਸ ਸਬੰਧੀ ਕਿਸਾਨਾਂ ਦਾ ਕਹਿਣਾ ਕਿ ਜੇਕਰ ਕੋਈ ਭਾਜਪਾ ਆਗੂ ਪਿੰਡ 'ਚ ਆਉਂਦਾ ਹੈ ਤਾਂ ਉਹ ਇਸ ਦਾ ਵਿਰੋਧ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਸਾਡੇ ਨੌਜਵਾਨਾਂ ਦੀ ਕਾਤਿਲ ਹੈ, ਜੇਕਰ ਉਨ੍ਹਾਂ ਦਾ ਕੋਈ ਆਗੂ ਸਾਡੇ ਪਿੰਡ ਆਇਆ ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਰਹੱਦ 'ਤੇ ਚੱਲ ਰਹੇ ਸੰਘਰਸ਼ ਕਾਰਨ ਕਿਸਾਨਾਂ ਨੇ ਫੈਸਲਾ ਕੀਤਾ ਕਿ ਮੋਦੀ ਸਰਕਾਰ ਸਾਨੂੰ ਦਿੱਲੀ ਨਹੀਂ ਆਉਣ ਦੇਣਾ ਚਾਹੁੰਦੀ ਤੇ ਹੁਣ ਅਸੀਂ ਉਨ੍ਹਾਂ ਨੂੰ ਆਪਣੇ ਪਿੰਡਾਂ ਨਹੀਂ ਆਉਣ ਦੇਵਾਂਗੇ।

ਕਿਸਾਨਾਂ ਦੀਆਂ ਮੰਗਾਂ ਨਹੀਂ ਹੋਈਆਂ ਪੂਰੀਆਂ: ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਕਿਸੇ ਵੀ ਆਗੂ ਨੂੰ ਪਿੰਡ ਲੈ ਕੇ ਆਉਂਦਾ ਹੈ ਤਾਂ ਉਸ ਦੇ ਵਿਰੋਧ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਹਰਿਆਣਾ ਅਤੇ ਪੰਜਾਬ ਦੀ ਸਰਹੱਦ 'ਤੇ ਬੈਠੇ ਹਨ, ਜਿਸ ਕਾਰਨ ਦਿੱਲੀ ਤੱਕ ਮਾਰਚ ਕਰਨ ਦਾ ਸੱਦਾ ਦਿੱਤਾ ਸੀ ਤਾਂ ਜੋ 2020 ਦੇ ਅੰਦੋਲਨ ਦੌਰਾਨ ਛੱਡੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਕਰਜ਼ਾ ਮੁਆਫ਼ੀ ਅਤੇ ਐਮ.ਐਸ.ਪੀ ਦੀ ਗੱਲ ਕੀਤੀ ਸੀ ਪਰ ਹੁਣ ਤੱਕ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਤੋਂ ਲੈ ਕੇ ਅਸੀਂ ਲਗਾਤਾਰ ਆਪਣੀਆਂ ਮੰਗਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰਾਂ ਰਾਹੀਂ ਦਿੰਦੇ ਆ ਰਹੇ ਹਾਂ ਪਿਰ ਹੁਣ ਤੱਕ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਭਾਜਪਾ ਸਰਕਾਰ ਨੇ ਕਿਸਾਨਾਂ 'ਤੇ ਕੀਤਾ ਤਸ਼ੱਦਦ: ਕਿਸਾਨਾਂ ਦਾ ਕਹਿਣਾ ਕਿ 13 ਫਰਵਰੀ ਨੂੰ ਜਦੋਂ ਕਿਸਾਨਾਂ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਵੱਲੋਂ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਇਸ ਤੋਂ ਬਾਅਦ ਜਦੋਂ ਮੁੜ ਕੂਚ ਦਾ ਐਲਾਨ ਕੀਤਾ ਗਿਆ ਤਾਂ ਇੰਨ੍ਹਾਂ ਵਲੋਂ ਸਾਡੇ ਨੌਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ 'ਚ ਨੌਜਵਾਨ ਕਿਸਾਨ ਸ਼ੁੱਭਕਰਨ ਸ਼ਹੀਦ ਹੋ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਨੇ ਤੇ ਜਦੋਂ ਤੱਕ ਉਨ੍ਹਾਂ ਨੂੰ ਹੱਲ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਦੇ ਪਿੰਡਾਂ 'ਚ ਭਾਜਪਾ ਲੀਡਰਾਂ ਦਾ ਵਿਰੋਧ ਕਰਦੇ ਰਹਿਣਗੇ। ਬਜ਼ੁਰਗ ਕਿਸਾਨ ਔਰਤਾਂ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਨੇ ਸਾਡੇ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਨੂੰ ਸਾਡੇ ਪਿੰਡ ਆ ਕੇ ਚੋਣ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਹੈ ਅਤੇ ਇਸ ਕਾਰਨ ਅਸੀਂ ਉਨ੍ਹਾਂ ਦਾ ਪੂਰਾ ਵਿਰੋਧ ਕਰਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.