ETV Bharat / state

ਸਰਕਾਰ ਨੇ ਸ਼ੁਰੂ ਕੀਤੀ ਘਰ-ਘਰ ਰਾਸ਼ਨ ਸਕੀਮ, ਲੋਕਾਂ ਸਭਾ ਚੋਣਾਂ ਨੂੰ ਲੈਕੇ CM ਮਾਨ ਤੇ ਕੇਜਰੀਵਾਲ ਨੇ ਆਖੀ ਵੱਡੀ ਗੱਲ

author img

By ETV Bharat Punjabi Team

Published : Feb 10, 2024, 4:05 PM IST

Updated : Feb 10, 2024, 7:13 PM IST

ਪੰਜਾਬ ਸਰਕਾਰ ਵਲੋਂ ਖੰਨਾ 'ਚ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਮਹੀਨੇ ਹੀ ਲੋਕਾਂ ਸਭਾ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

Ghar Ghar Rashan Scheme
Ghar Ghar Rashan Scheme

ਖੰਨਾ/ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਘਰ-ਘਰ ਰਾਸ਼ਨ ਸਕੀਮ ਸ਼ੁਰੂ ਕੀਤੀ ਹੈ। ਸ਼ਨੀਵਾਰ ਨੂੰ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਘਰ-ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਇਸ ਸਕੀਮ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ।

ਹਰ ਮਹੀਨੇ ਖੁਦ ਲੋਕਾਂ ਦੇ ਘਰ ਰਾਸ਼ਨ ਪਹੁੰਚੇਗਾ: ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਂ ਰੈਲੀ 'ਚ ਬੋਲਦਿਆਂ ਕਿਹਾ ਕਿ ਜੋ ਆਟਾ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਘਰਾਂ 'ਚ ਪਹੁੰਚਦਾ ਹੈ, ਉਹ ਹੀ ਆਟਾ ਹੁਣ ਇਸ ਸਕੀਮ ਤਹਿਤ ਲੋਕਾਂ ਦੇ ਘਰਾਂ ਤੱਕ ਪਹੁੰਚੇਗਾ। ਹੁਣ ਤੋਂ ਹਰ ਮਹੀਨੇ ਖੁਦ ਲੋਕਾਂ ਦੇ ਘਰ ਰਾਸ਼ਨ ਪਹੁੰਚਿਆ ਕਰੇਗਾ। ਜਿਸ ਨੂੰ ਆਟਾ ਚਾਹੀਦਾ ਹੈ ਉਸ ਨੂੰ ਆਟਾ ਦਿੱਤਾ ਜਾਵੇਗਾ ਅਤੇ ਜੋ ਚਾਵਲ ਚਾਹੁੰਦਾ ਹੈ ਉਸਨੂੰ ਚਾਵਲ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਚੰਗੀ ਕੁਆਲਿਟੀ ਦਾ ਆਟਾ ਲੋਕਾਂ ਤੱਕ ਪਹੁੰਚਦਾ ਕਰੇਗੀ।

ਹੁਣ ਵੇਰਕਾ ਨੂੰ ਕੀਤਾ ਜਾਵੇਗਾ ਪ੍ਰਮੋਟ: ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਡੇਅਰੀ ਪੰਜਾਬ ਵਿੱਚ ਕਿਸਾਨਾਂ ਦਾ ਦੂਜਾ ਸਭ ਤੋਂ ਵੱਡਾ ਧੰਦਾ ਹੈ। ਹੁਣ ਪੰਜਾਬ ਦੇ ਵੇਰਕਾ ਨੂੰ ਪ੍ਰਮੋਟ ਕੀਤਾ ਜਾਵੇਗਾ। ਵੇਰਕਾ ਨੂੰ ਦਿੱਲੀ 'ਚ ਦੁੱਧ ਦੀ ਡਿਲੀਵਰੀ ਕਰਨ ਦੀ ਇਜਾਜ਼ਤ ਮਿਲ ਗਈ ਹੈ। ਹੁਣ ਵੇਰਕਾ ਆਪਣਾ ਦੁੱਧ ਅਤੇ ਉਤਪਾਦ ਦਿੱਲੀ ਲੈ ਕੇ ਜਾਵੇਗਾ। ਇਸ ਤੋਂ ਬਾਅਦ ਅਸੀਂ ਬੰਗਾਲ ਵੱਲ ਵਧਾਂਗੇ। ਇਸ ਦੇ ਨਾਲ ਹੀ ਉਨ੍ਹਾਂ ਲੋਕ ਸਭਾ ਚੋਣਾਂ ਨੂੰ ਲੈਕੇ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਪੰਜਾਬ ਦੀਆਂ 13 ਅਤੇ ਚੰਡੀਗੜ੍ਹ ਦੀ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਜਿੱਤਣਗੇ ਜੇ ਤੁਸੀਂ ਚਾਹੁੰਦੇ ਹੋ।

ਅਕਾਲੀ ਦਲ ਅਤੇ ਵਿਰੋਧੀਆਂ 'ਤੇ ਨਿਸ਼ਾਨਾ: ਉਧਰ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਪਰਿਵਾਰ ਬਚਾਓ ਯਾਤਰਾ ਕੱਢ ਰਿਹਾ ਹੈ ਨਾ ਕਿ ਪੰਜਾਬ ਬਚਾਓ ਯਾਤਰਾ ਕੱਢ ਰਿਹਾ। ਅੱਜ ਸੁਖਬੀਰ ਬਾਦਲ ਕਾਰ ਦੀ ਛੱਤ 'ਤੇ ਬੈਠ ਕੇ ਖਾਣਾ ਖਾ ਰਹੇ ਹਨ। ਇਹ ਤੁਹਾਡੇ ਲੋਕਾਂ ਕਰਕੇ ਹੋ ਸਕਦਾ ਹੈ, ਕੀ ਸੁਖਬੀਰ ਬਾਦਲ ਨੇ ਕਦੇ ਅਜਿਹਾ ਕੀਤਾ ਹੈ। ਉਹ ਪੰਜਾਬ ਬਚਾਓ ਦਾ ਨਾਅਰਾ ਦੇ ਰਹੇ ਹਨ, ਇੰਨ੍ਹਾਂ ਨੂੰ ਪੁੱਛੋ ਕਿ ਕਿਸ ਤੋਂ ਬਚਾਓ। ਤੁਹਾਡੇ ਤੋਂ ਹੀ ਤਾਂ ਬਚਾਉਣਾ ਸੀ। ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਕਹਿ ਰਿਹਾ ਹਾਂ ਕਿ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਬੀਰ ਬਾਦਲ ਨਵੀਂ ਕਿਸਮ ਦੇ ਬੇਰੁਜ਼ਗਾਰ ਹਨ। ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ। ਕਾਂਗਰਸ ਨੂੰ ਤਾਂ ਖੁਦ ਨੂੰ ਪਤਾ ਨਹੀਂ ਕਿ ਉਨ੍ਹਾਂ ਦੇ ਕਿੰਨੇ ਧੜੇ ਹਨ। ਆਪਸ ਵਿੱਚ ਹੀ ਲੜਦੇ ਰਹਿੰਦੇ ਹਨ।

ਲੋਕ ਸਭਾ ਉਮੀਦਵਾਰਾਂ ਦਾ ਐਲਾਨ ਜਲਦ: ਉਧਰ ਇਸ ਸਕੀਮ ਦੀ ਸ਼ੁਰੂਆਤ ਮੌਕੇ ਮਹਾਂ ਰੈਲੀ 'ਚ ਪਹੁੰਚੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 'ਆਪ' ਪੰਜਾਬ 'ਚ ਇਕੱਲਿਆਂ ਹੀ ਚੋਣਾਂ ਲੜੇਗੀ। ਲੋਕ ਸਭਾ ਚੋਣਾਂ 2 ਮਹੀਨੇ ਬਾਅਦ ਹਨ। ਪੰਜਾਬ ਵਿੱਚ 13 ਅਤੇ ਚੰਡੀਗੜ੍ਹ ਵਿੱਚ ਇੱਕ ਸੀਟ ਹੈ। ਆਉਣ ਵਾਲੇ 14-15 ਦਿਨਾਂ ਵਿੱਚ 14 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਵਾਅਦਾ ਕਰੋ ਕਿ ਇਨ੍ਹਾਂ 14 ਵਿੱਚੋਂ ਸਾਰੀਆਂ 14 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜਾਣਗੀਆਂ। ਕਲੀਨ ਸਵੀਪ ਕੀਤੀ ਜਾਣੀ ਹੈ।

ਪਹਿਲਾਂ ਲੋਕਾਂ ਤੱਕ ਨਹੀਂ ਪਹੁੰਚਦੀ ਸੀ ਸਕੀਮ: ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਲੁਧਿਆਣਾ ਦੇ ਖੰਨਾ 'ਚ ਆਯੋਜਿਤ ਮਹਾਰੈਲੀ 'ਚ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਘਰ-ਘਰ ਰਾਸ਼ਨ ਸਕੀਮ ਸ਼ੁਰੂ ਕੀਤੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ। ਕੇਜਰੀਵਾਲ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਹਨ। ਉੱਪਰੋਂ ਰਾਸ਼ਨ ਆਇਆ, ਪਰ ਲੋਕਾਂ ਤੱਕ ਨਹੀਂ ਪਹੁੰਚਿਆ। ਮੰਤਰੀ, ਨੇਤਾ, ਸਰਕਾਰੀ ਅਫ਼ਸਰ ਖਾ ਜਾਂਦੇ ਸੀ। ਅਜਿਹਾ ਨਹੀਂ ਸੀ ਕਿ ਇਸ ਚੋਰੀ ਨੂੰ ਰੋਕਿਆ ਨਹੀਂ ਜਾ ਸਕਦਾ,ਪਰ ਨੀਅਤ ਹੀ ਨਹੀਂ ਸੀ। ਹੁਣ ਇਮਾਨਦਾਰ ਸਰਕਾਰ ਆਈ ਹੈ।

ਕਣਕ ਅਤੇ ਆਟੇ ਦੀ ਹੋਮ ਡਿਲੀਵਰੀ ਸ਼ੁਰੂ : ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਪਹਿਲੇ ਪੜਾਅ ਵਿੱਚ ਸਰਕਾਰ 24 ਲੱਖ ਪਰਿਵਾਰਾਂ ਨੂੰ ਕਣਕ ਅਤੇ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਕਰ ਰਹੀ ਹੈ। ਪਿਛਲੀ ਕੈਬਨਿਟ ਮੀਟਿੰਗ ਵਿੱਚ ਕਰੀਬ 10 ਲੱਖ ਰਾਸ਼ਨ ਕਾਰਡ ਬਹਾਲ ਕੀਤੇ ਗਏ ਸਨ। ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਜਲਦੀ ਹੀ ਲੋਕਾਂ ਲਈ ਇਹ ਸਕੀਮ ਸ਼ੁਰੂ ਕੀਤੀ ਜਾਵੇਗੀ। ਸਕੀਮ 'ਚ ਪ੍ਰਤੀ ਵਿਅਕਤੀ 5 ਕਿਲੋ ਆਟਾ ਜਾਂ ਕਣਕ ਦੇਣ ਦੀ ਯੋਜਨਾ ਹੈ। ਇਸ ਦੇ ਲਈ ਪ੍ਰਤੀ ਮਹੀਨਾ 72500 ਟਨ ਕਣਕ ਦੀ ਲੋੜ ਹੈ। ਇਹ ਤੈਅ ਕਰਨ ਲਈ ਰਣਨੀਤੀ ਬਣਾਈ ਜਾ ਰਹੀ ਹੈ ਕਿ ਕਿਹੜੇ ਲੋਕ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ। ਇਹ ਸਕੀਮ ਪੜਾਅਵਾਰ ਸ਼ੁਰੂ ਕੀਤੀ ਜਾਵੇਗੀ।

Last Updated :Feb 10, 2024, 7:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.