ETV Bharat / state

ਸੀਐਮ ਮਾਨ ਨੇ ਸਰਕਾਰ ਬਣਨ ਤੋਂ ਬਾਅਦ ਪਾਕਿ ਜੇਲ੍ਹ 'ਚ ਬੰਦ ਸੁਰਜੀਤ ਸਿੰਘ ਦੀ ਰਿਹਾਈ ਦਾ ਨਹੀਂ ਪੁਗਾਇਆ ਵਾਅਦਾ, ਪੁੱਤਰ ਨੇ ਦਿੱਤੀ ਖੁਦਕੁਸ਼ੀ ਕਰਨ ਦੀ ਧਮਕੀ

author img

By ETV Bharat Punjabi Team

Published : Jan 27, 2024, 6:15 PM IST

ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਭਰੋਸਾ ਦੇਣ ਤੋਂ ਬਾਅਦ, ਪਕਿਸਤਾਨ ਦੀ ਜੇਲ੍ਹ ਵਿਚ ਬੰਦ 1971 ਦੀ ਜੰਗ ਦੇ ਜੰਗੀ ਕੈਦੀ ਭਾਰਤੀ ਫੌਜੀ ਸੁਰਜੀਤ ਸਿੰਘ ਦੀ ਰਿਹਾਈ ਦੀ ਪਰਿਵਾਰ ਨੂੰ ਆਸ ਬੱਝੀ ਹੈ। ਇਸ ਦੇ ਨਾਲ ਹੀ, ਦੁਖੀ ਪਰਿਵਾਰ ਨੇ ਸੀਐਮ ਮਾਨ ਨੂੰ ਉਨ੍ਹਾਂ ਦਾ ਵਾਅਦਾ ਵੀ ਯਾਦ ਕਰਵਾਇਆ ਹੈ, ਅਤੇ ਫੌਜੀ ਦੇ ਪੁੱਤਰ ਨੇ ਕਿਹਾ ਹੈ ਕਿ ਜੇਕਰ ਇਸ ਵਾਰ ਵੀ ਹੱਲ ਨਾ ਹੋਇਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ।

Indian Army Surjit Singh
Indian Army Surjit Singh

ਫੌਜੀ ਸੁਰਜੀਤ ਸਿੰਘ ਦੀ ਰਿਹਾਈ ਦਾ ਨਹੀਂ ਪੁਗਾਇਆ ਵਾਅਦਾ

ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਟਹਿਣਾਂ ਵਾਸੀ ਭਾਰਤੀ ਫੌਜੀ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਉਸ ਬਿਆਨ ਨਾਲ ਵੱਡੀ ਆਸ ਬੱਝੀ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਫ਼ਰੀਦਕੋਟ ਵਿਖੇ ਝੰਡਾ ਲਹਿਰਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਫੌਜੀ ਸੁਰਜੀਤ ਸਿੰਘ ਦਾ ਮਾਮਲਾ ਕੇਂਦਰੀ ਗ੍ਰਹਿ ਵਿਭਾਗ ਕੋਲ ਚੁੱਕਣ ਦੀ ਗੱਲ ਕਹੀ ਹੈ। ਪੀੜਤ ਪਰਿਵਾਰ ਨੇ ਇਸ ਬਿਆਨ ਉੱਤੇ ਤਸੱਲੀ ਪ੍ਰਗਟਾਈ ਹੈ।

ਫੌਜੀ ਦੇ ਪੁੱਤਰ ਵਲੋਂ ਪੰਜਾਬ ਸਰਕਾਰ ਨੂੰ ਖੁਦਕੁਸ਼ੀ ਕਰਨ ਦੀ ਧਮਕੀ : ਉੱਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਖਾਸ ਕਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਉਹ ਵਾਅਦਾ ਵੀ ਯਾਦ ਕਰਵਾਇਆ, ਜੋ ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਹੁੰਦਿਆ ਫੌਜੀ ਸੁਰਜੀਤ ਸਿੰਘ ਦੇ ਪਰਿਵਾਰ ਨਾਲ ਸਰਕਾਰ ਬਣਨ ਉੱਤੇ ਸੁਰਜੀਤ ਸਿੰਘ ਦੀ ਰਿਹਾਈ ਦਾ ਮਾਮਲਾ ਪਹਿਲ ਦੇ ਅਧਾਰ ਉੱਤੇ ਹੱਲ ਕਰਨ ਦਾ ਕੀਤਾ ਸੀ। ਪਰਿਵਾਰ ਨੇ ਨਾਲ ਹੀ ਜਿਲ੍ਹਾ ਪ੍ਰਸ਼ਾਸਨ ਉੱਤੇ ਵੀ ਕਈ ਸਵਾਲ ਉਠਾਏ। ਇਸ ਦੇ ਨਾਲ ਹੀ, ਫੌਜੀ ਸੁਰਜੀਤ ਸਿੰਘ ਦੇ ਪੁੱਤਰ ਅਮਰੀਕ ਸਿੰਘ ਨੇ ਜਿੱਥੇ ਸੁਰਜੀਤ ਸਿੰਘ ਦੀ ਰਿਹਾਈ ਸੰਬੰਧੀ ਜਲਦ ਕਾਰਵਾਈ ਦੀ ਮੰਗ ਕੀਤੀ, ਉੱਥੇ ਹੀ ਕਿਹਾ ਕਿ ਜੇਕਰ ਸਰਕਾਰ ਨੇ ਹਾਲੇ ਵੀ ਉਨ੍ਹਾਂ ਦਾ ਕੋਈ ਹੱਲ ਨਾ ਕੀਤਾ, ਤਾਂ ਉਨ੍ਹਾਂ ਵੱਲੋਂ ਡਿਪਟੀ ਕਮਿਸਨਰ ਫ਼ਰੀਦਕੋਟ ਦੇ ਦਫ਼ਤਰ ਬਾਹਰ ਧਰਨਾ ਦਿੱਤਾ ਜਾਵੇਗਾ ਅਤੇ ਫੌਜੀ ਦੇ ਲੜਕੇ ਅਮਰੀਕ ਸਿੰਘ ਨੇ ਕਿਹਾ ਕਿ ਇਸ ਦੌਰਾਨ ਉਹ ਖੁਦਕੁਸ਼ੀ ਵੀ ਕਰ ਸਕਦੇ ਹਨ।

ਕੀ ਹੈ ਪੂਰਾ ਮਾਮਲਾ : ਦਰਅਸਲ, ਫ਼ਰੀਦਕੋਟ ਦੇ ਪਿੰਡ ਟਹਿਣਾਂ ਦਾ ਰਹਿਣ ਵਾਲਾ ਸੁਰਜੀਤ ਸਿੰਘ ਹਾਕੀ ਦਾ ਖਿਡਾਰੀ ਸੀ ਅਤੇ ਉਹ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ। 1971 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਉਹ ਲਾਪਤਾ ਹੋ ਗਿਆ ਸੀ ਅਤੇ ਭਾਰਤੀ ਫੌਜ ਨੇ ਉਸ ਨੂੰ ਸ਼ਹੀਦ ਕਰਾਰ ਦੇ ਦਿੱਤਾ ਸੀ। ਪਰਿਵਾਰ ਨੇ ਵੀ ਭਾਣਾ ਮੰਨ ਲਿਆ ਸੀ, ਪਰ 300 ਸਾਲਾ ਖਾਲਸਾ ਸਾਜਨਾ ਦਿਵਸ ਮੌਕੇ ਪਕਿਸਤਾਨ ਸਰਕਾਰ ਵੱਲੋਂ ਭਾਰਤ ਦੇ ਕੁਝ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਸੀ ਜਿਸ ਦੌਰਾਨ ਪਾਕਿਸਤਾਨ ਜੇਲ੍ਹ ਤੋਂ ਆਏ ਕੁਝ ਕੈਦੀਆਂ ਨੇ ਫੌਜੀ ਸੁਰਜੀਤ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਸੀ ਅਤੇ ਸੁਰਜੀਤ ਸਿੰਘ ਦੇ ਜਿੰਦਾ ਹੋਣ ਅਤੇ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੋਣ ਬਾਰੇ ਦੱਸਿਆ ਸੀ। ਉਦੋਂ ਤੋਂ ਹੀ ਫੌਜੀ ਸੁਰਜੀਤ ਸਿੰਘ ਦਾ ਪਰਿਵਾਰ ਸੁਰਜੀਤ ਸਿੰਘ ਦੀ ਰਿਹਾਈ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਹਾੜੇ ਕੱਢਦਾ ਆ ਰਿਹਾ ਹੈ। ਅੱਜ ਤੱਕ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਹੁਣ ਤਾਂ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਫੌਜੀ ਸੁਰਜੀਤ ਸਿੰਘ ਜਿੰਦਾ ਵੀ ਹੈ ਜਾਂ ਨਹੀਂ। ਪਰਿਵਾਰ ਅੱਜ ਵੀ ਉਸ ਦੀ ਉਡੀਕ ਕਰ ਰਿਹਾ।

ਸਰਕਾਰ ਬਣੀ ਨੂੰ 2 ਸਾਲ ਹੋਏ, ਪਰ ਮਾਨ ਨੇ ਵਾਅਦਾ ਨਹੀਂ ਪੁਗਾਇਆ: ਗੱਲਬਾਤ ਕਰਦਿਆਂ ਫੌਜੀ ਸੁਰਜੀਤ ਸਿੰਘ ਦੇ ਲੜਕੇ ਅਮਰੀਕ ਸਿੰਘ ਅਤੇ ਫੌਜੀ ਸੁਰਜੀਤ ਸਿੰਘ ਦੀ ਪੋਤਰੀ ਨੇ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਵੀ ਹੋਈ ਹੈ ਅਤੇ ਆਸ ਵੀ ਬੱਝੀ ਹੈ ਕਿ ਫ਼ਰੀਦਕੋਟ ਪਹੁੰਚੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਉਨ੍ਹਾਂ ਦੇ ਬਜੁਰਗਾਂ ਦੀ ਹਿਰਾਈ ਬਾਰੇ ਕੇਂਦਰੀ ਗ੍ਰਹਿ ਵਿਭਾਗ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਫੌਜੀ ਸੁਰਜੀਤ ਸਿੰਘ ਦੀ ਰਿਹਾਈ ਬਾਰੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੇ ਹਾੜੇ ਕੱਢਦੇ ਆ ਰਹੇ ਹਨ, ਪਰ ਹਾਲੇ ਤੱਕ ਉਨ੍ਹਾਂ ਸਫ਼ਲਤਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸਨ, ਤਾਂ ਉਹ ਉਨ੍ਹਾਂ ਨੂੰ ਮਿਲੇ ਸਨ ਅਤੇ ਭਗਵੰਤ ਮਾਨ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਸੀ। ਇਸ ਉੱਤੇ ਭਗਵੰਤ ਮਾਨ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਸੀ ਕਿ ਜਦੋਂ ਸੂਬੇ ਵਿਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਫੌਜੀ ਸੁਰਜੀਤ ਸਿੰਘ ਦੀ ਪਾਕਿਸਤਾਨ ਜੇਲ੍ਹ ਵਿਚੋਂ ਰਿਹਾਈ ਬਾਰੇ ਪਹਿਲ ਦੇ ਅਧਾਰ ਤੇ ਕੰਮ ਕਰਨਗੇ, ਪਰ ਅੱਜ ਉਨ੍ਹਾਂ ਦੀ ਸਰਕਾਰ ਬਣੀ ਨੂੰ ਕਰੀਬ 2 ਸਾਲ ਦਾ ਸਮਾਂ ਹੋ ਗਿਆ, ਸਰਕਾਰ ਵੱਲੋਂ ਇਸ ਪਾਸੇ ਵੱਲ ਕੋਈ ਵੀ ਕਦਮ ਨਹੀਂ ਪੁੱਟਿਆ ਗਿਆ।

ਕੇਂਦਰ ਗ੍ਰਹਿ ਵਿਭਾਗ ਕੋਲ ਚੁਕਾਂਗੇ ਮਾਮਲਾ: ਉਧਰ ਗਣਤੰਤਰਤਾ ਦਿਵਸ ਮੌਕੇ ਰਾਸਟਰੀ ਝੰਡਾ ਲਹਿਰਾਉਣ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਚ ਪਹੁੰਚੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਵੱਲੋਂ 1965ਅਤੇ 1971 ਦੀ ਜੰਗ ਦੇ ਸਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਤਾਂ ਮੀਡੀਆ ਕਰਮੀਆਂ ਵੱਲੋਂ ਕੈਬਨਿਟ ਮੰਤਰੀ ਨੂੰ ਸਵਾਲ ਪੁਛਿਆ ਗਿਆ ਕਿ ਅੱਜ 1965 ਅਤੇ 1971 ਦੀ ਜੰਗ ਦੇ ਸਹੀਦ ਫੌਜੀਆ ਦੇ ਪਰਿਵਾਰਾਂ ਨੂੰ ਤਾਂ ਸਨਮਾਨਿਤ ਕੀਤਾ ਜਾ ਰਿਹਾ, ਪਰ ਫਰੀਦਕੋਟ ਦਾ ਕਿ ਫੌਜੀ ਸੁਰਜੀਤ ਸਿੰਘ ਜੋ 1971 ਦੀ ਜੰਗ ਵੇਲੇ ਦਾ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੈ। ਉਸ ਅਤੇ ਉਸ ਦੇ ਪਰਿਵਾਰ ਬਾਰੇ ਸਰਕਾਰ ਕੀ ਕਰ ਰਹੀ ਹੈ, ਤਾਂ ਉਨ੍ਹਾਂ ਕਿਹਾ ਕਿ ਇਹ ਬੜਾ ਗੰਭੀਰ ਮਾਮਲਾ ਹੈ। ਇਸ ਬਾਰੇ ਉਹ ਜਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਨਗੇ ਅਤੇ ਫੌਜੀ ਸੁਰਜੀਤ ਸਿੰਘ ਦਾ ਮਾਮਲਾ ਕੇਂਦਰੀ ਗ੍ਰਹਿ ਵਿਭਾਗ ਕੋਲ ਉਠਾਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.