ETV Bharat / state

ਲੋਕ ਸਭਾ ਉਮੀਦਵਾਰ ਸਿਮਰਨਜੀਤ ਮਾਨ ਨੇ ਭਾਜਪਾ ਨੂੰ ਲਪੇਟਿਆ, ਕਿਹਾ- ਵਧੀਕੀਆਂ ਦਾ ਹੁਣ ਲੋਕ ਕਰਨਗੇ ਹਿਸਾਬ - Simranjit Mann attack on BJP

author img

By ETV Bharat Punjabi Team

Published : Apr 19, 2024, 6:50 PM IST

Lok Sabha candidate Simranjit Mann
ਲੋਕ ਸਭਾ ਉਮੀਦਵਾਰ ਸਿਮਰਨਜੀਤ ਮਾਨ ਨੇ ਭਾਜਪਾ ਨੂੰ ਲਪੇਟਿਆ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਭਾ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਭਾਜਪਾ ਉੱਤੇ ਤਿੱਖੇ ਸਿਆਸੀ ਤੰਜ ਕੱਸੇ ਹਨ। ਉਨ੍ਹਾਂ ਆਖਿਆ ਕਿ ਕੁੱਝ ਕਾਰਪੋਰੇਟਾਂ ਨੂੰ ਲਾਹਾ ਪਹੁੰਚਾਉਣ ਲਈ ਭਾਜਪਾ ਨੇ ਕਿਸਾਨਾਂ ਨਾਲ ਵਧੀਕੀਆਂ ਕੀਤੀਆਂ ਹਨ ਅਤੇ ਹੁਣ ਕਿਸਾਨ ਭਾਜਪਾ ਤੋਂ ਹਰ ਧੱਕੇਸ਼ਾਹੀ ਦਾ ਹਿਸਾਬ ਲੈਣਗੇ।

ਸਿਮਰਨਜੀਤ ਸਿੰਘ ਮਾਨ, ਲੋਕ ਸਭਾ ਉਮੀਦਵਾਰ

ਬਰਨਾਲਾ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵਲੋਂ ਅੱਜ ਬਰਨਾਲਾ ਵਿਖੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਵੱਖ-ਵੱਖ ਥਾਵਾਂ 'ਤੇ ਸਿਮਰਨਜੀਤ ਮਾਨ ਦੇ ਕਾਫ਼ਲੇ ਦਾ ਹਲਕੇ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਬਾਦਲ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਝੂਠੇ ਲਾਰੇ ਅਤੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਠੱਗਿਆ। ਰਹਿੰਦੀ ਖੂੰਹਦੀ ਕਸਰ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਕਿਸਾਨਾਂ ਤੇ ਮਜਦੂਰਾਂ ਨਾਲ ਕੀਤੇ ਵਾਅਦੇ ਮੁਕਰ ਕੇ ਕੱਢ ਦਿੱਤੀ। ਇਹ ਲੋਕ ਸਭਾ ਚੋਣਾਂ ਇਨ੍ਹਾਂ ਲਾਰੇ ਲਾਉਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਸਹੀ ਸਮਾਂ ਹੈ।

ਸਿਮਰਨਜੀਤ ਮਾਨ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਆਪ ਤਿੰਨੋਂ ਪਾਰਟੀਆਂ ਦੇ ਐਮ.ਪੀ. ਸੰਸਦ ਵਿੱਚ ਸਨ ਪਰ ਪਿਛਲੇ ਸਮੇਂ ਦੌਰਾਨ ਕਿਸੇ ਵੀ ਪਾਰਟੀ ਦੇ ਲੀਡਰ ਨੇ ਬੰਦੀ ਸਿੰਘਾਂ, ਸਿੱਖ ਆਗੂਆਂ ਦੇ ਹੋਏ ਕਤਲਾਂ, ਘੱਟ ਗਿਣਤੀਆਂ ਉਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੇ ਅੱਤਿਆਚਾਰਾਂ, ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ ਤੇ ਬੇਰੁਜਗਾਰਾਂ ਨਾਲ ਕੀਤੀਆਂ ਵਾਅਦਾ ਖਿਲਾਫੀਆਂ ਬਾਰੇ ਆਵਾਜ਼ ਨਹੀਂ ਉਠਾਈ, ਜਦੋਂ ਕਿ ਉਨ੍ਹਾਂ ਨੇ ਆਪਣੀ ਪਾਰਟੀ ਵੱਲੋਂ ਇਕੱਲੇ ਹੀ ਐਮ.ਪੀ. ਹੋਣ ਦੇ ਬਾਵਜੂਦ ਪੰਜਾਬ ਦੇ ਵੱਖ-ਵੱਖ ਮਸਲਿਆਂ ਬਾਰੇ ਸੰਸਦ ਵਿੱਚ ਆਵਾਜ ਬੁਲੰਦ ਕੀਤੀ ਹੈ। ਪਿਛਲੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਬਾਰੇ ਹਲਕੇ ਦੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਇੱਕ ਐਮ.ਪੀ. ਹਲਕੇ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਇਹੋ ਜਿਹੇ ਕੰਮ ਵੀ ਕਰ ਸਕਦਾ। ਜਿਨ੍ਹਾਂ ਵਿੱਚ ਕੈਂਸਰ ਪੀੜਤਾਂ ਦੀ ਮੱਦਦ ਲਈ ਆਰਥਿਕ ਸਹਾਇਤਾ, ਅੰਗਹੀਣਾਂ ਲਈ ਸਹਾਇਕ ਉਪਕਰਨ, ਕੱਚੇ ਘਰਾਂ ਨੂੰ ਪੱਕਾ ਕਰਨ ਲਈ ਰਾਸ਼ੀ, ਲੈਟਰੀਨ ਬਾਥਰੂਮ ਬਨਾਉਣ ਲਈ ਮੱਦਦ, ਪੀਣ ਵਾਲੀ ਪਾਣੀ ਦਾ ਪ੍ਰਬੰਧ ਕਰਨ ਲਈ ਫੰਡ ਆਦਿ ਕੰਮ ਸ਼ਾਮਲ ਹਨ।

ਮਾਨ ਨੇ ਦੱਸਿਆ ਕਿ ਕਰੀਬ 10 ਕਰੋੜ ਰੁਪਏ ਐਮ.ਪੀ. ਕੋਟੇ ਦੀ ਗ੍ਰਾਂਟ ਸਾਰੇ ਵਰਗਾਂ ਵਿੱਚ ਬਿਨ੍ਹਾਂ ਪੱਖਪਾਤ ਤੋਂ ਬਰਾਬਰ ਵੰਡਣ ਤੋਂ ਇਲਾਵਾ ਅਨੇਕਾਂ ਹੀ ਪ੍ਰੋਜੈਕਟ ਹਲਕੇ ਦੀ ਭਲਾਈ ਲਈ ਮੰਨਜੂਰ ਕਰਵਾਏ ਜਾ ਚੁੱਕੇ ਹਨ। ਇਕੱਲੇ ਜ਼ਿਲ੍ਹਾ ਬਰਨਾਲਾ ਦੇ ਮੁਕੰਮਲ ਬਿਜਲੀ ਨਵੀਨੀਕਰਨ ਲਈ 64 ਕਰੋੜ ਰੁਪਏ ਅਤੇ ਪੂਰੇ ਲੋਕ ਸਭਾ ਹਲਕਾ ਸੰਗਰੂਰ ਦੇ ਮੁਕੰਮਲ ਬਿਜਲੀ ਨਵੀਨੀਕਰਨ ਲਈ 281 ਕਰੋੜ ਰੁਪਏ ਦੀ ਰਾਸ਼ੀ ਮੰਨਜੂਰ ਕਰਵਾਈ ਗਈ ਹੈ। ਮਹਾਂਮਾਰੀਆਂ ਤੋਂ ਬਚਾਅ ਲਈ ਕੌਮੀ ਪੱਧਰ ਦਾ ਵੱਡਾ ਹਸਪਤਾਲ ਬਰਨਾਲਾ ਵਿਖੇ ਮੰਨਜੂਰ ਕਰਵਾਇਆ ਗਿਆ ਹੈ। ਹਲਕੇ ਦੀਆਂ ਡੇਢ ਸੌ ਤੋਂ ਵੱਧ ਸੜਕਾਂ ਦੇ ਨਿਰਮਾਣ ਦਾ ਕੰਮ ਮਨਜੂਰ ਕਰਵਾਇਆ ਗਿਆ ਹੈ।

ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਰੇਲਵੇ ਇੰਜਨੀਅਰਿੰਗ ਯੂਨੀਵਰਸਿਟੀ ਹਲਕੇ ਵਿੱਚ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਹਲਕੇ ਦੇ ਲੋਕਾਂ ਦੀ ਮੰਗ 'ਤੇ ਵੱਖ-ਵੱਖ ਟ੍ਰੇਨਾਂ ਦੇ ਸਟਾਪੇਜ ਹਲਕੇ ਦੇ ਵੱਖ-ਵੱਖ ਸਟੇਸ਼ਨਾਂ ਲਈ ਮਨਜੂਰ ਕਰਵਾਏ ਗਏ ਹਨ। ਉਮੀਦਵਾਰ ਮਾਨ ਨੇ ਕਿਹਾ ਕਿ ਹਲਕਾ ਸੰਗਰੂਰ ਮੇਰਾ ਪਰਿਵਾਰ ਹੈ ਅਤੇ ਉਹ ਹਲਕੇ ਦੇ ਲੋਕਾਂ ਦੇ ਹਰ ਮਸਲੇ ਤੇ ਮੁਸ਼ਕਿਲ ਨੂੰ ਹੱਲ ਕਰਨ ਲਈ ਬਚਨਵੱਧ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਰਿਵਾਇਤੀ ਸਿਆਸੀ ਪਾਰਟੀਆਂ ਦੇ ਲਾਰਿਆਂ ਵਿੱਚ ਆਉਣ ਦੀ ਬਜਾਏ ਪੰਥ ਅਤੇ ਸਮੁੱਚੇ ਪੰਜਾਬ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦਿੱਤਾ ਜਾਵੇ |


ਇਸ ਮੌਕੇ ਜ਼ਿਲ੍ਹਾ ਜਥੇਦਾਰ ਦਰਸ਼ਨ ਸਿੰਘ ਮੰਡੇਰ, ਯੂਥ ਆਗੂ ਗੁਰਪ੍ਰੀਤ ਸਿੰਘ ਖੁੱਡੀ, ਅਜਾਇਬ ਸਿੰਘ ਭੈਣੀ ਫੱਤਾ, ਗੁਰਮੇਲ ਸਿੰਘ ਥਾਣੇਦਾਰ, ਕੁਲਦੀਪ ਸਿੰਘ ਕਾਲਾ, ਸਰਪੰਚ ਕਾਲਾ ਘੁੰਨਸ, ਸੁਖਪਾਲ ਸਿੰਘ ਛੰਨਾ, ਕੁਲਵਿੰਦਰ ਸਿੰਘ ਕਾਹਨੇਕੇ, ਸੁਖਵਿੰਦਰ ਸਿੰਘ ਸ਼ਹਿਣਾ, ਲਵਪ੍ਰੀਤ ਸਿੰਘ ਅਕਲੀਆ, ਸੀਰਾ ਢਿੱਲੋਂ, ਓਕਾਂਰ ਸਿੰਘ ਬਰਾੜ, ਗੁਰਜੀਤ ਸਿੰਘ ਸ਼ਹਿਣਾ, ਬਾਰਾ ਸਿੰਘ, ਹਰਵਿੰਦਰ ਸਿੰਘ ਟੱਲੇਵਾਲ, ਮਨਪ੍ਰੀਤ ਸਿੰਘ ਤਪਾ, ਸੁਖਦੀਪ ਸਿੰਘ ਜੰਗੀਆਣਾ ਸਮੇਤ ਹੋਰ ਆਗੂ ਅਤੇ ਵਰਕਰਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜਰ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.