ETV Bharat / state

ਕਿਸਾਨਾਂ ਨੇ ਮੁੜ ਖਿੱਚੀ ਦਿੱਲੀ ਦੀ ਤਿਆਰੀ, 13 ਫਰਵਰੀ ਨੂੰ ਹਜ਼ਾਰਾਂ ਟਰੈਕਟਰ ਟਰਾਲੀਆਂ ਨਾਲ ਕਰਨਗੇ ਕੂਚ

author img

By ETV Bharat Punjabi Team

Published : Jan 31, 2024, 11:00 AM IST

remaining demands of kissan Andolan: ਕਿਸਾਨਾਂ ਵਲੋਂ ਇੱਕ ਵਾਰ ਫਿਰ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਦਿੱਲੀ ਕੂਚ ਦੀ ਤਿਆਰੀ ਕਰ ਲਈ ਹੈ, ਜਿਸ ਨੂੰ ਲੈਕੇ ਉਨ੍ਹਾਂ ਵਲੋਂ ਲਾਮਬੰਦੀ ਕੀਤੀ ਜਾ ਰਹੀ ਹੈ।

ਕਿਸਾਨਾਂ ਨੇ ਮੁੜ ਖਿੱਚੀ ਦਿੱਲੀ ਦੀ ਤਿਆਰੀ
ਕਿਸਾਨਾਂ ਨੇ ਮੁੜ ਖਿੱਚੀ ਦਿੱਲੀ ਦੀ ਤਿਆਰੀ

ਕਿਸਾਨ ਆਗੂ ਦਿੱਲੀ ਸੰਘਰਸ਼ ਦੀ ਜਾਣਕਾਰੀ ਦਿੰਦੇ ਹੋਏ

ਬਠਿੰਡਾ: ਕੇਂਦਰ ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਅਤੇ ਬਿਜਲੀ ਸੋਧ ਬਿਲ ਨੂੰ ਨਾ ਲੈ ਕੇ ਆਉਣ ਦਾ ਵਾਅਦਾ ਕਰਨ ਉਪਰੰਤ ਕੇਂਦਰ ਸਰਕਾਰ ਵੱਲੋਂ ਉਸ ਨੂੰ ਲੁਕਮੇ ਢੰਗ ਨਾਲ ਰਾਜ ਸਰਕਾਰ ਰਾਹੀਂ ਲਾਗੂ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ 18 ਕਿਸਾਨ ਜਥੇਬੰਦੀਆਂ ਉੱਤਰੀ ਭਾਰਤ ਦੇ ਸਾਂਝੇ ਫੋਰਮ ਵੱਲੋਂ 13 ਫਰਵਰੀ 2024 ਤੋਂ ਮੁੜ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਕਿਸਾਨਾਂ ਦੀਆਂ ਇਹ ਨੇ ਮੰਗਾਂ: ਇਸ ਦੇ ਨਾਲ ਹੀ ਦਿੱਲੀ ਕਿਸਾਨੀ ਅੰਦੋਲਨ ਦੀਆ ਅਧੂਰੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ, ਦੋਸ਼ੀ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਅਤੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਜੇਲ੍ਹ ਵਿੱਚ ਬੰਦ ਕਰਨ ਦੀ ਮੰਗ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ C²+50℅ ਫਾਰਮੂਲੇ ਅਨੁਸਾਰ MSP ਦੀ ਗਰੰਟੀ ਕਾਨੂੰਨ ਲਾਗੂ ਕਰਵਾਉਣਾ,ਕਿਸਾਨਾਂ ਅਤੇ ਮਜ਼ਦੂਰਾਂ ਦੀ ਕੁੱਲ ਕਰਜ ਮੁਕਤੀ ਦੀ ਮੰਗ,ਬਿਜਲੀ ਸੋਧ ਬਿੱਲ 2020 ਨੂੰ ਚਿੱਪ ਵਾਲੇ ਮੀਟਰਾਂ ਰਾਹੀ ਲਾਗੂ ਹੋਣ ਤੋਂ ਰੋਕਣ ਅਤੇ ਚਿੱਪ ਵਾਲੇ ਮੀਟਰ ਲਗਾਉਣ 'ਤੇ ਰੋਕ ਲਗਵਾਉਣਾ,ਅਤਿ ਜਰੂਰੀ ਹਾਲਾਤ ਵਿੱਚ ਸੜਕਾਂ ਬਣਾਉਣ ਸਮੇਂ ਪੁਰਾਣੀ ਤਕਨੀਕ ਬਦਲ ਕੇ ਪਿੱਲਰਾ ਵਾਲੇ ਸੜਕੀ ਮਾਰਗ ਬਣਾਏ ਜਾਣ ਅਤੇ ਪਾਣੀ ਦੇ ਕੁਦਰਤੀ ਵਹਾਅ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਅਤੇ ਕਿਸਾਨਾਂ ਨੂੰ ਮਾਰਕੀਟ ਰੇਟ ਤੋਂ ਛੇ ਗੁਣਾ ਵੱਧ ਮੁਆਵਜ਼ਾ ਦੇਣ ਅਤੇ ਆਮ ਜਨਤਾ ਦੀ ਆਵਾਜਾਈ ਲਈ ਪ੍ਰੈਰਲਲ ਸੜਕ ਦਿੱਤੀ ਜਾਣ ਦੀ ਮੰਗ ਸ਼ਾਮਲ ਹੈ।

ਹਜ਼ਾਰਾਂ ਟਰੈਕਟਰ ਟਰਾਲੀਆਂ ਨਾਲ ਦਿੱਲੀ ਕੂਚ ਦੀ ਤਿਆਰੀ: ਇਸ ਤੋਂ ਇਲਾਵਾ 2013 ਤੋਂ ਪਹਿਲਾਂ ਦੇ ਭੂਮੀ ਅਧਿਗ੍ਰਹਿਣ ਬਿੱਲ ਨੂੰ ਮੁੜ ਤੋਂ ਪ੍ਰਭਾਵੀ ਢੰਗ ਨਾਲ ਮੁੜ ਲਾਗੂ ਕਰਨ ਦੀ ਮੰਗ,ਭਾਰਤ ਵੱਲੋ WTO ਵਿੱਚੋ ਬਾਹਰ ਆਉਣ ਅਤੇ ਬਾਹਰੋਂ ਆ ਰਹੀਆ ਵਸਤੂਆਂ 'ਤੇ ਇੰਪੋਰਟ ਡਿਊਟੀ ਲਗਾ ਕੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪ੍ਰਭਾਵਸ਼ਾਲੀ ਭਾਅ ਦੇਣਾ ਯਕੀਨੀ ਬਣਾਉਣ ਦੀ ਮੰਗ,ਪਰਾਲੀ ਸੰਬੰਧੀ ਮੁਕੱਦਮੇ ਜ਼ੁਰਮਾਨੇ ਰੱਦ ਕਰਵਾਉਣ ਆਦਿ ਮੰਗਾਂ ਨੂੰ ਲੈਕੇ 13 ਫਰਵਰੀ ਨੂੰ ਲੱਖਾਂ ਕਿਸਾਨਾਂ ਵੱਲੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਨਾਲ ਦਿੱਲੀ ਲਈ ਕੂਚ ਕੀਤੀ ਜਾਵੇਗੀ।

ਕਾਕਾ ਸਿੰਘ ਕੋਟੜਾ, ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ
ਕਾਕਾ ਸਿੰਘ ਕੋਟੜਾ, ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ

ਕਿਸਾਨਾਂ ਵਲੋਂ 13 ਫਰਵਰੀ ਨੂੰ ਮੁੜ ਦਿੱਲੀ ਕੂਚ ਦੀ ਤਿਆਰੀ ਕਰ ਲਈ ਹੈ, ਕਿਉਂਕਿ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਕਿਸਾਨਾਂ ਨੂੰ ਮਦਦ, ਐੱਮਐੱਸਪੀ ਕਾਨੂੰਨੀ ਗਰੰਟੀ, ਸੰਘਰਸ਼ ਦੌਰਾਨ ਕਿਸਾਨਾਂ 'ਤੇ ਹੋਏ ਪਰਚੇ ਅਤੇ ਹੋਰ ਕਿਸਾਨੀ ਨਾਲ ਸਬੰਧਿਤ ਸਾਡੀਆਂ ਮੰਗਾਂ ਅਧੂਰੀਆਂ ਪਈਆਂ ਹਨ, ਜੋ ਹੁਣ ਤੱਕ ਪੂਰੀਆਂ ਨਹੀਂ ਹੋਈਆਂ। ਇਸੇ ਕਾਰਨ ਮੁੜ ਤੋਂ ਕਿਸਾਨਾਂ ਨੇ ਹੁਣ ਦਿੱਲੀ ਦੀ ਤਿਆਰੀ ਖਿੱਚ ਲਈ ਹੈ।- ਕਾਕਾ ਸਿੰਘ ਕੋਟੜਾ, ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ

ਪਿੰਡ-ਪਿੰਡ ਕਿਸਾਨਾਂ ਨੂੰ ਕੀਤਾ ਜਾ ਰਿਹਾ ਲਾਮਬੰਦ: ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਨਰਲ ਸਕੱਤਰ ਕਾਕਾ ਸਿੰਘ ਜੀ ਕੋਟੜਾ ਨੇ ਦੱਸਿਆ ਕਿ ਦਿੱਲੀ ਅੰਦੋਲਨ ਲਈ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਸਾਰੇ ਜ਼ਿਲ੍ਹੇ ਅਤੇ ਬਲਾਕਾਂ ਦੀ ਸੂਬਾ ਕਮੇਟੀ ਵੱਲੋ ਡਿਊਟੀ ਲਗਾ ਦਿੱਤੀ ਗਈ ਹੈ। ਜਿਨਾਂ ਵੱਲੋਂ ਪਿੰਡ-ਪਿੰਡ ਵਿੱਚ ਟਰੈਕਟਰ ਮਾਰਚ ਅਤੇ ਝੰਡੇ ਮਾਰਚ ਕੀਤੇ ਜਾ ਰਹੇ ਹਨ ਅਤੇ ਹਰ ਇੱਕ ਬਲਾਕ ਵਿੱਚ ਪ੍ਰਚਾਰ ਲਈ ਲਗਾਤਾਰ ਜਥੇਬੰਦੀ ਵੱਲੋਂ ਗੱਡੀਆਂ ਰਾਹੀਂ ਸਪੀਕਰ ਲਗਾ ਕੇ ਦਿੱਲੀ ਮੋਰਚੇ ਦੀਆਂ ਮੰਗਾਂ ਸਬੰਧੀ ਦੱਸਿਆ ਜਾ ਰਿਹਾ ਹੈ।

ਮਤਭੇਦ ਛੱਡ ਇੱਕ ਮੰਚ 'ਤੇ ਇਕੱਠੇ ਹੋਣ ਦੀ ਲੋੜ: ਕਿਸਾਨ ਆਗੂ ਨੇ ਦੱਸਿਆ ਕਿ ਅੱਜ ਤੱਕ ਗੱਡੀ ਰਾਹੀਂ 100 ਤੋਂ ਉੱਪਰ ਪਿੰਡਾਂ ਵਿੱਚ ਇਹਨਾਂ ਮੰਗਾਂ ਸਬੰਧੀ ਦੱਸ ਕੇ ਦਿੱਲੀ ਮੋਰਚੇ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਚੁੱਕਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਰਹਿੰਦੇ ਸਾਰੇ ਪਿੰਡਾਂ ਵਿੱਚ ਗੱਡੀ ਰਾਹੀਂ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਇਕੱਠਾ ਲੜਨ ਵਾਲੀਆਂ ਜਥੇਬੰਦੀਆਂ ਜੋ ਹੁਣ ਵੱਖ ਹੋ ਗਈਆਂ ਸਨ, ਉਹਨਾਂ ਨੂੰ ਇੱਕ ਮੰਚ 'ਤੇ ਇਕੱਠਾ ਹੋਣਾ ਚਾਹੀਦਾ ਹੈ ਤਾਂ ਜੋ ਕੇਂਦਰ ਸਰਕਾਰ ਤੋਂ ਮੰਗਾਂ ਬਣਵਾਈਆਂ ਜਾ ਸਕਣ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਜਥੇਬੰਦੀ ਤੋਂ ਕਿਸੇ ਤਰ੍ਹਾਂ ਦੀ ਗਲਤੀ ਹੋਈ ਹੈ ਤਾਂ ਉਹ ਹੱਥ ਜੋੜ ਕੇ ਮੁਆਫੀ ਮੰਗਣ ਨੂੰ ਤਿਆਰ ਹਨ ਪਰ ਅੱਜ ਕਿਸਾਨ ਹਿੱਤਾਂ ਲਈ ਇੱਕ ਮੰਚ 'ਤੇ ਇਕੱਠੇ ਹੋਣ ਦੀ ਲੋੜ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.