ETV Bharat / state

ਭਾਜਪਾ ਨੂੰ ਜਲੰਧਰ 'ਚ ਲੱਗਿਆ ਝਟਕਾ, ਵਿਜੇ ਸਾਂਪਲਾ ਦੇ ਭਤੀਜੇ ਨੇ ਭਾਜਪਾ ਦਾ 'ਕਮਲ' ਛੱਡ ਫੜਿਆ ਝਾੜੂ ਦਾ ਪੱਲਾ - BJP Leader Join AAP

author img

By ETV Bharat Punjabi Team

Published : Apr 23, 2024, 3:57 PM IST

BJP Leader Join AAP
BJP Leader Join AAP

ਲੋਕ ਸਭਾ ਚੋਣਾਂ ਨੂੰ ਲੈਕੇ ਸਰਗਰਮੀਆਂ ਤੇਜ਼ ਹਨ ਤਾਂ ਉਥੇ ਹੀ ਦਲ ਬਦਲੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ ਜਲੰਧਰ 'ਚ ਭਾਜਪਾ ਨੂੰ ਉਸ ਸਮੇਂ ਝੱਟਕਾ ਲੱਗਾ ਜਦੋਂ SC ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ।

ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਨਾਲ ਹੀ ਚੋਣ ਪ੍ਰਚਾਰ ਵੀ ਉਨ੍ਹਾਂ ਵਲੋਂ ਜੋਰਾਂ ਸ਼ੋਰਾਂ 'ਤੇ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਪਾਰਟੀਆਂ ਬਦਲ ਕੇ ਦੂਜੀ ਪਾਰਟੀ 'ਚ ਸ਼ਾਮਲ ਹੋਣ ਦਾ ਰੁਝਾਨ ਵੀ ਸਿਖਰਾਂ 'ਤੇ ਹੈ।

ਵਿਜੇ ਸਾਂਪਲਾ ਦਾ ਭਤੀਜਾ ਹੈ ਰੌਬਿਨ ਸਾਂਪਲਾ: ਇਸ ਦੇ ਚੱਲਦੇ ਜਲੰਧਰ ਪੰਜਾਬ ਦੀ ਹਾੱਟ ਸੀਟ ਬਣਦੀ ਜਾ ਰਹੀ ਹੈ, ਕਿਉਂਕਿ ਜਿਥੇ ਪਿਛਲੇ ਦਿਨੀਂ ਸਾਬਕਾ ਮਰਹੂਮ ਸਾਂਸਦ ਸੰਤੋਖ ਚੌਧਰੀ ਦੀ ਪਤਨੀ ਨੇ ਭਾਜਪਾ ਦਾ ਕਮਲ ਫੜਿਆ ਸੀ ਤਾਂ ਉਥੇ ਹੀ ਹੁਣ ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰੌਬਿਨ ਸਾਂਪਲਾ ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਦਾ ਭਤੀਜਾ ਹੈ। ਜਿਸ ਨੂੰ ਜਲੰਧਰ ਸੈਂਟਰਲ ਤੋਂ 'ਆਪ' ਵਿਧਾਇਕ ਰਮਨ ਅਰੋੜਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ 'ਚ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ 'ਤੇ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ ਹੈ।

ਸੁਸ਼ੀਲ ਰਿੰਕੂ ਤੋਂ ਨਾਰਾਜ਼ ਹੋਣ ਕਾਰਨ ਛੱਡੀ ਪਾਰਟੀ: ਅਜਿਹੇ 'ਚ ਭਾਜਪਾ ਲਈ ਇਸ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਰੌਬਿਨ ਸਾਂਪਲਾ ਪਿਛਲੇ ਇਕ ਦਹਾਕੇ ਤੋਂ ਭਾਜਪਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਜਲੰਧਰ ਵਿਚ ਆਪਣੀ ਪਕੜ ਕਾਫੀ ਮਜ਼ਬੂਤ ​​ਬਣਾਈ ਹੋਈ ਹੈ ਤੇ ਖਾਸਕਰ ਨੌਜਵਾਨਾਂ 'ਚ ਉਨ੍ਹਾਂ ਦਾ ਚੰਗਾ ਪ੍ਰਭਾਵ ਸੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਸੁਸ਼ੀਲ ਰਿੰਕੂ ਦੇ ਭਾਜਪਾ 'ਚ ਆਉਂਦੇ ਹੀ ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਰੌਬਿਨ ਸਾਂਪਲਾ ਪਾਰਟੀ ਤੋਂ ਨਾਰਾਜ਼ ਸੀ, ਕਿਉਂਕਿ ਉਨ੍ਹਾਂ ਦੇ ਸੁਸ਼ੀਲ ਰਿੰਕੂ ਨਾਲ ਵਿਚਾਰਕ ਮਤਭੇਦ ਬਣੇ ਹੋਏ ਸਨ। ਇਸ ਦੇ ਚੱਲਦੇ ਉਹ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।

ਵਿਜੇ ਸਾਂਪਲਾ ਵੀ ਭਾਜਪਾ ਸਿਆਸਤ ਤੋਂ ਦੂਰ: ਦੱਸ ਦਈਏ ਕਿ ਹਾਲ ਹੀ 'ਚ ਭਾਜਪਾ ਨੇ ਰੌਬਿਨ ਸਾਂਪਲਾ ਨੂੰ ਹੁਸ਼ਿਆਰਪੁਰ ਦੀ ਜ਼ਿੰਮੇਵਾਰੀ ਸੌਂਪੀ ਸੀ ਪਰ ਉਹ ਇਸ ਜ਼ਿੰਮੇਵਾਰੀ ਤੋਂ ਨਾਖੁਸ਼ ਲੱਗ ਰਹੇ ਸੀ। ਅਜਿਹੇ 'ਚ ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਵਿਜੇ ਸਾਂਪਲਾ ਵੀ ਭਾਜਪਾ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ ਕਿਉਂਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੂੰ ਮਨਾਉਣ ਲਈ ਹੁਸ਼ਿਆਰਪੁਰ ਸਥਿਤ ਵਿਜੇ ਸਾਂਪਲਾ ਦੀ ਰਿਹਾਇਸ਼ 'ਤੇ ਪੁੱਜੇ ਸਨ, ਪਰ ਉਸ ਤੋਂ ਬਾਅਦ ਵਿਜੇ ਸਾਂਪਲਾ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਅਤੇ ਉਹ ਅਜੇ ਵੀ ਆਉਣ ਵਾਲੀ ਚੋਣ ਮੁਹਿੰਮ ਨੂੰ ਲੈ ਕੇ ਪਾਰਟੀ ਤੋਂ ਦੂਰ ਨਜ਼ਰ ਆ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.