ETV Bharat / state

ਖੁਸ਼ੀਆਂ ਵਾਲੇ ਘਰ 'ਚ ਵਿਛੇ ਸੱਥਰ, ਜਨਮਦਿਨ ਮੌਕੇ ਆਨਲਾਈਨ ਮੰਗਾਇਆ ਕੇਕ ਬਣਿਆ ਕਾਲ ! - girl died after eating cake

author img

By ETV Bharat Punjabi Team

Published : Mar 30, 2024, 8:47 PM IST

ਪਟਿਆਲਾ 'ਚ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ, ਜਦੋਂ ਬੱਚੀ ਦੇ ਜਨਮਦਿਨ ਮੌਕੇ ਆਨਲਾਈਨ ਮੰਗਵਾਇਆ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਹੀ ਮੌਤ ਹੋ ਗਈ, ਜਦਕਿ ਬਾਕੀ ਪਰਿਵਾਰ ਦੀ ਵੀ ਇਸ ਦੌਰਾਨ ਸਿਹਤ ਵਿਗੜ ਗਈ ਪਰ ਉਨ੍ਹਾਂ ਦੀ ਜਾਨ ਬਚ ਗਈ।

ਖੁਸ਼ੀਆਂ ਵਾਲੇ ਘਰ 'ਚ ਵਿਛੇ ਸੱਥਰ
ਖੁਸ਼ੀਆਂ ਵਾਲੇ ਘਰ 'ਚ ਵਿਛੇ ਸੱਥਰ

ਖੁਸ਼ੀਆਂ ਵਾਲੇ ਘਰ 'ਚ ਵਿਛੇ ਸੱਥਰ

ਪਟਿਆਲਾ: ਕਦੋ ਕਿਸੇ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਜਾਣ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਦਿਲ ਨੂੰ ਝੰਜੋੜਨ ਵਾਲਾ ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿਥੇ 10 ਸਾਲਾ ਬੱਚੀ ਦੇ ਜਨਮ ਦਿਨ ਮੌਕੇ ਆਨਲਾਈਨ ਮੰਗਵਾਇਆ ਕੇਕ ਉਸ ਦੀ ਮੌਤ ਦਾ ਕਾਰਨ ਬਣ ਗਿਆ। ਇਸ ਦੇ ਨਾਲ ਹੀ ਪਰਿਵਾਰ ਦੇ ਹੋਰ ਚਾਰ ਜੀਆਂ ਦੀ ਵੀ ਸਿਹਤ ਖ਼ਰਾਬ ਹੋ ਗਈ। ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਬੱਚੀ ਦੇ ਜਨਮਦਿਨ ਮੌਕੇ ਇਹ ਕੇਕ ਆਨਲਾਈਨ ਆਰਡਰ ਕੀਤਾ ਸੀ।

ਪੁਲਿਸ ਵਲੋਂ ਮਾਮਲਾ ਦਰਜ: ਉਧਰ ਪੁਲੀਸ ਨੇ ਇਸ ਮਾਮਲੇ ਵਿੱਚ ਅਦਾਲਤ ਬਾਜ਼ਾਰ ਸਥਿਤ ਕੇਕ ਕਾਨ੍ਹਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਧਾਰਾ 304-ਏ (ਗੈਰ ਇਰਾਦਾ ਕਤਲ) ਅਤੇ 273 ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਮੈਡੀਕਲ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲੇਗਾ। ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਉਥੇ ਹੀ ਮ੍ਰਿਤਕ ਲੜਕੀ ਦੀ ਪਛਾਣ ਮਾਨਵੀ ਵਜੋਂ ਹੋਈ ਹੈ।

ਕੇਕ ਕੱਟਣ ਤੋਂ ਬਾਅਦ ਵਿਗੜੀ ਸਿਹਤ: ਅਮਨ ਨਗਰ ਦੀ ਰਹਿਣ ਵਾਲੀ ਕਾਜਲ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੇ 24 ਮਾਰਚ ਨੂੰ ਸ਼ਾਮ 6 ਵਜੇ ਇਕ ਆਨਲਾਈਨ ਕੰਪਨੀ ਤੋਂ ਕੇਕ ਮੰਗਵਾਇਆ ਸੀ। ਕੇਕ ਸਾਢੇ ਛੇ ਵਜੇ ਦੇ ਕਰੀਬ ਘਰ ਪਹੁੰਚਿਆ ਤੇ 7:15 ਵਜੇ ਕੇਕ ਕੱਟਿਆ ਗਿਆ। ਕੇਕ ਖਾਣ ਤੋਂ ਬਾਅਦ ਮਾਨਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ। ਹਰ ਕੋਈ ਉਲਟੀਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਸੀ। ਉਸ ਦੀ ਛੋਟੀ ਭੈਣ ਦੀ ਸਿਹਤ ਵਿਗੜ ਗਈ ਸੀ। ਫਿਰ ਉਨ੍ਹਾਂ ਨੂੰ ਹਸਪਤਾਲ ਲੈ ਗਏ। ਅਗਲੀ ਸਵੇਰ 5.30 ਵਜੇ ਦੇ ਕਰੀਬ ਬੱਚੀ ਦੀ ਹਸਪਤਾਲ 'ਚ ਮੌਤ ਹੋ ਗਈ, ਜਦਕਿ ਛੋਟੀ ਬੱਚੀ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ। ਉਨ੍ਹਾਂ ਦੱਸਿਆ ਕਿ ਬਾਕੀ ਪਰਿਵਾਰ ਦੀ ਸਿਹਤ ਵੀ ਵਿਗੜ ਗਈ ਸੀ, ਕਿਸੇ ਤਰ੍ਹਾਂ ਉਨ੍ਹਾਂ ਦਾ ਬਚਾਅ ਹੋ ਗਿਆ।

ਸਰਕਾਰ ਤੋਂ ਕਾਰਵਾਈ ਦੀ ਅਪੀਲ: ਇਸ ਮੌਕੇ ਬੱਚੀ ਦੇ ਨਾਨਾ ਹਰਬੰਸ ਲਾਲ ਨੇ ਦੱਸਿਆ ਕਿ ਉਸ ਦੀਆਂ ਦੋ ਦੋਹਤੀਆਂ ਹਨ। ਮਾਨਵੀ 10 ਸਾਲ ਦੀ ਵੱਡੀ ਦੋਹਤੀ ਸੀ। ਉਸ ਨੇ ਹਾਲ ਹੀ ਵਿੱਚ 5ਵੀਂ ਜਮਾਤ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਸਨ। ਉਹ ਆਪਣੀ ਕਲਾਸ ਵਿੱਚ ਮਾਨੀਟਰ ਸੀ। ਇਸ ਮਾਮਲੇ ਵਿੱਚ ਸਿਹਤ ਵਿਭਾਗ ਨੇ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਵੀ ਪਰਿਵਾਰ ਨੂੰ ਮੁੜ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਨਵੀ ਆਪਣੀ ਮਾਂ ਅਤੇ ਛੋਟੀ ਭੈਣ ਨਾਲ ਆਪਣੇ ਨਾਨੇ ਦੇ ਘਰ ਰਹਿ ਰਹੀ ਸੀ ਕਿਉਂਕਿ ਪਰਿਵਾਰ ਵਿੱਚ ਸਮੱਸਿਆਵਾਂ ਸਨ।

ਦੁਕਾਨਦਾਰ ਨੇ ਆਖੀ ਇਹ ਗੱਲ: ਉਥੇ ਹੀ ਦੁਕਾਨਦਾਰ ਵਲੋਂ ਇਸ ਘਟਨਾ ਨੂੰ ਲੈਕੇ ਸਾਫ਼ ਕਰਦਿਆਂ ਕਿਹਾ ਗਿਆ ਕਿ ਉਸ ਵਲੋਂ ਕਿਸੇ ਵੀ ਤਰ੍ਹਾਂ ਕੇਕ ਆਨਲਾਈਨ ਨਹੀਂ ਭੇਜਿਆ ਗਿਆ ਤੇ ਨਾ ਹੀ ਉਸ ਵਲੋਂ ਜੋਮੈਟੋ ਨੂੰ ਕੋਈ ਭੇਜਿਆ ਹੈ। ਉਸ ਦਾ ਕਹਿਣਾ ਕਿ ਕੰਪਨੀ ਵਲੋਂ ਭੇਜੇ ਗਏ ਕੇਕ ਦੇ ਬਿੱਲ 'ਤੇ ਨਾ ਹੀ ਉਸ ਦਾ ਜੀਐਸਟੀ ਨੰਬਰ ਹੈ ਅਤੇ ਨਾ ਹੀ ਉਸ ਦੀ ਦੁਕਾਨ ਦਾ ਨਾਮ ਹੈ। ਉਨ੍ਹਾਂ ਦਾ ਕਹਿਣਾ ਕਿ ਉਹ ਜਾਂਚ 'ਚ ਸਹਿਯੋਗ ਦੇ ਰਹੇ ਹਨ ਅਤੇ ਪੁਲਿਸ ਉਨ੍ਹਾਂ ਦਾ ਜੀਐਸਟੀ ਨੰਬਰ ਲਿਖ ਕੇ ਲੈ ਗਈ ਹੈ।

ਸਿਹਤ ਵਿਭਾਗ ਦੀ ਮਦਦ ਲਵੇਗੀ ਪੁਲਿਸ: ਉਧਰ ਪੁਲਿਸ ਵਲੋਂ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨੂੰ ਲੈਕੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਪਰਿਵਾਰ ਕੇਕ ਨੂੰ ਲੈਕੇ ਇਲਜ਼ਾਮ ਲਗਾ ਰਿਹਾ ਹੈ, ਜੋ ਸੈਂਪਲ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਸਿਹਤ ਵਿਭਾਗ ਦੀ ਮਦਦ ਲਵੇਗੀ। ਸਿਹਤ ਵਿਭਾਗ ਦੀ ਟੀਮ ਜਲਦੀ ਹੀ ਸਬੰਧਤ ਦੁਕਾਨ ’ਤੇ ਜਾ ਕੇ ਸੈਂਪਲ ਭਰੇਗੀ ਤਾਂ ਜੋ ਸੱਚ ਅਤੇ ਝੂਠ ਦਾ ਪਤਾ ਲੱਗ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.