ਹੈਦਰਾਬਾਦ: ਕਰਵਾ ਚੌਥ 1 ਨਵੰਬਰ ਨੂੰ ਆ ਰਿਹਾ ਹੈ ਅਤੇ ਔਰਤਾਂ ਹੁਣ ਤੋਂ ਹੀ ਇਸ ਦਿਨ ਲਈ ਤਿਆਰੀ ਕਰਨ ਲੱਗ ਗਈਆਂ ਹਨ। ਇਸਦੀ ਤਿਆਰੀ 'ਚ ਪੂਜਾ-ਪਾਠ ਤੋਂ ਲੈ ਕੇ ਤਿਆਰ ਹੋਣ ਤੱਕ ਦੀ ਤਿਆਰੀ ਕੀਤੀ ਜਾਂਦੀ ਹੈ। ਕਰਵਾ ਚੌਥ ਮੌਕੇ ਫ਼ਲ, ਮੇਵੇ, ਲੱਡੂ, ਚੌਲਾਂ ਦੀ ਖੀਰ ਦੇ ਨਾਲ-ਨਾਲ ਮਿੱਠੇ 'ਚ ਵੀ ਕੁਝ ਨਾ ਕੁਝ ਬਣਾਇਆ ਜਾਂਦਾ ਹੈ। ਇਸ ਲਈ ਤੁਸੀਂ ਆਪਣੇ ਘਰ 'ਚ ਹੀ ਤਿੰਨ ਤਰ੍ਹਾਂ ਦੀ ਬਰਫ਼ੀ ਬਣਾ ਸਕਦੇ ਹੋ।
ਕਰਵਾ ਚੌਥ ਮੌਕੇ ਇਸ ਤਰ੍ਹਾਂ ਬਣਾਓ ਘਰ 'ਚ ਬਰਫ਼ੀ:
ਕੱਚੇ ਪਪੀਤੇ ਦੀ ਬਰਫ਼ੀ: ਕਰਵਾ ਚੌਥ ਮੌਕੇ ਤੁਸੀਂ ਆਪਣੇ ਘਰ 'ਚ ਹੀ ਕੱਚੇ ਪਪੀਤੇ ਦੀ ਬਰਫ਼ੀ ਬਣਾ ਸਕਦੇ ਹੋ। ਇਸ ਬਰਫ਼ੀ ਨੂੰ ਬਣਾਉਣਾ ਬਹੁਤ ਆਸਾਨ ਹੈ। ਇਸਨੂੰ ਬਣਾਉਣ ਲਈ ਸਭ ਤੋਂ ਪਹਿਲਾ ਕੱਚੇ ਪਪੀਤੇ ਨੂੰ ਧੋ ਕੇ ਛਿਲ ਲਓ ਅਤੇ ਫਿਰ ਇਸ ਨੂੰ ਕੱਦੂਕਸ ਕਰ ਲਓ। ਇਸ ਤੋਂ ਬਾਅਦ ਕੜਾਹੀ 'ਚ ਇੱਕ ਚਮਚ ਦੇਸੀ ਘਿਓ ਪਾ ਕੇ ਕੁਝ ਦੇਰ ਤੱਕ ਇਸ ਨੂੰ ਭੁੰਨ ਲਓ, ਫਿਰ ਇਸ 'ਚ ਖੰਡ ਅਤੇ ਪਪੀਤਾ ਪਾ ਕੇ 15-20 ਮਿੰਟ ਤੱਕ ਢੱਕ ਕੇ ਇਸਨੂੰ ਪਕਾ ਲਓ। ਜਦੋ ਪਪੀਤਾ ਚੰਗੀਂ ਤਰ੍ਹਾਂ ਪਕ ਜਾਵੇ, ਤਾਂ ਇਸ 'ਚ ਮਿਲਕ ਪਾਊਡਰ, ਕੁਝ ਡਰਾਈ ਫਰੂਟਸ, ਦੇਸੀ ਘਿਓ ਅਤੇ ਇਲਾਈਚੀ ਪਾ ਕੇ ਇਸ ਨੂੰ ਮਿਕਸ ਕਰ ਲਓ ਅਤੇ ਹਲਕਾ ਜਿਹਾ ਗਾੜਾ ਹੋਣ 'ਤੇ ਇਸਨੂੰ ਕਿਸੇ ਪਲੇਟ 'ਚ ਰੱਖ ਲਓ। ਅੱਧੇ ਘੰਟੇ ਬਾਅਦ ਇਸਨੂੰ ਬਰਫ਼ੀ ਦੇ ਅਕਾਰ 'ਚ ਕੱਟ ਲਓ। ਇਸ ਤਰ੍ਹਾਂ ਕੱਚੇ ਪਪੀਤੇ ਦੀ ਬਰਫ਼ੀ ਤਿਆਰ ਹੈ। ਆਪਣਾ ਵਰਤ ਪੂਰਾ ਹੋਣ ਤੋਂ ਬਾਅਦ ਤੁਸੀਂ ਇਸ ਬਰਫ਼ੀ ਨੂੰ ਖਾ ਸਕਦੇ ਹੋ।
ਦੁੱਧ ਦੀ ਬਰਫ਼ੀ: ਕਰਵਾ ਚੌਥ ਮੌਕੇ ਤੁਸੀਂ ਦੁੱਧ ਦੀ ਬਰਫੀ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾ ਦੁੱਧ ਨੂੰ ਤੇਜ਼ ਗੈਸ 'ਤੇ ਰੱਖ ਕੇ ਉਬਾਲੋ, ਫਿਰ ਇਸਨੂੰ ਹੌਲੀ ਗੈਸ 'ਤੇ ਰੱਖ ਕੇ ਚੰਗੀ ਤਰ੍ਹਾਂ ਪਕਾਓ। ਜਦੋ ਦੁੱਧ ਅੱਧੇ ਤੋਂ ਘਟ ਹੋ ਜਾਵੇ, ਉਦੋ ਇਸ 'ਚ ਦੁੱਧ ਦਾ ਪਾਊਡਰ ਮਿਲਾਓ। ਇਸ ਪਾਊਡਰ ਨੂੰ ਮਿਲਾਉਣ ਤੋਂ ਬਾਅਦ ਤੁਹਾਡਾ ਦੁੱਧ ਹੋਰ ਵੀ ਗਾੜਾ ਹੋ ਜਾਵੇਗਾ, ਫਿਰ ਇਸ 'ਚ ਖੰਡ ਮਿਲਾਓ ਅਤੇ ਇਸਨੂੰ ਕਿਸੇ ਪਲੇਟ 'ਚ ਰੱਖ ਦਿਓ। ਕੁਝ ਸਮੇਂ ਬਾਅਦ ਇਸਨੂੰ ਬਰਫ਼ੀ ਦੇ ਅਕਾਰ 'ਚ ਕੱਟ ਲਓ। ਇਸ ਤਰ੍ਹਾਂ ਦੁੱਧ ਦੀ ਬਰਫੀ ਤਿਆਰ ਹੋ ਜਾਵੇਗੀ।
ਚਾਕਲੇਟ ਬਰਫ਼ੀ: ਚਾਕਲੇਟ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਇਸ ਲਈ ਕਰਵਾ ਚੌਥ ਮੌਕੇ ਚਾਕਲੇਟ ਬਰਫ਼ੀ ਵੀ ਬਣਾਈ ਜਾ ਸਕਦੀ ਹੈ। ਇਸਨੂੰ ਬਣਾਉਣ ਲਈ ਸਭ ਤੋਂ ਪਹਿਲਾ 1 ਚਮਚ ਕੋਕੋ ਪਾਊਡਰ, 1/4 ਕੱਪ ਦੁੱਧ ਦੇ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਇੱਕ ਕੜਾਹੀ 'ਚ 200 ਗ੍ਰਾਮ ਖੰਡ ਪਾ ਲਓ ਅਤੇ ਇਸਨੂੰ ਕੁਝ ਦੇਰ ਤੱਕ ਪਕਾਓ। ਉਸ ਤੋਂ ਬਾਅਦ ਇਸ 'ਚ ਮਿਕਸ ਕੀਤੇ ਹੋਏ ਕੋਕੋ ਪਾਊਡਰ ਅਤੇ ਦੁੱਧ ਪਾਊਡਰ ਨੂੰ ਮਿਲਾ ਦਿਓ। ਫਿਰ ਇਸ 'ਚ ਕੁਝ ਡਰਾਈ ਫਰੂਟਸ ਅਤੇ ਦੋ ਚਮਚ ਦੇਸੀ ਘਿਓ ਮਿਲਾ ਕੇ ਗੈਸ ਨੂੰ ਬੰਦ ਕਰ ਦਿਓ ਅਤੇ ਇਸ ਮਿਸ਼ਰਨ ਨੂੰ ਪਲੇਟ 'ਚ ਰੱਖ ਲਓ। ਕੁਝ ਦੇਰ ਬਾਅਦ ਇਸਨੂੰ ਬਰਫ਼ੀ ਦੇ ਅਕਾਰ 'ਚ ਕੱਟ ਲਓ। ਇਸ ਤਰ੍ਹਾਂ ਤੁਹਾਡੀ ਚਾਕਲੇਟ ਬਰਫ਼ੀ ਤਿਆਰ ਹੈ।