ਪੰਜਾਬ

punjab

ਖੰਨਾ ਸਰਕਾਰੀ ਹਸਪਤਾਲ 'ਚ ਨਵਜੰਮੇ ਬੱਚਿਆਂ ਲਈ ਨਵੀਂ ਸਹੂਲਤ, ਨਹੀਂ ਜਾਣਾ ਪਵੇਗਾ ਪਟਿਆਲਾ ਤੇ ਚੰਡੀਗੜ੍ਹ

By

Published : Aug 14, 2023, 3:30 PM IST

ਖੰਨਾ ਦੇ ਸਿਵਲ ਹਸਪਤਾਲ ਵਿੱਚ ਬੱਚਿਆਂ ਵਿੱਚ ਪੀਲੀਏ ਦੀ ਬਿਮਾਰੀ ਨਾਲ ਨਜਿੱਠਣ ਲਈ ਨਵੀਂ ਸਹੂਲਤ ਪ੍ਰਦਾਨ ਕੀਤੀ ਗਈ ਹੈ। ਪਹਿਲਾਂ ਬੱਚਿਆਂ ਨੂੰ ਪਟਿਆਲਾ ਤੇ ਚੰਡੀਗੜ੍ਹ ਰੈਫਰ ਕੀਤਾ ਜਾਂਦਾ ਸੀ, ਜਿਸਦੀ ਹੁਣ ਲੋੜ ਨਹੀਂ ਪਵੇਗਾ।

New facility for newborns in Khanna Government Hospital
ਖੰਨਾ ਸਰਕਾਰੀ ਹਸਪਤਾਲ 'ਚ ਨਵਜੰਮੇ ਬੱਚਿਆਂ ਲਈ ਨਵੀਂ ਸਹੂਲਤ, ਨਹੀਂ ਜਾਣਾ ਪਵੇਗਾ ਪਟਿਆਲਾ ਤੇ ਚੰਡੀਗੜ੍ਹ

ਖੰਨਾ : ਪੰਜਾਬ ਸਰਕਾਰ ਵੱਲੋਂ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਨਵੀਂ ਸੁਵਿਧਾ ਦਿੱਤੀ ਗਈ ਹੈ। ਇੱਥੇ ਹੁਣ ਨਵਜੰਮੇ ਬੱਚਿਆਂ ਨੂੰ ਪੀਲੀਆ ਹੋਣ ਉੱਤੇ ਬਿਲਕੁਲ ਮੁਫ਼ਤ ਖੂਨ ਬਦਲਣ ਦੀ ਸਿਹਤ ਸਹੂਲਤ ਮਿਲੇਗੀ। ਇਸ ਤੋਂ ਪਹਿਲਾਂ ਬੱਚਿਆਂ ਨੂੰ ਚੰਡੀਗੜ੍ਹ ਤੇ ਪਟਿਆਲਾ ਰੈਫਰ ਕਰਨਾ ਪੈਂਦਾ ਸੀ। ਪਹਿਲੇ ਕੇਸ ਵਿੱਚ ਡਾਕਟਰ ਨੇ ਇੱਕ ਬੱਚੇ ਦੀ ਜਾਨ ਵੀ ਬਚਾਈ ਹੈ।

ਬੱਚੇ ਦੀ ਬਚਾਈ ਜਾਨ :ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਅਰਜੁਨ ਸਖਾ ਭੱਲਾ ਨੇ ਦੱਸਿਆ ਕਿ ਆਮ ਤੌਰ ਉੱਤੇ ਨਵਜੰਮੇ ਬੱਚਿਆਂ ਨੂੰ ਪੀਲੀਆ ਦੀ ਸ਼ਿਕਾਇਤ ਰਹਿੰਦੀ ਹੈ ਪਰ ਕਈ ਕੇਸਾਂ ਵਿੱਚ ਜਦੋਂ ਮਾਂ ਅਤੇ ਬੱਚੇ ਦਾ ਖੂਨ ਨਹੀਂ ਮਿਲਦਾ ਅਤੇ ਪੀਲੀਆ ਦੀ ਸ਼ਿਕਾਇਤ ਵੀ ਹੁੰਦੀ ਹੈ ਤਾਂ ਉਸ ਕੇਸ ਵਿੱਚ ਬੱਚੇ ਨੂੰ ਖ਼ਤਰਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਸਰਕਾਰੀ ਹਸਪਤਾਲ ਖੰਨਾ ਵਿਖੇ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਪਹਿਲੇ ਕੇਸ ਵਿੱਚ ਬੱਚੇ ਦਾ ਪੀਲੀਆ 24 ਤੱਕ ਪਹੁੰਚ ਗਿਆ ਸੀ। ਬੱਚੇ ਦਾ ਖੂਨ ਬਦਲਣਾ ਜ਼ਰੂਰੀ ਸੀ ਅਤੇ ਤੁਰੰਤ ਬੱਚੇ ਦਾ ਖੂਨ ਬਦਲਿਆ ਗਿਆ। ਇਸ ਨਾਲ ਪੀਲੀਆ 12 ਤੱਕ ਆ ਗਿਆ ਹੈ। ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਸਾਰਾ ਇਲਾਜ ਮੁਫ਼ਤ ਕੀਤਾ ਗਿਆ ਹੈ।

ਡਾਕਟਰ ਭੱਲਾ ਨੇ ਦੱਸਿਆ ਕਿ ਪਹਿਲਾਂ ਇਹੋ ਜਿਹੇ ਕੇਸਾਂ 'ਚ ਚੰਡੀਗੜ੍ਹ ਜਾਂ ਪਟਿਆਲਾ ਰੈਫਰ ਕੀਤਾ ਜਾਂਦਾ ਸੀ। ਜਾਂ ਫਿਰ ਬੱਚੇ ਨੂੰ ਪ੍ਰਾਈਵੇਟ ਹਸਪਤਾਲ ਲਿਜਾਣਾ ਪੈਂਦਾ ਸੀ। ਗਰੀਬ ਪਰਿਵਾਰ ਪ੍ਰਾਈਵੇਟ ਇਲਾਜ ਦਾ ਖਰਚਾ ਨਹੀਂ ਕਰ ਸਕਦੇ ਸੀ। ਇਸਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਐੱਸਐੱਮਓ ਡਾਕਟਰ ਮਨਿੰਦਰ ਭਸੀਨ ਨੇ ਖੰਨਾ ਸਰਕਾਰੀ ਹਸਪਤਾਲ ਵਿਖੇ ਇਹ ਸੁਵਿਧਾ ਸ਼ੁਰੂ ਕਰਾਈ, ਜਿਸਦਾ ਬਿਮਾਰ ਬੱਚਿਆਂ ਨੂੰ ਬਹੁਤ ਫ਼ਾਇਦਾ ਹੋਵੇਗਾ।


ਹਾਰਟ ਅਟੈਕ ਵਾਲਿਆਂ ਨੂੰ ਵੀ ਲੱਗਦਾ ਮੁਫ਼ਤ ਟੀਕਾ: ਐੱਸਐੱਮਓ ਡਾਕਟਰ ਭਸੀਨ ਨੇ ਦੱਸਿਆ ਕਿ ਸਰਕਾਰ ਕਾਫ਼ੀ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਜਿੱਥੇ ਹੁਣ ਨਵਜੰਮੇ ਬੱਚਿਆਂ ਲਈ ਇਹ ਸਹੂਲਤ ਸ਼ੁਰੂ ਹੋਈ ਹੈ। ਇਸ ਤੋਂ ਪਹਿਲਾਂ ਹਾਰਟ ਅਟੈਕ ਵਾਲੇ ਮਰੀਜ਼ਾਂ ਨੂੰ 50 ਹਜ਼ਾਰ ਰੁਪਏ ਕੀਮਤ ਦਾ ਮੁਫ਼ਤ ਟੀਕਾ ਲਾਇਆ ਜਾਂਦਾ ਹੈ। ਇਸ ਟੀਕੇ ਨਾਲ ਕਈ ਲੋਕਾਂ ਦੀ ਜਾਨ ਬਚਾਈ ਜਾ ਚੁੱਕੀ ਹੈ।

ABOUT THE AUTHOR

...view details