ਪੰਜਾਬ

punjab

ਖੰਨਾ 'ਚ ਚੱਲਦੇ ਮੋਟਰਸਾਈਕਲ ਦਾ ਫਟਿਆ ਟਾਇਰ, ਨਾਲੇ 'ਚ ਡਿੱਗਣ ਕਾਰਣ ਪਰਿਵਾਰ ਦੇ ਇਕਲੋਤੇ ਪੁੱਤ ਦੀ ਮੌਤ

By ETV Bharat Punjabi Team

Published : Aug 25, 2023, 2:02 PM IST

ਨਕੋਦਰ ਤੋਂ ਮੱਥਾ ਟੇਕ ਕੇ ਆ ਰਹੇ ਨੌਜਵਾਨਾਂ ਦਾ ਮੋਟਰਸਾਈਕਲ ਟਾਇਰ ਫਟਣ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਟਾਇਰ ਫਟਣ ਕਾਰਣ ਮੋਟਰਸਾਈਕਲ ਰੇਲਿੰਗ ਨਾਲ ਟਕਰਾ ਗਿਆ ਅਤੇ ਇੱਕ ਨੌਜਵਾਨ ਨਾਲੇ ਵਿੱਚ ਡਿੱਗ ਗਿਆ,ਜਿਸ ਕਾਰਣ ਨੌਜਵਾਨ ਦੀ ਮੌਤ ਹੋ ਗਈ। ਦੱਸ ਦਈਏ ਮ੍ਰਿਤਕ ਮਾਪਿਆਂ ਦਾ ਇੱਕਲੋਤਾ ਪੁੱਤਰ ਸੀ।

A young man died in a road accident in Khanna, Ludhiana
ਖੰਨਾ 'ਚ ਚੱਲਦੇ ਮੋਟਰਸਾਈਕਲ ਦਾ ਫਟਿਆ ਟਾਇਰ, ਨਾਲੇ 'ਚ ਡਿੱਗਣ ਕਾਰਣ ਪਰਿਵਾਰ ਦੇ ਇਕਲੋਤੇ ਪੁੱਤ ਦੀ ਮੌਤ

ਨਾਲੇ 'ਚ ਡਿੱਗਣ ਕਾਰਣ ਪਰਿਵਾਰ ਦੇ ਇਕਲੋਤੇ ਪੁੱਤ ਦੀ ਮੌਤ

ਲੁਧਿਆਣਾ: ਖੰਨਾ 'ਚ ਨੈਸ਼ਨਲ ਹਾਈਵੇ 'ਤੇ ਇੱਕ ਮੋਟਰਸਾਇਕਲ ਦਾ ਟਾਇਰ ਫਟਣ ਕਾਰਨ ਹਾਦਸਾ ਵਾਪਰਿਆ। ਮੋਟਰਸਾਇਕਲ ਰੇਲਿੰਗ ਨਾਲ ਟਕਰਾ ਕੇ ਮੇਨ ਲੇਨ ਤੋਂ ਸਰਵਿਸ ਲੇਨ 'ਚ ਜਾ ਡਿੱਗਿਆ। ਸੜਕ ਕਿਨਾਰੇ ਬਣੇ ਨਾਲੇ 'ਚ ਡੁੱਬਣ ਨਾਲ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਦੀਪਕ ਵਾਸੀ ਗਊਸ਼ਾਲਾ ਰੋਡ ਖੰਨਾ ਵਜੋਂ ਹੋਈ।

ਮੋਟਰਸਾਇਕਲ ਚਲਾ ਰਿਹਾ ਦੀਪਕ ਨਾਲੇ 'ਚ ਡਿੱਗ ਗਿਆ: ਜਾਣਕਾਰੀ ਅਨੁਸਾਰ ਖੰਨਾ ਦੇ ਰਹਿਣ ਵਾਲੇ ਚਾਰ ਦੋਸਤ ਵੀਰਵਾਰ ਨੂੰ ਦੋ ਮੋਟਰਸਾਇਕਲਾਂ 'ਤੇ ਨਕੋਦਰ ਸਥਿਤ ਪੀਰ ਬਾਬਾ ਮੁਰਾਦ ਸ਼ਾਹ ਦੀ ਦਰਗਾਹ 'ਤੇ ਮੱਥਾ ਟੇਕਣ ਲਈ ਗਏ ਸਨ। ਉਹ ਸ਼ੁੱਕਰਵਾਰ ਸਵੇਰੇ ਵਾਪਸ ਆ ਰਹੇ ਸਨ। ਪਿੰਡ ਦਹੇੜੂ ਨੇੜੇ ਮੋਟਰਸਾਈਕਲ ਦਾ ਟਾਇਰ ਫਟ ਗਿਆ। ਹਾਦਸੇ ਦੌਰਾਨ ਪਿੱਛੇ ਬੈਠਾ ਨੌਜਵਾਨ ਉੱਛਲ ਕੇ ਸਰਵਿਸ ਲੇਨ ਉਪਰ ਡਿੱਗ ਗਿਆ। ਮੋਟਰਸਾਇਕਲ ਚਲਾ ਰਿਹਾ ਦੀਪਕ ਨਾਲੇ 'ਚ ਡਿੱਗ ਗਿਆ।


ਨਾਲੇ ਵਿੱਚੋਂ ਬਾਹਰ ਕੱਢਣ ਦੀਆਂ ਅਨੇਕ ਕੋਸ਼ਿਸ਼ਾਂ: ਦੀਪਕ ਦੇ ਦੋਸਤਾਂ ਨੇ ਦੱਸਿਆ ਕਿ ਜਦੋਂ ਟਾਇਰ ਫਟਣ ਕਾਰਨ ਉਹ ਨਾਲੇ ਵਿੱਚ ਡਿੱਗਿਆ ਤਾਂ ਉਸ ਨੂੰ ਬਚਾਉਣ ਦੀਆਂ ਅਨੇਕ ਕੋਸ਼ਿਸ਼ਾਂ ਕੀਤੀਆਂ ਗਈਆਂ। ਦੋ ਰਾਹਗੀਰਾਂ ਨੇ ਆਪਣੀਆਂ ਪੱਗਾਂ ਖੋਲ੍ਹ ਕੇ ਵੀ ਨਾਲੇ ਵਿੱਚ ਸੁੱਟੀਆਂ ਤਾਂ ਕਿ ਦੀਪਕ ਨੂੰ ਬਾਹਰ ਕੱਢਿਆ ਜਾ ਸਕੇ। ਜਦੋਂ ਤੱਕ ਦੀਪਕ ਨੂੰ ਨਾਲੇ ਵਿੱਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਚਸ਼ਮਦੀਦ ਨੇ ਵੀ ਦੱਸਿਆ ਕਿ ਉਨ੍ਹਾਂ ਨੇ ਕਈ ਘੰਟਿਆਂ ਤੱਕ ਜੱਦੋ-ਜਹਿਦ ਕੀਤੀ ਅਤੇ ਨਾਲੇ ਵਿੱਚ ਡਿੱਗੇ ਨੌਜਵਾਨ ਨੂੰ ਥੱਲੇ ਪੱਗਾਂ ਸੁੱਟ ਕੇ ਬਾਹਰ ਕੱਢਿਆ। ਇਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਪਰਿਵਾਰ ਦਾ ਇਕਲੌਤਾ ਪੁੱਤਰ ਸੀ ਦੀਪਕ: ਦੀਪਕ ਗਰੀਬ ਪਰਿਵਾਰ ਨਾਲ ਸਬੰਧਤ ਸੀ। ਪਰਿਵਾਰ ਦਾ ਉਹ ਇਕਲੌਤਾ ਪੁੱਤਰ ਸੀ। ਪੜ੍ਹ ਕੇ ਚੰਗੀ ਨੌਕਰੀ ਕਰਨਾ ਚਾਹੁੰਦਾ ਸੀ ਅਤੇ ਗੁਲਜ਼ਾਰ ਕਾਲਜ ਵਿੱਚ ਬੀ.ਬੀ.ਏ. ਕਰਦਾ ਸੀ। ਹਾਦਸੇ ਨੇ ਉਸ ਨੂੰ ਪਰਿਵਾਰ ਤੋਂ ਖੋਹ ਲਿਆ। ਪੁਲਿਸ ਦਾ ਕਹਿਣਾ ਹੈ ਕਿ ਨਾਲੇ ਵਿੱਚ ਡੁੱਬੇ ਨੌਜਵਾਨ ਨੂੰ ਨਹੀਂ ਬਚਾਇਆ ਜਾ ਸਕਿਆ ਅਤੇ ਮੋਟਰਸਾਈਕਲ ਸਵਾਰ ਦੂਜਾ ਨੌਜਵਾਨ ਸੁਰੱਖਿਅਤ ਹੈ।

ABOUT THE AUTHOR

...view details