ETV Bharat / state

RTI ਵਿੱਚ ਹੋਇਆ ਖੁਲਾਸਾ, ਪੰਜਾਬ ਵਿੱਚ ਖੋਲ੍ਹੇ ਜਾਣ ਵਾਲੇ 16 ਨਵੇਂ ਮੈਡੀਕਲ ਕਾਲਜਾਂ ਲਈ ਡੇਢ ਸਾਲ ਵਿੱਚ ਨਹੀਂ ਬਣਾਈ ਕੋਈ ਰੂਪ ਰੇਖਾ

author img

By ETV Bharat Punjabi Team

Published : Aug 25, 2023, 12:30 PM IST

ਸਰਕਾਰ ਵਲੋਂ ਸੂਬੇ 'ਚ 16 ਨਵੇਂ ਮੈਡੀਕਲ ਕਾਲਜ ਬਣਾਉੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਲੈਕੇ ਬਠਿੰਡਾ ਦੇ ਆਰਟੀਆਈ ਕਾਰਕੁੰਨ ਰਾਜ ਦੀਪ ਸਿੰਘ ਨੇ ਵੱਡੇ ਖੁਲਾਸੇ ਕੀਤੇ ਹਨ। ਆਰਟੀਆਈ ਕਾਰਕੁੰਨ ਨੇ ਕਿਹਾ ਹੈ ਕਿ ਪੂਰੇ ਡੇਢ ਸਾਲ ਬੀਤ ਜਾਣ ਦੇ ਬਾਵਜੂਦ 16 ਮੈਡੀਕਲ ਕਾਲਜਾਂ ਸਬੰਧੀ ਪੰਜਾਬ ਸਰਕਾਰ ਵਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਅਮਲ 'ਚ ਲਿਆਂਦੀ ਗਈ ਤੇ ਨਾ ਹੀ ਕੋਈ ਜ਼ਮੀਨ ਇੰਨ੍ਹਾਂ ਕਾਲਜਾਂ ਲਈ ਦੇਖੀ ਗਈ ਤੇ ਨਾ ਹੀ ਰਕਮ ਜਾਰੀ ਹੋਈ ਹੈ।

ਮੈਡੀਕਲ ਕਾਲਜਾਂ ਲਈ ਡੇਢ ਸਾਲ ਵਿੱਚ ਨਹੀਂ ਬਣਾਈ ਕੋਈ ਰੂਪ ਰੇਖਾ
ਮੈਡੀਕਲ ਕਾਲਜਾਂ ਲਈ ਡੇਢ ਸਾਲ ਵਿੱਚ ਨਹੀਂ ਬਣਾਈ ਕੋਈ ਰੂਪ ਰੇਖਾ

RTI ਕਾਰਕੁੰਨ ਨੇ ਕੀਤਾ ਖੁਲਾਸਾ

ਬਠਿੰਡਾ: ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਹੀ ਸੂਬੇ ਦੀ ਸਿੱਖਿਆ 'ਚ ਸੁਧਾਰ ਕਰਨ ਦੀਆਂ ਗੱਲਾਂ ਕਰਦਿਆਂ ਦਿੱਲੀ ਮਾਡਲ ਪੰਜਾਬ 'ਚ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਚੱਲਦੇ ਸਰਕਾਰ ਵਲੋਂ ਸੂਬੇ ਦੇ ਸਕੂਲਾਂ 'ਚ ਤਾਂ ਕੁਝ ਬਦਲਾਅ ਜ਼ਰੂਰ ਕੀਤਾ ਗਿਆ। ਇਸ ਦੇ ਨਾਲ ਹੀ ਸਾਲ 2022-23 ਵਿੱਚ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸੂਬੇ 'ਚ 16 ਨਵੇਂ ਮੈਡੀਕਲ ਕਾਲਜਾਂ ਨੂੰ ਬਣਾਉਣ ਦੀ ਤਜਵੀਜ਼ ਰੱਖਦਿਆਂ ਐਲਾਨ ਕੀਤਾ ਗਿਆ ਸੀ।

ਕਾਰਕੁੰਨ ਵਲੋਂ ਮੰਗੀ RTI 'ਚ ਖੁਲਾਸਾ: ਇਸ ਤੋਂ ਬਾਅਦ ਸੂਬੇ ਭਰ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ 16 ਮੈਡੀਕਲ ਕਾਲਜ ਬਣਾਏ ਜਾਣ ਦੀਆਂ ਵੱਡੀਆਂ ਵੱਡੀਆਂ ਫਲੈਕਸਾਂ ਲਗਾ ਕੇ ਪ੍ਰਚਾਰ ਕੀਤਾ ਗਿਆ ਸੀ, ਪਰ ਹੁਣ ਬਠਿੰਡਾ ਦੇ ਆਰ.ਟੀ.ਆਈ ਕਾਰਕੁੰਨ ਰਾਜਨ ਦੀਪ ਸਿੰਘ ਵਲੋਂ ਜਦੋਂ ਇਹਨਾਂ ਮੈਡੀਕਲ ਕਾਲਜਾਂ ਸਬੰਧੀ ਜਾਣਕਾਰੀ ਮੰਗੀ ਗਈ ਤਾਂ ਖੁਲਾਸਾ ਕੁਝ ਹੋਰ ਹੀ ਹੋ ਗਿਆ। ਰਾਜਨ ਦੀਪ ਸਿੰਘ ਵਲੋਂ ਆਰ.ਟੀ.ਆਈ ਰਾਹੀ ਪੰਜਾਬ ਸਰਕਾਰ ਦੇ ਪੀ.ਡਬਲਿਊ.ਡੀ ਵਿਭਾਗ ਤੋਂ ਜਾਣਕਾਰੀ ਮੰਗੀ ਸੀ ਕਿ ਪੰਜਾਬ ਸਰਕਾਰ ਨੇ ਵਿੱਤੀ ਸਾਲ 2022-23 ਦੌਰਾਨ 16 ਮੈਡੀਕਲ ਕਾਲਜਾਂ ਦਾ ਪ੍ਰਸਤਾਵ ਰੱਖਿਆ ਸੀ, ਜਿੰਨ੍ਹਾਂ ਦਾ ਰਿਕਾਰਡ ਮੁਹੱਈਆ ਕਰਵਾਇਆ ਜਾਵੇ ਪਰ ਵਿਭਾਗ ਦੇ ਜਵਾਬ ਨੇ ਨਵਾਂ ਹੀ ਖੁਾਲਸਾ ਕਰ ਦਿੱਤਾ।

ਕਾਰਕੁੰਨ ਵਲੋਂ ਸਰਕਾਰ ਤੋਂ ਪੁੱਛੇ ਸੀ ਇਹ ਸਵਾਲ: ਆਰ.ਟੀ.ਆਈ ਕਾਰਕੁੰਨ ਰਾਜ ਦੀਪ ਨੇ ਆਪਣੀ RTI 'ਚ ਸਵਾਲ ਪੁੱਛੇ ਕਿ ਉਸ ਨੂੰ 16 ਮੈਡੀਕਲ ਕਾਲਜਾਂ ਦੇ ਨਕਸ਼ਿਆਂ ਦੀ ਕਾਪੀ ਦਿੱਤੀ ਜਾਵੇ, ਇਸ ਦੇ ਨਾਲ ਹੀ ਉਨ੍ਹਾਂ ਮੈਡੀਕਲ ਕਾਲਜਾਂ ਦੀ ਉਸਾਰੀ ਲਈ ਬਣਾਏ ਗਏ ਐਸਟੀਮੇਟ ਦੀਆਂ ਕਾਪੀਆਂ ਭੇਜੀਆਂ ਜਾਣ। ਪੰਜਾਬ ਸਰਕਾਰ ਵਲੋਂ ਤੁਹਾਡੇ ਮਹਿਕਮੇਂ ਨੂੰ ਇਹਨਾਂ 16 ਮੈਡੀਕਲ ਕਾਲਜਾਂ ਨੂੰ ਬਣਾਉਣ ਲਈ ਜੋ ਰਾਸ਼ੀ ਦਿੱਤੀ ਗਈ, ਉਸ ਦਾ ਸਾਰਾ ਵੇਰਵਾ ਦਿੱਤਾ ਜਾਵੇ, ਮਹਿਕਮੇ ਵੱਲੋਂ ਇਹਨਾਂ 16 ਮੈਡੀਕਲ ਕਾਲਜਾਂ ਦੀ ਉਸਾਰੀ ਲਈ ਕੁੱਲ ਕਿੰਨੀ ਰਾਸ਼ੀ ਖਰਚ ਕੀਤੀ ਗਈ। ਇਹਨਾਂ 16 ਮੈਡੀਕਲ ਕਾਲਜਾਂ ਦੀ ਉਸਾਰੀ ਲਈ ਆਪ ਜੀ ਦੇ ਮਹਿਕਮੇਂ ਅੱਤੇ ਠੇਕੇਦਾਰ ਵਿੱਚ ਹੋਏ ਸਮਝੌਤੇ ਦੀ ਕਾਪੀ ਦਿੱਤੀ ਜਾਵੇ।

ਸਰਕਾਰ ਦੇ ਵਿਭਾਗ ਤੋਂ ਇਹ ਮਿਲਿਆ ਜਵਾਬ: RTI ਕਾਰਕੁੰਨ ਰਾਜਨ ਦੀਪ ਸਿੰਘ ਦਾ ਕਹਿਣਾ ਕਿ ਪੰਜਾਬ ਸਰਕਾਰ ਦੇ ਪੀਡਬਲਊਡੀ ਵਿਭਾਗ ਵੱਲੋਂ ਅੱਗੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੈਡੀਕਲ ਕਾਲਜਾਂ ਸਬੰਧੀ ਜਾਣਕਾਰੀ ਇਕੱਠੀ ਕਰਵਾਈ ਗਈ। ਜਿਸ 'ਚ ਪੰਜਾਬ ਦੇ ਸਤਾਰਾਂ ਜ਼ਿਲ੍ਹਿਆਂ ਦੇ ਬੀ.ਐਂਡ.ਆਰ ਵਿਭਾਗ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਸਬੰਧੀ ਸੂਚਨਾ ਨਿਲ ਹੈ ਯਾਨੀ ਕਿ ਇਹਨਾਂ ਸਤਾਰਾਂ ਜ਼ਿਲ੍ਹਿਆਂ ਵਿੱਚ ਮੈਡੀਕਲ ਕਾਲਜ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ।

RTI ਕਾਰਕੁੰਨ ਦਾ ਦਾਅਵਾ
RTI ਕਾਰਕੁੰਨ ਦਾ ਦਾਅਵਾ

'ਵੱਡੇ-ਵੱਡੇ ਫਲੈਕਸਾਂ ਨਾਲ ਮਹਿਜ਼ ਮਸ਼ਹੂੂਰੀ ਖੱਟੀ' : ਇਸ ਦੇ ਚੱਲਦਿਆਂ ਆਰ.ਟੀ ਆਈ ਕਾਰਕੁੰਨ ਰਾਜਨ ਦੀਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੂਰੇ ਡੇਢ ਸਾਲ ਬੀਤ ਜਾਣ ਦੇ ਬਾਵਜੂਦ 16 ਮੈਡੀਕਲ ਕਾਲਜਾਂ ਸਬੰਧੀ ਪੰਜਾਬ ਸਰਕਾਰ ਵਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਅਮਲ 'ਚ ਲਿਆਂਦੀ ਗਈ ਤੇ ਨਾ ਹੀ ਕੋਈ ਜ਼ਮੀਨ ਇੰਨ੍ਹਾਂ ਕਾਲਜਾਂ ਲਈ ਦੇਖੀ ਗਈ ਤੇ ਨਾ ਹੀ ਰਕਮ ਜਾਰੀ ਹੋਈ ਹੈ। ਉਸ ਦਾ ਕਹਿਣਾ ਕਿ ਸਰਕਾਰ ਵਲੋਂ ਇੰਨ੍ਹਾਂ ਮੈਡੀਕਲ ਕਾਲਜਾਂ ਦੇ ਨਾਮ 'ਤੇ ਸੂਬੇ ਦੇ ਹਰ ਜ਼ਿਲ੍ਹੇ 'ਚ ਵੱਡੇ-ਵੱਡੇ ਫਲੈਕਸ ਲਗਾ ਕੇ ਮਹਿਜ਼ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ।

ਮੈਡੀਕਲ ਹੱਬ ਬਣਾਉਣ ਦੀ ਤਿਆਰੀ 'ਚ ਸਰਕਾਰ: ਉਧਰ ਇਸ ਮਾਮਲੇ ਸੰਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਮੈਡੀਕਲ ਸੈਕਟਰ ਵਿੱਚ ਹੱਬ ਬਣਾਉਣਾ ਚਾਹੁੰਦੀ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਮੈਡੀਕਲ ਸਿੱਖਿਆ ਲੈਣ ਲਈ ਸਾਊਥ ਇੰਡੀਆ ਜਾਂ ਯੂਕਰੇਨ ਵਰਗੇ ਦੇਸ਼ਾਂ ਵਿੱਚ ਪੜ੍ਹਾਈ ਕਰਨ ਨਾ ਜਾਣ। ਪੰਜਾਬ ਸਰਕਾਰ ਵੱਲੋਂ ਲਗਾਤਾਰ ਹੈਲਥ ਸਿਸਟਮ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ, ਜਿਸ 'ਚ ਆਮ ਆਦਮੀ ਕਲੀਨਿਕ ਇਸੇ ਲੜੀ ਦਾ ਇੱਕ ਹਿੱਸਾ ਹੈ। ਜਿੱਥੇ ਲੋਕਾਂ ਦੀ ਸਹੂਲਤ ਲਈ 40 ਤੋਂ ਵੱਧ ਲੈਬ ਟੈਸਟ ਮੁਫ਼ਤ ਕੀਤੇ ਜਾਂਦੇ ਹਨ।

ਚੀਜਾਂ ਬਣਨ 'ਚ ਲੱਗਦਾ ਕੁਝ ਸਮਾਂ: ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜਾਂ ਸਬੰਧੀ ਵੀ ਲਗਾਤਾਰ ਪੰਜਾਬ ਸਰਕਾਰ ਵਲੋਂ ਕੰਮ ਕੀਤਾ ਜਾ ਰਿਹਾ ਹੈ। ਸੰਗਰੂਰ ਵਿਖੇ ਇਸ ਸਬੰਧੀ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਵਾਦ ਹੋਣ ਕਰਕੇ ਕੰਮ ਵਿੱਚ ਥੋੜੀ ਦੇਰੀ ਹੋ ਗਈ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਅਤੇ ਮੁਹਾਲੀ ਵਿਖੇ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ। ਭਗਵੰਤ ਮਾਨ ਸਰਕਾਰ ਵਲੋਂ 200 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਰਾਤੋ ਰਾਤ ਨਹੀਂ ਬਣ ਜਾਂਦੀਆਂ, ਇਹਨਾਂ ਨੂੰ ਬਣਨ 'ਤੇ ਥੋੜਾ ਸਮਾਂ ਜ਼ਰੂਰ ਲੱਗਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.