ਚੰਡੀਗੜ੍ਹ:ਅੱਜ ਭਾਵ 22 ਦਸੰਬਰ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਵਿੱਚ 12 ਪ੍ਰੋਜੈਕਟਾਂ ਵਿੱਚੋਂ ਕੁਝ ਦਾ ਉਦਘਾਟਨ ਕਰਨਗੇ ਅਤੇ ਕੁਝ ਦਾ ਨੀਂਹ ਪੱਥਰ ਰੱਖਣਗੇ। ਇੰਨ੍ਹਾਂ ਪ੍ਰੋਜੈਕਟਾਂ ਦੀ ਲਾਗਤ 375 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਅਮਿਤ ਸ਼ਾਹ 744 ਪੁਲਿਸ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣਗੇ।
ਕੇਂਦਰੀ ਮੰਤਰੀ ਦਾ ਪ੍ਰੋਗਰਾਮ:ਕੇਂਦਰੀ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਆ ਰਹੇ ਹਨ। ਉਹ ਚੰਡੀਗੜ੍ਹ ਵਿੱਚ ਸਿਰਫ਼ ਤਿੰਨ ਘੰਟੇ ਰੁਕਣਗੇ। ਪਰ ਇਸ ਦੌਰਾਨ ਉਹ ਸ਼ਹਿਰ ਵਿੱਚ 375 ਕਰੋੜ ਰੁਪਏ ਦੇ 12 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਨ੍ਹਾਂ ਦੀ ਫੇਰੀ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਦੀ ਰਿਹਰਸਲ ਕਰਵਾਈ ਜਾ ਰਹੀ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਪੰਜਾਬ ਇੰਜਨੀਅਰਿੰਗ ਕਾਲਜ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਬਣੇ 140 ਕਮਰਿਆਂ ਵਾਲੇ ਹਿਮਾਲਿਆ ਲੜਕਿਆਂ ਦੇ ਹੋਸਟਲ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਚੰਡੀਗੜ੍ਹ ਨਗਰ ਨਿਗਮ ਦਾ89 ਕਰੋੜ ਦੀ ਲਾਗਤ ਨਾਲ ਬਣਿਆ ਨਵਾਂ ਐਸ.ਟੀ.ਪੀ ਪਲਾਂਟ ਅਤੇ ਰਾਏਪੁਰ ਕਲਾ ਵਿਖੇ 50 ਕਰੋੜ ਰੁਪਏ ਦੀ ਲਾਗਤ ਨਾਲ ਐਸ.ਟੀ.ਪੀ ਪਲਾਂਟ, ਰਾਏਪੁਰ ਖੁਰਦ ਵਿੱਚ 40 ਕਰੋੜ ਦੀ ਲਾਗਤ ਨਾਲ ਬਣੇ ਐਸ.ਟੀ.ਪੀ. ਪਲਾਂਟ, ਸੈਕਟਰ 26 ਸੀਸੀਈਟੀ ਵਿੱਚ 18 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪ੍ਰਬੰਧਕੀ ਬਲਾਕ, ਧਨਾਸ ਵਿੱਚ 45 ਕਰੋੜ ਰੁਪਏ ਦੀ ਲਾਗਤ ਨਾਲ 192 ਟਾਈਪ-2 ਸਰਕਾਰੀ ਮਕਾਨਾਂ ਅਤੇ ਸੈਕਟਰ 56 ਵਿੱਚ ਪਲਸੌਰਾ ਦੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਸਰਕਾਰੀ ਮਿਡਲ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨਗੇ।