ਪੰਜਾਬ

punjab

ਮਣੀਪੁਰ ਹਿੰਸਾ: ਭਾਰਤੀ ਕਿਸਾਨ ਯੂਨੀਅਨ ਵੱਲੋਂ ਭਾਜਪਾ ਖਿਲਾਫ 6 ਅਗਸਤ ਨੂੰ ਚੰਡੀਗੜ੍ਹ ਵਿੱਚ ਔਰਤਾਂ ਦੇ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਐਲਾਨ

By

Published : Jul 26, 2023, 7:02 AM IST

ਮਣੀਪੁਰ ਵਿੱਚ ਔਰਤਾਂ ਨਾਲ ਵਾਪਰੀ ਘਟਨਾ ਤੇ ਭਾਜਪਾ ਦੀ ਫਿਰਕੂ ਫਾਸ਼ੀ ਮੁਹਿੰਮ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ 6 ਅਗਸਤ ਨੂੰ ਚੰਡੀਗੜ੍ਹ ਵਿੱਚ ਔਰਤਾਂ ਦੇ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ।

BKU UGRAHA
BKU UGRAHA

ਬਰਨਾਲਾ:ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮਨੀਪੁਰ 'ਚ 2 ਔਰਤਾਂ ਨੂੰ ਜਨਤਕ ਤੌਰ 'ਤੇ ਨਿਰਵਸਤਰ ਕਰਨ ਅਤੇ ਅਨੇਕਾਂ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਣ ਦੇ ਘਿਨਾਉਣੇ ਕਾਰੇ ਤੋਂ ਇਲਾਵਾ ਪੂਰੇ ਦੇਸ਼ ਵਿੱਚ ਭਾਜਪਾ ਹਕੂਮਤਾਂ ਵੱਲੋਂ ਚਲਾਈ ਜਾ ਰਹੀ ਜਾਬਰ ਫਿਰਕੂ ਫਾਸ਼ੀ ਮੁਹਿੰਮ ਵਿਰੁੱਧ 6 ਅਗਸਤ ਨੂੰ ਚੰਡੀਗੜ੍ਹ ਵਿਖੇ ਔਰਤਾਂ ਦਾ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਗੁਰਦੁਆਰਾ ਅੜੀਸਰ ਵਿਖੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਮੀਟਿੰਗ ਵਿੱਚ ਲਿਆ ਗਿਆ।

ਭਾਜਪਾ ਖਿਲਾਫ ਪ੍ਰਦਰਸ਼ਨ ਦਾ ਐਲਾਨ: ਇਸ ਮੌਕੇ ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਮੰਗ ਕੀਤੀ ਹੈ ਕਿ ਫਿਰਕੂ ਕਤਲਾਂ ਅਤੇ ਔਰਤਾਂ ਵਿਰੁੱਧ ਘਿਨਾਉਣੇ ਜੁਰਮਾਂ ਦੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਫਿਰਕੂ ਝੱਖੜ ਨੂੰ ਠੱਲ੍ਹ ਪਾਈ ਜਾ ਸਕੇ। ਮੀਟਿੰਗ ਦੀ ਸਰਬਸੰਮਤੀ ਰਾਇ ਸੀ ਕਿ ਇਸ ਮੌਕੇ ਵਿਸ਼ੇਸ਼ ਨਿਸ਼ਾਨਾ ਬਣਾਏ ਜਾ ਰਹੇ ਭਾਜਪਾ ਸ਼ਾਸਿਤ ਮਨੀਪੁਰ ਤੋਂ ਇਲਾਵਾ ਨਾਗਾਲੈਂਡ, ਮੀਜ਼ੋਰਮ, ਕਸ਼ਮੀਰ, ਛੱਤੀਸਗੜ੍ਹ ਆਦਿ ਰਾਜਾਂ ਤੋਂ ਵੀ ਆਦਿਵਾਸੀ ਕੌਮਾਂ ਵਿਰੁੱਧ ਫਾਸ਼ੀਵਾਦੀ ਹਮਲਿਆਂ ਦੀਆਂ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।

ਉਹਨਾਂ ਨੇ ਕਿਹਾ ਕਿ ਅੰਨ੍ਹੀ ਹਿੰਦੂ ਕੌਮਪ੍ਰਸਤੀ ਭੜਕਾ ਕੇ ਆਉਂਦੇ ਸਾਲ ਬਹੁਗਿਣਤੀ ਦਾ ਵੋਟ-ਲਾਹਾ ਲੈਣਾ ਵੀ ਇਸ ਮੁਹਿੰਮ ਦਾ ਇੱਕ ਨਿਸ਼ਾਨਾ ਹੈ। ਬਰਤਾਨਵੀ ਸਾਮਰਾਜੀਆਂ ਤੋਂ ਵਿਰਸੇ ਵਿੱਚ ਮਿਲੀ ਪਾੜੋ ਤੇ ਰਾਜ ਕਰੋ ਦੀ ਇਸ ਫ਼ਿਰਕੂ ਫਾਸ਼ੀ ਨੀਤੀ ਦਾ ਅਸਲ ਨਿਸ਼ਾਨਾ ਕਿਰਤੀ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਉਨ੍ਹਾਂ ਦੇ ਜਲ ਜੰਗਲ ਜ਼ਮੀਨਾਂ ਸਮੇਤ ਸਾਰੇ ਜਨਤਕ ਕਾਰੋਬਾਰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੇ ਹਵਾਲੇ ਕਰਨਾ ਹੈ। ਫਿਰਕਾਪ੍ਰਸਤੀ ਦੇ ਡਸੇ ਮੈਤੇਈ ਹਿੰਦੂਆਂ ਵੱਲੋਂ ਮਨੀਪੁਰ ਵਿੱਚ ਕੁੱਕੀ,ਨਾਗਾ, ਜ਼ੋਮੀ ਆਦਿ ਪਟੀਦਰਜ ਕਬੀਲਿਆਂ ਦੇ ਸੈਂਕੜੇ ਪਿੰਡਾਂ ਅਤੇ 300 ਚਰਚ ਘਰਾਂ ਨੂੰ ਸਾੜਨਾ, 150 ਤੋਂ ਵੱਧ ਕਤਲਾਂ ਸਮੇਤ ਦਹਿ ਹਜ਼ਾਰਾਂ ਲੋਕਾਂ ਨੂੰ ਉਜਾੜਨਾ ਅਤੇ ਅਨੇਕਾਂ ਔਰਤਾਂ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਣਾ ਇਸੇ ਨੀਤੀ ਦਾ ਹਿੱਸਾ ਹੈ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ,ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ 15 ਜ਼ਿਲ੍ਹਿਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ।

ABOUT THE AUTHOR

...view details