ਪੰਜਾਬ

punjab

ਕਿਸਾਨ ਜੱਥੇਬੰਦੀਆਂ ਨੇ ਮੁੜ ਖਿੱਚੀ ਦਿੱਲੀ ਦੀ ਤਿਆਰੀ, ਬਰਨਾਲਾ 'ਚ ਵੱਡੀ ਰੈਲੀ ਕਰਕੇ ਕੀਤਾ ਐਲਾਨ, ਜਾਣੋਂ ਕਿਉਂ

By ETV Bharat Punjabi Team

Published : Jan 6, 2024, 4:27 PM IST

Kissan Announce to Delhi Morcha: ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਬਰਨਾਲਾ 'ਚ ਵੱਡੀ ਮਹਾਂਪੰਚਾਇਤ ਕੀਤੀ ਗਈ। ਜਿਸ 'ਚ ਕੇਂਦਰ 'ਤੇ ਵਾਅਦਾ ਖਿਲਾਫ਼ੀ ਦਾ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਵਲੋਂ ਮੁੜ ਤੋਂ ਦਿੱਲੀ ਮੋਰਚੇ ਦਾ ਐਲਾਨ ਕੀਤਾ ਹੈ।

Kissan Announce to Delhi Morch
ਕਿਸਾਨ ਜੱਥੇਬੰਦੀਆਂ ਨੇ ਮੁੜ ਖਿੱਚੀ ਦਿੱਲੀ ਦੀ ਤਿਆਰੀ

ਕਿਸਾਨ ਜੱਥੇਬੰਦੀਆਂ ਨੇ ਮੁੜ ਖਿੱਚੀ ਦਿੱਲੀ ਦੀ ਤਿਆਰੀ

ਬਰਨਾਲਾ: ਬਰਨਾਲਾ ਦੀ ਅਨਾਜ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵਲੋਂ ਵਿਸ਼ਾਲ ਮਹਾਂ ਕਿਸਾਨ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਜਿੱਥੇ ਕੇਂਦਰ ਸਰਕਾਰ ਉਪਰ ਵਾਅਦਾ ਖਿਲਾਫੀ ਦੇ ਦੋਸ਼ ਲਗਾਏ ਗਏ, ਉਥੇ ਨਾਲ ਹੀ ਦਿੱਲੀ ਵਿਖੇ ਮੁੜ ਮੋਰਚਾ ਲਗਾਉਣ ਦੀ ਐਲਾਨ ਵੀ ਕੀਤਾ ਗਿਆ। ਇਸ ਕਿਸਾਨ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪੁੱਜੇ। ਇਸ ਰੈਲੀ ਨੂੰ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਫਸਲਾਂ ਉਪਰ ਐਮਐਸਪੀ ਸਮੇਤ ਹੋਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਸੰਘਰਸ਼ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ:ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਅਭਿਮਨਿਊ ਕੋਹਾੜ ਅਤੇ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨੀ ਕਾਨੂੰਨ ਦੀ ਸਮਾਪਤੀ ਮੌਕੇ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਐੱਮਐੱਸਪੀ ਸਮੇਤ ਹੋਰ ਕਈ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਕੀਤਾ। ਸਾਲ 2013 ਵਿੱਚ ਜਦੋਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਸੀ, ਜਿਸ ਦੌਰਾਨ ਭਾਜਪਾ ਆਗੂ ਰਾਜਨਾਥ ਸਿੰਘ ਨੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਭਾਅ ਦਿੱਤੇ ਜਾਣ ਦਾ ਵਾਅਦਾ ਕੀਤਾ ਸੀ ਪਰ 10 ਸਾਲ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਗਈ।

ਕਿਸਾਨਾਂ ਦੀਆਂ ਇਹ ਨੇ ਹੋਰ ਮੰਗਾਂ:ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੀ ਸਮਾਪਤੀ 'ਤੇ ਕਿਸਾਨਾਂ 'ਤੇ ਦਰਜ ਕੀਤੇ ਕੇਸ ਵਾਪਸ ਨਹੀਂ ਲਏ ਗਏ। ਲਖੀਮਪੁਰ ਖੀਰੀ ਯੂਪੀ ਮਾਮਲੇ ਵਿੱਚ ਇਨਸਾਫ਼ ਦੀ ਮੰਗ ਪੂਰੀ ਨਹੀਂ ਹੋਈ। ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਹੋਰ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ, ਪਰ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹੱਟ ਗਈ ਹੈ, ਜਿਸ ਕਾਰਨ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਇੱਕਜੁੱਟ ਹੋ ਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਦਿੱਲੀ ਸੰਘਰਸ਼ ਦੀ ਤਿਆਰੀ ਕਰ ਰਹੀਆਂ ਹਨ।

ਕਿਸਾਨ ਪੂਰੀ ਤਰ੍ਹਾਂ ਇੱਕਜੁੱਟ: ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਸੰਘਰਸ਼ ਦੇ ਅੰਤ ਵਿੱਚ ਕੇਂਦਰ ਸਰਕਾਰ ਨੂੰ ਵਹਿਮ ਸੀ ਕਿ ਕਿਸਾਨ ਜਥੇਬੰਦੀਆਂ ਵਿੱਚ ਫੁੱਟ ਪੈ ਗਈ ਹੈ, ਪਰ ਅਸੀਂ ਕੇਂਦਰ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਇੱਕਜੁੱਟ ਹੋ ਗਈਆਂ ਹਨ। ਇਸੇ ਕਾਰਨ ਅੱਜ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੀ ਦੂਜੀ ਵੱਡੀ ਮਹਾਂਪੰਚਾਇਤ ਬਰਨਾਲਾ ਦੀ ਅਨਾਜ ਮੰਡੀ ਵਿੱਚ ਹੋ ਰਹੀ ਹੈ। ਇਸ ਤੋਂ ਪਹਿਲਾਂ ਇੱਕ ਹੋਰ ਵੱਡੀ ਕਿਸਾਨ ਮਹਾਪੰਚਾਇਤ ਹੋਈ ਹੈ।

ਮੁੜ ਦਿੱਲੀ ਮੋਰਚੇ ਦਾ ਐਲਾਨ:ਉਨ੍ਹਾਂ ਕਿਹਾ ਕਿ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚਾ ਨੇ 23 ਫਰਵਰੀ ਨੂੰ ਦਿੱਲੀ ਵਿਖੇ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਇਸ ਦੀ ਤਿਆਰੀ ਲਈ ਮਹਾਂ ਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਹਾਂਪੰਚਾਇਤ ਵਿੱਚ ਪੁੱਜੇ ਹਨ, ਜੋ ਕਿਸਾਨਾਂ ਦੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਉਹ ਇਸ ਜੋਸ਼ ਅਤੇ ਉਤਸ਼ਾਹ ਨਾਲ ਮੁੜ ਦਿੱਲੀ ਵਿਖੇ ਮੋਰਚਾ ਲਾਉਣਗੇ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣਗੇ।

ABOUT THE AUTHOR

...view details