ਪੰਜਾਬ

punjab

ਕਿਸਾਨ ਅੰਦੋਲਨ 'ਚ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ ਪ੍ਰਤਾਪ ਬਾਜਵਾ

By ETV Bharat Punjabi Team

Published : Feb 22, 2024, 8:15 PM IST

ਖਨੌਰੀ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਦੇ ਪਰਿਵਾਰ ਨਾਲ ਪ੍ਰਤਾਪ ਸਿੰਘ ਬਾਜਵਾ ਦੁੱਖ ਵੰਡਾਉਣ ਪਹੁੰਚੇ। ਇਸ ਦੌਰਾਨ ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੇਲ੍ਹ ਸੀਐਮ ਤੱਕ ਆਖ ਦਿੱਤਾ।

ਪ੍ਰਤਾਪ ਸਿੰਘ ਬਾਜਵਾ
ਪ੍ਰਤਾਪ ਸਿੰਘ ਬਾਜਵਾ

ਕਿਸਾਨ ਅੰਦੋਲਨ 'ਚ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ ਪ੍ਰਤਾਪ ਬਾਜਵਾ

ਬਠਿੰਡਾ: ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ ਅਤੇ ਦਿੱਲੀ ਕੂਚ ਲਈ ਪੰਜਾਬ ਦੇ ਬਾਰਡਰਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਰੋਕਣ ਲਈ ਗੋਲੀਆਂ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਹਨ। ਇਸ ਦੇ ਚੱਲਦਿਆਂ ਬੀਤੇ ਦਿਨੀਂ ਖਨੌਰੀ ਬਾਰਡਰ 'ਤੇ ਬਠਿੰਡਾ ਦੇ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਵੀ ਹਰਿਆਣਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਤਸ਼ੱਦਦ 'ਚ ਜਾਨ ਗਈ ਹੈ। ਜਿਸ ਦੇ ਚੱਲਦਿਆਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਹਨ।

ਭਗਵੰਤ ਮਾਨ ਸਰਕਾਰ ਹੋਈ ਫੇਲ੍ਹ:ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਵੀ ਸਾਧਿਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਚਲਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਿੱਚ ਮੁੱਖ ਮੰਤਰੀ ਬਣਨ ਦੀ ਕਾਬਲੀਅਤ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ 'ਤੇ ਹੋਈ ਇਸ ਕਾਰਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਆਖਿਰ ਕਿਸ ਤਰ੍ਹਾਂ ਪੰਜਾਬ ਦੀ ਹੱਦ ਵਿੱਚ ਆ ਕੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ 'ਤੇ ਤਸ਼ੱਦਦ ਕੀਤਾ ਗਿਆ।

ਮਾਨ ਸਰਕਾਰ 'ਤੇ ਵਿੱਜ ਅਤੇ ਹਰਿਆਣਾ ਪ੍ਰਸ਼ਾਸਨ 'ਤੇ ਕਰੇ ਪਰਚਾ:ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਾਰਡਰ 'ਤੇ ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਹਨ ਪਰ ਹਰਿਆਣਾ ਸਰਕਾਰ ਕਿਸਾਨਾਂ 'ਤੇ ਇੰਨਾ ਤਸ਼ੱਦਦ ਕਰ ਰਹੀ ਹੈ ਕਿ ਇਹ ਬਰਦਾਸ਼ਤ ਕਰਨ ਯੋਗ ਨਹੀਂ ਹੈ। ਹੁਣ ਹਾਲਾਤ ਇਹ ਹਨ ਕਿ ਕੇਂਦਰ ਸਰਕਾਰ ਜਦੋਂ ਚਾਹੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾ ਸਕਦੀ ਹੈ। ਬਾਜਵਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਸੱਚਮੁੱਚ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵਿਰੁੱਧ ਧਾਰਾ 302 ਤਹਿਤ ਕੇਸ ਦਰਜ ਕਰਨਾ ਚਾਹੀਦਾ ਹੈ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੋਸ਼ੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ।

ਸਿਹਤ ਮੰਤਰੀ ਦਾ ਬਿਆਨ ਮੰਦਭਾਗਾ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਖੁਦ ਇਸ ਮੁੱਦੇ ਨੂੰ ਆਉਣ ਵਾਲੇ ਸੈਸ਼ਨ 'ਚ ਚੁੱਕਣਗੇ ਅਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਖੁਦ ਪੰਜਾਬ ਸਰਕਾਰ ਖਿਲਾਫ ਜਲਦੀ ਹੀ ਹਾਈਕੋਰਟ ਵਿਚ ਪਹੁੰਚ ਕਰਨਗੇ। ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਹਰਿਆਣਾ ਉਧਰ ਕਿਸਾਨਾਂ 'ਤੇ ਤਸ਼ੱਦਦ ਕਰ ਰਿਹਾ ਹੈ ਤੇ ਕਈ ਕਿਸਾਨ ਜ਼ਖ਼ਮੀ ਵੀ ਹੋ ਗਏ ਤਾਂ ਪੰਜਾਬ ਦਾ ਸਿਹਤ ਮੰਤਰੀ ਬਿਆਨ ਦੇ ਰਿਹਾ ਕਿ ਉਨ੍ਹਾਂ ਨੇ ਹਸਪਤਾਲਾਂ 'ਚ ਕਿਸਾਨਾਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕਰ ਲਏ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਪੰਜਾਬ ਸਰਕਾਰ ਕਿਸਾਨਾਂ ਨੂੰ ਜ਼ਖਮੀ ਹੁੰਦਾ ਹੀ ਦੇਖਣਾ ਚਾਹੁੰਦੀ ਹੈ।

ਅਫਗਾਨਿਸਤਾਨ ਨਾਲੋਂ ਵੀ ਬੁਰਾ ਸਲੂਕ : ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਹਰ ਇੱਕ ਦਾ ਅਧਿਕਾਰ ਹੈ ਤੇ ਕਾਨੂੰਨ ਉਦੋਂ ਤੱਕ ਕੁਝ ਨਹੀਂ ਕਹਿ ਸਕਦਾ, ਜਦੋਂ ਤੱਕ ਉਹ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ ਪਰ ਇਥੇ ਸ਼ਾਂਤਮਈ ਪ੍ਰਦਰਸ਼ਨ 'ਤੇ ਹੀ ਰੋਕ ਲਗਾਈ ਜਾ ਰਹੀ ਹੈ। ਇਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਤੇ ਮਹਾਤਮਾ ਬੁੱਧ ਨਾਲ ਹੈ ਤੇ ਇਥੇ ਕਿਸਾਨਾਂ ਨਾਲ ਅਫਗਾਨਿਸਤਾਨ ਨਾਲੋਂ ਵੀ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ 'ਤੇ ਵੀ ਸਾਡੇ ਪੰਜਾਬੀ ਤੇ ਸਿੱਖ ਤੈਨਾਤ ਹਨ, ਜੋ ਦੇਸ਼ ਦੀ ਸੇਵਾ ਕਰ ਰਹੇ ਤੇ ਹਰ ਮਹੀਨੇ ਨੌਜਵਾਨਾਂ ਦੀ ਸ਼ਹਾਦਤ ਹੁੰਦੀ ਤੇ ਝੰਡੇ 'ਚ ਲਿਪਟ ਕੇ ਆਉੇਂਦੇ ਹਨ ਪਰ ਤੁਸੀਂ ਉਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ 'ਤੇ ਹੀ ਅਜਿਹਾ ਤਸ਼ੱਦਦ ਕਰ ਰਹੇ ਹੋ। ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦਾ 'ਆਪ' ਨਾਲ ਗਠਜੋੜ ਨਾ ਹੀ ਹੁਣ ਹੋਵੇਗਾ ਤੇ ਨਾ ਹੀ ਭਵਿੱਖ 'ਚ ਹੋਵੇਗਾ।

ABOUT THE AUTHOR

...view details