ਪੰਜਾਬ

punjab

MP ਸਿਮਰਨਜੀਤ ਸਿੰਘ ਮਾਨ ਨੇ ਪਿੰਡ ਬਡਬਰ ਵਿਖੇ ਕੀਤੇ ਸੰਗਤ ਦਰਸ਼ਨ

By ETV Bharat Punjabi Team

Published : Mar 10, 2024, 8:38 PM IST

ਬਰਨਾਲਾ ਹਾਈਵੇ ਐਨਐਚ-64 'ਤੇ ਪਿੰਡ ਬਡਬਰ ਨਜਦੀਕ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਪਿੰਡ ਵਾਸੀਆਂ ਦੀ ਮੰਗ 'ਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਹਾਈਵੇ 'ਤੇ ਦੋ ਸਰਵਿਸ ਲੇਨ ਅਤੇ ਰੈਡ ਲਾਈਟਸ ਲਗਵਾਉਣ ਲਈ ਕੇਂਦਰੀ ਸੜਕਾਂ, ਟਰਾਂਸਪੋਰਟ ਅਤੇ ਹਾਈਵੇ ਮੰਤਰੀ ਨਿਤੀਨ ਗਡਕਰੀ ਨੂੰ ਪੱਤਰ ਲਿਖਿਆ ਹੈ।

MP Simranjit Singh Maan made sangat darshan at village Badbar
MP ਸਿਮਰਨਜੀਤ ਸਿੰਘ ਮਾਨ ਨੇ ਪਿੰਡ ਬਡਬਰ ਵਿਖੇ ਕੀਤੇ ਸੰਗਤ ਦਰਸ਼ਨ

ਬਰਨਾਲਾ:ਸੰਗਰੂਰ-ਬਰਨਾਲਾ ਹਾਈਵੇ ਐਨਐਚ-64 'ਤੇ ਪਿੰਡ ਬਡਬਰ ਨਜਦੀਕ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਪਿੰਡ ਵਾਸੀਆਂ ਦੀ ਮੰਗ 'ਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਹਾਈਵੇ 'ਤੇ ਦੋ ਸਰਵਿਸ ਲੇਨ ਅਤੇ ਰੈਡ ਲਾਈਟਸ ਲਗਵਾਉਣ ਲਈ ਕੇਂਦਰੀ ਸੜਕਾਂ, ਟਰਾਂਸਪੋਰਟ ਅਤੇ ਹਾਈਵੇ ਮੰਤਰੀ ਨਿਤੀਨ ਗਡਕਰੀ ਨੂੰ ਪੱਤਰ ਲਿਖਿਆ ਹੈ।

MP ਸਿਮਰਨਜੀਤ ਸਿੰਘ ਮਾਨ ਨੇ ਪਿੰਡ ਬਡਬਰ ਵਿਖੇ ਕੀਤੇ ਸੰਗਤ ਦਰਸ਼ਨ

ਇਹ ਜਾਣਕਾਰੀ ਐਮ.ਪੀ. ਮਾਨ ਨੇ ਪਿੰਡ ਬਡਬਰ ਵਿਖੇ ਸੰਗਤ ਦਰਸ਼ਨ ਦੌਰਾਨ ਹਾਜਰੀਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਗਊਸ਼ਾਲਾ ਦੀ ਉਸਾਰੀ ਲਈ ਸਰਕਾਰੀ ਜਮੀਨ ਲੈਣ ਲਈ ਇੱਕ ਮੰਗ ਪੱਤਰ ਵੀ ਐਮ.ਪੀ. ਸੰਗਰੂਰ ਨੂੰ ਸੌਂਪਿਆ ਗਿਆ, ਜੋ ਉਨ੍ਹਾਂ ਨੇ ਮੌਕੇ 'ਤੇ ਹੀ ਮਾਰਕ ਕੇ ਅਗਲੀ ਕਾਰਵਾਈ ਹਿੱਤ ਪ੍ਰਸ਼ਾਸਨ ਨੂੰ ਭੇਜਿਆ।


ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਹਰ ਵਰਗ ਦੀਆਂ ਲੋੜਾਂ ਨੂੰ ਪੂਰਾ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਵਿੱਚ ਜਿੰਮ, ਸਰਕਾਰੀ ਸਕੂਲ ਲਈ ਸਵਾ ਲੱਖ ਰੁਪਏ ਦੀ ਗ੍ਰਾਂਟ ਅਤੇ ਧਰਮਸ਼ਾਲਾ ਲਈ ਡੇਢ ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ। ਮਾਨ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਪਿੰਡ ਦੇ ਹਾਲੇ ਹੋਰ ਬਹੁਤ ਕੰਮ ਹੋਣੇ ਬਾਕੀ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ।

MP Simranjit Singh Maan made sangat darshan at village Badbar

ਸਿਮਰਨਜੀਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਬੇਰੁਜਗਾਰੀ ਸਮਾਪਤ ਕਰਨ ਦੇ ਕੀਤੇ ਹੋਏ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ਰੁਜਗਾਰ ਪ੍ਰਾਪਤੀ ਲਈ ਹੋ ਰਹੇ ਪ੍ਰਦਰਸ਼ਨ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਦਿਸ ਰਹੇ। ਨੌਜਵਾਨ ਬੱਚੇ-ਬੱਚੀਆਂ ਨੂੰ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਰੁਲਣਾ ਪੈ ਰਿਹਾ ਹੈ। ਲੜਕੀਆਂ ਟਾਵਰਾਂ ਅਤੇ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹ ਕੇ ਰੋਸ ਵਿਖਾਵੇ ਕਰਨ ਲਈ ਮਜਬੂਰ ਹੋ ਰਹੀਆਂ ਹਨ। ਠੇਕੇਦਾਰੀ ਸਿਸਟਮ ਨੂੰ ਮੂਹਰੇ ਰੱਖ ਕੇ ਗਰੀਬ ਪੱਲੇਦਾਰਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਗਰੀਬ ਮਜਦੂਰਾਂ ਨੂੰ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਮਿਹਨਤ ਦਾ ਹੱਕ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਉੱਪਰ ਜੁਲਮ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੀ।


ਐਮਪੀ. ਮਾਨ ਨੇ ਮੋਦੀ ਸਰਕਾਰ ਦੀ ਪੱਖਪਾਤ ਵਾਲੀ ਨੀਤੀ ਦੀ ਉਦਾਹਰਨ ਪੇਸ਼ ਕਰਦਿਆਂ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟਾਂ ਹਾਸਲ ਕਰਨ ਲਈ ਕਤਰ ਦੇਸ਼ ਵਿੱਚ ਫਸੇ 8 ਭਾਰਤੀਆਂ ਨੂੰ ਮੌਤ ਦੀ ਸਜਾ ਤੋਂ ਬਚਾ ਕੇ ਲਿਆਏ ਹਨ। ਦੂਜੇ ਪਾਸੇ ਆਪਣੇ ਹੀ ਦੇਸ਼ ਵਿੱਚ ਸਜਾਵਾਂ ਪੂਰੀ ਕਰਨ ਦੇ ਬਾਵਜੂਦ ਸਿੱਖਾਂ ਨੂੰ ਜੇਲਾਂ ਵਿੱਚ ਰਿਹਾਅ ਨਹੀਂ ਕੀਤਾ ਜਾ ਰਿਹਾ। ਮਾਨ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਉਹ ਹਮੇਸ਼ਾ ਤੋਂ ਮਸਲੇ ਉਠਾਉਂਦੇ ਰਹੇ ਹਨ ਅਤੇ ਅੱਗੇ ਵੀ ਉਠਾਉਂਦੇ ਰਹਿਣਗੇ ਅਤੇ ਉਮੀਦ ਹੈ ਕਿ ਸੁਧਾਰ ਜਰੂਰ ਹੋਵੇਗਾ।

ਉਨ੍ਹਾਂ ਭਰੋਸਾ ਦੁਆਇਆ ਕਿ ਪਿੰਡ ਵਾਸੀਆਂ ਵੱਲੋਂ ਜੋ ਵੀ ਮਸਲੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਗਏ ਹਨ, ਉਨ੍ਹਾਂ ਨੂੰ ਹੱਲ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਸੀਨੀਅਰ ਆਗੂ ਉਕਾਂਰ ਸਿੰਘ ਬਰਾੜ, ਮਨਜੀਤ ਸਿੰਘ ਮੱਲੀ ਸਰਕਲ ਪ੍ਰਧਾਨ, ਰਾਜ ਗਿੱਲ ਯੂਥ ਵਿੰਗ ਪ੍ਰਧਾਨ, ਦਰਸ਼ਨ ਸਿੰਘ ਜਵੰਧਾ ਕਿਸਾਨ ਵਿੰਗ ਦੇ ਪ੍ਰਧਾਨ, ਦਰਸ਼ਨ ਸਿੰਘ ਯੋਧਾ ਸੋਸ਼ਲ ਮੀਡੀਆ ਇੰਚਾਰਜ, ਸੁਖਵੀਰ ਸਿੰਘ ਸੋਸ਼ਲ ਮੀਡੀਆ ਇੰਚਾਰਜ, ਮਨਦੀਪ ਸਿੰਘ ਜੰਡ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਸਮੇਤ ਹੋਰ ਆਗੂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

ABOUT THE AUTHOR

...view details