ਪੰਜਾਬ

punjab

ਲੋਕ ਸਭਾ ਚੋਣਾਂ 2024: ਹਲਕਾ ਫ਼ਰੀਦਕੋਟ 'ਚ ਇਸ ਵਾਰ ਸਿਆਸੀ ਟੱਕਰ ਸਖ਼ਤ, ਜਾਣੋ ਕਿਸ ਤਰ੍ਹਾਂ ਦਾ ਰਹੇਗਾ ਮੁਕਾਬਲਾ

By ETV Bharat Punjabi Team

Published : Mar 6, 2024, 11:51 AM IST

Lok Sabha constituency Faridkot: ਹਲਕਾ ਫ਼ਰੀਦਕੋਟ 'ਚ ਇਸ ਵਾਰ ਲੋਕ ਸਭਾ ਚੋਣਾਂ ਵਿਚ ਜਿੱਤ ਦਰਜ ਕਰਨਾ ਕਿਸੇ ਵੀ ਪਾਰਟੀ ਲਈ ਸੁਖਾਲਾ ਨਹੀਂ ਹੋਵੇਗਾ, ਕਿਉਕਿ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਮੁਕਾਬਲੇ ਚਾਰ ਮੁੱਖ ਪਾਰਟੀਆਂ ਵਿੱਚ ਹੋਣੇ ਹਨ। ਇਸ ਵਕਤ ਚਰਮ ਉੱਤੇ ਚੱਲ ਰਿਹਾ ਕਿਸਾਨ ਅੰਦੋਲਨ ਸਾਰੀਆ ਹੀ ਪਾਰਟੀਆਂ ਦੇ ਚੋਣ ਨਤੀਜੇ ਬਦਲਣ ਵੱਲ ਵੱਡੀ ਭੂਮਿਕਾ ਨਿਭਾਏਗਾ। ਪੜ੍ਹੋ ਇਹ ਵਿਸ਼ੇਸ਼ ਰਿਪੋਰਟ।

Lok Sabha Election 2024
Lok Sabha Election 2024

ਫ਼ਰੀਦਕੋਟ: ਜੇਕਰ ਗੱਲ ਕਰੀਏ ਪੰਜਾਬ ਦੇ ਲੋਕ ਸਭਾ ਹਲਕਾ ਫਰੀਦਕੋਟ ਦੀ, ਤਾਂ ਫਰੀਦਕੋਟ ਹਲਕੇ ਅੰਦਰ ਵੀ ਇਸ ਵਾਰ ਕਿਸੇ ਵੀ ਪਾਰਟੀ ਦੇ ਉਮੀਦਵਾਰ ਲਈ ਜਿੱਤ ਦਰਜ ਕਰਨਾ ਸੌਖਾ ਨਹੀਂ ਹੋਵੇਗਾ। ਫ਼ਰੀਦਕੋਟ ਹਲਕੇ ਤੋਂ ਚੁਣ ਕੇ ਗਏ ਮੈਂਬਰ ਪਾਰਲੀਮੈਂਟ ਅੱਜ ਤੱਕ ਇਸ ਹਲਕੇ ਦੇ ਲੋਕਾਂ ਦੀਆਂ ਉਮੀਦਾਂ ਉੱਤੇ ਸ਼ਾਇਦ ਹੀ ਖਰੇ ਉਤਰੇ ਹੋਣ। ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸ਼ਾਇਦ ਹੀ ਕੋਈ ਹੋਰ ਉਮੀਦਵਾਰ ਹੈ, ਜੋ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਵਿੱਚ ਵਿਚਰਿਆ ਹੋਵੇ। ਹਾਰੇ ਹੋਏ ਉਮੀਦਵਾਰਾਂ ਦੀ ਤਾਂ ਇਲਾਕੇ ਦੇ ਲੋਕਾਂ ਨੂੰ ਸ਼ਕਲ ਤੱਕ ਵੀ ਯਾਦ ਨਹੀਂ ਹੋਵੇਗੀ।

ਜਿੱਤਣ ਤੋਂ ਐਮਪੀ ਕਦੇ ਨਹੀਂ ਦਿਖੇ:ਫ਼ਰੀਦਕੋਟ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕੇ ਅਤੇ ਚਾਰ ਜਿਲ੍ਹੇ, ਫ਼ਰੀਦਕੋਟ, ਬਠਿੰਡਾ, ਮੋਗਾ ਅਤੇ ਮੁਕਤਸਰ ਆਉਂਦੇ ਹਨ ਜਿਸ ਵਿੱਚ ਮੁਕਤਸਰ ਅਤੇ ਬਠਿੰਡਾ ਦਾ ਇਕ-ਇਕ ਵਿਧਾਨ ਸਭਾ ਹਲਕਾ, ਫ਼ਰੀਦਕੋਟ ਦੇ ਤਿੰਨ ਅਤੇ ਮੋਗਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕੇ ਆਉਂਦੇ ਹਨ। ਇਨ੍ਹਾਂ ਇਲਾਕਿਆ ਦੀਆਂ ਸਮੱਸਿਆਵਾਂ ਲਗਭਗ ਬਰਾਬਰ ਹਨ ਅਤੇ ਕੋਈ ਵੀ ਜਿੱਤਿਆ ਹੋਇਆ ਐਮਪੀ ਇਨ੍ਹਾਂ ਹਲਕਿਆ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਿਆ। ਇਨ੍ਹਾਂ ਹਲਕਿਆ ਵਿੱਚ ਇਕ ਵੀ ਵੱਡੀ ਇੰਡਰਸਟਰੀ ਨਹੀਂ ਹੈ, ਜੋ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕੇ।

ਪਿਛਲੇ ਚੋਣ ਨਤੀਜਿਆਂ ਦੇ ਰੁਝਾਨ

ਫ਼ਰੀਦਕੋਟ ਹਲਕੇ ਦੀ ਸਮੱਸਿਆ: ਇਸ ਹਲਕੇ ਦੀ ਤ੍ਰਾਸਦੀ ਇਹ ਹੈ ਕਿ ਫ਼ਰੀਦਕੋਟ ਸ਼ਹਿਰ ਵਿਚ ਤਾਂ ਫੋਕਲ ਪੁਆਇੰਟ ਹੀ ਨਹੀਂ ਹੈ। ਫ਼ਰੀਦਕੋਟ ਹਲਕੇ ਦੀ ਸਭ ਤੋਂ ਵੱਡੀ ਸਮੱਸਿਆ ਰੁਜ਼ਗਾਰ ਦੀ ਹੈ। ਇਸ ਦੇ ਨਾਲ ਹੀ ਇਸ ਇਲਾਕੇ ਵਿੱਚ ਅਗਲੀ ਵੱਡੀ ਸਮੱਸਿਆ ਨੌਜਵਾਨਾਂ ਦਾ ਪੰਜਾਬ ਤੋਂ ਬਾਹਰਲੇ ਮੁਲਕਾਂ ਲਈ ਪਲਾਇਨ ਹੈ ਜਿਸ ਨਾਲ ਪਿੰਡਾਂ ਦੇ ਪਿੰਡ ਖਾਲੀ ਹੋਣ ਲੱਗੇ ਹਨ।

ਨਸ਼ੇ ਤੋਂ ਲੈ ਕੇ ਕਿਸਾਨੀ ਮੁੱਦੇ: ਇਸ ਤੋਂ ਅਗਲੀ ਸਮੱਸਿਆ ਸੰਥੈਟਿਕ ਨਸ਼ੇ ਦੀ ਹੈ, ਜੋ ਆਏ ਦਿਨ ਨੌਜਵਾਨਾਂ ਨੂੰ ਨਿਗਲ ਰਿਹਾ ਅਤੇ ਕੋਈ ਵੀ ਸਰਕਾਰ ਇਸ ਨੂੰ ਠੱਲ੍ਹ ਪਾਉਣ ਵਿਚ ਕਾਮਯਾਬ ਨਹੀਂ ਹੋ ਸਕੀ। ਰਹਿੰਦੀ ਕਸਰ ਕਿਸਾਨ ਅੰਦੋਲਨ ਨੇ ਕੱਢ ਦਿੱਤੀ ਹੈ, ਕਿਉਕਿ ਇਹ ਹਲਕਾ ਨਿਰੋਲ ਕਿਸਾਨੀ ਉੱਤੇ ਨਿਰਭਰ ਇਲਾਕਾ ਹੈ, ਵੱਡੀਆਂ ਕਿਸਾਨ ਜਥੇਬੰਦੀਆਂ ਜੋ ਇਸ ਸਮੇਂ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਹਨ, ਉਸ ਦੇ ਆਗੂ ਫ਼ਰੀਦਕੋਟ ਜਿਲ੍ਹੇ ਨਾਲ ਹੀ ਸੰਬੰਧਿਤ ਹਨ ਅਤੇ ਕਿਸਾਨ ਮਸਲਿਆਉੱ ਤੇ ਸਰਕਾਰਾਂ ਨੂੰ ਘੇਰ ਰਹੇ ਹਨ।

ਹੁਣ ਤੱਕ ਕਿਹੜੀ ਪਾਰਟੀ ਹੱਥ ਰਹੀ ਹੈ ਲੋਕ ਸਭਾ ਹਲਕਾ ਫ਼ਰੀਦਕੋਟ ਦੀ ਕਮਾਨ

ਹੁਣ ਤੱਕ ਕਿਹੜੀ ਪਾਰਟੀ ਹੱਥ ਰਹੀ ਹੈ ਲੋਕ ਸਭਾ ਹਲਕਾ ਫ਼ਰੀਦਕੋਟ ਦੀ ਕਮਾਨ:ਜੇਕਰ ਗੱਲ ਕਰੀਏ 1977 ਤੋਂ ਲੈ ਕੇ ਹੁਣ ਤੱਕ ਦੀ, ਤਾਂ 1977 ਤੋਂ 2019 ਤੱਕ ਕੁੱਲ੍ਹ 12 ਵਾਰ ਚੋਣ ਹੋਈ ਹੈ ਜਿਸ ਵਿਚ 6 ਵਾਰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ। ਇਸ ਦੌਰਾਨ 3 ਵਾਰ ਸੁਖਬੀਰ ਸਿੰਘ ਬਾਦਲ ਅਤੇ ਇਕ ਵਾਰ ਮਰਹੂਮ ਪਰਕਾਸ ਸਿੰਘ ਬਾਦਲ ਨੇ ਇਸ ਹਲਕੇ ਦੀ ਕੇਂਦਰ ਵਿੱਚ ਨੁਮਾਇੰਦਗੀ ਕੀਤੀ ਹੈ, ਜੋ ਕਿ ਇਕ ਵਾਰ ਭਾਈ ਸ਼ਮਿੰਦਰ ਸਿੰਘ ਅਤੇ ਇਕ ਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਵੀ ਇਸ ਹਲਕੇ ਦੀ ਕੇਂਦਰ ਵਿੱਚ ਨੁਮਾਇੰਦਗੀ ਕਰ ਚੁੱਕੇ ਹਨ।

2019 ਵਿੱਚ ਲੋਕ ਸਭਾ ਚੋਣ ਨਤੀਜੇ

ਜਦਕਿ, 4 ਵਾਰ ਕਾਂਗਰਸ ਪਾਰਟੀ ਨੂੰ ਇਥੋਂ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਜਿਸ ਵਿੱਚ ਬੀਬੀ ਗੁਰਬਿੰਦਰ ਕੌਰ ਇਕ ਵਾਰ, ਜਗਮੀਤ ਸਿੰਘ ਬਰਾੜ ਦੋ ਵਾਰ, ਮੌਜੂਦਾ ਸਮੇਂ ਵਿਚ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ ਇਲਾਕੇ ਦੀ ਨੁਮਾਇੰਗੀ ਲੋਕ ਸਭਾ ਵਿੱਚ ਕਰ ਰਹੇ ਹਨ। ਇਸ ਦੇ ਨਾਲ ਹੀ, ਇਕ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦਲ ਦਾ ਉਮੀਦਵਾਰ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜੇਤੂ ਰਿਹਾ, ਜਿਨ੍ਹਾਂ ਦੀ ਕੁਝ ਸਮੇਂ ਬਾਅਦ ਹੀ ਭੇਦ ਭਰੇ ਹਲਾਤਾਂ ਵਿਚ ਮੌਤ ਹੋ ਗਈ ਸੀ, ਉਸ ਤੋਂ ਬਾਅਦ, ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਇਥੋਂ ਸਾਲ 2014 ਵਿੱਚ ਭਾਰੀ ਬਹੁਮਤ ਨਾਲ ਜਿੱਤੇ ਸਨ।

2019 ਵਿੱਚ ਲੋਕ ਸਭਾ ਚੋਣ ਨਤੀਜੇ

ਇਸ ਵਾਰ ਕਿਹੜੀ ਪਾਰਟੀ ਤੋਂ ਕਿਹੜਾ ਉਮੀਦਵਾਰ ਆਉਣ ਦੀ ਸੰਭਾਵਨਾ:ਇਸ ਵਾਰ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਲਈ ਲਗਭਗ ਸਾਰੀਆਂ ਹੀ ਪਾਰਟੀਆ ਕੋਲ ਕਾਫੀ ਚਿਹਰੇ ਹਨ। ਸਭ ਤੋਂ ਪਹਿਲਾਂ ਗੱਲ ਕਰੀਏ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ, ਤਾਂ ਫਰੀਦਕੋਟ ਹਲਕੇ ਤੋਂ ਲੋਕ ਸਭਾ ਲਈ ਇਸ ਪਾਰਟੀ ਦੇ ਕਈ ਆਗੂ ਆਪਣੇ ਆਪ ਨੂੰ ਉਮੀਦਵਾਰ ਦਾ ਦਾਅਵੇਦਾਰ ਮੰਨ ਰਹੇ ਹਨ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ਉੱਤੇ ਅਰਸ਼ ਉਮਰੀਆਣਾਂ, ਸੁਰਿੰਦਰ ਸਿੰਘ ਕਾਹਨ ਸਿੰਘ ਵਾਲਾ, ਇੰਜੀਨੀਅਰ ਇੰਦਰਜੀਤ ਸਿੰਘ, ਸਾਬਕਾ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਦੇ ਨਾਮ ਸ਼ਾਮਲ ਹਨ। ਇਨ੍ਹਾਂ ਸਾਰੇ ਵਿਧਾਨ ਸਭਾ ਹਲਕਿਆ ਵਿੱਚ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕੀਤਾ ਹੋਇਆ ਹੈ ਅਤੇ ਸਾਰੇ ਹੀ ਖੁਦ ਨੂੰ ਪੱਕਾ ਉਮੀਦਵਾਰ ਦੱਸ ਰਹੇ ਹਨ। ਪਰ, ਪਾਰਟੀ ਹਾਈ ਕਮਾਨ ਕਿਸ ਉੱਤੇ ਮੋਹਰ ਲਗਾਉਂਦੀ ਹੈ ਜਾਂ ਕਿਸੇ ਹੋਰ ਆਗੂ ਨੂੰ ਜਾਂ ਕਿਸੇ ਹੋਰ ਪਾਰਟੀ ਤੋਂ ਆਏ ਆਗੂ ਨੂੰ ਟਿਕਟ ਦਿੰਦੀ ਹੈ, ਇਸ ਬਾਰੇ ਹਾਲੇ ਕੁਝ ਵੀ ਨਹੀ ਕਿਹਾ ਜਾ ਸਕਦਾ।

ਦੂਜੇ ਪਾਸੇ, ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੀ, ਤਾਂ ਪ੍ਰਮੁੱਖ ਤੌਰ ਉੱਤੇ ਇਥੋਂ ਲੜ ਚੁੱਕੇ ਸੁਖਵਿੰਦਰ ਡੈਨੀ, ਡਾਕਟਰ ਰਾਜ ਕੁਮਾਰ ਵੇਰਕਾ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਆਪਣੇ ਆਪ ਨੂੰ ਸੀਟ ਦੇ ਉਮੀਦਵਾਰ ਦੇ ਦਾਅਵੇਦਾਰ ਮੰਨ ਰਹੇ ਹਨ।

2019 ਵਿੱਚ ਲੋਕ ਸਭਾ ਚੋਣ ਨਤੀਜੇ

ਪਰ, ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਸੰਭਾਵੀ ਉਮੀਦਵਾਰ ਨੇ ਆਪਣੇ ਪੱਧਰ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਹਾਲੇ ਤੱਕ ਅਰੰਭ ਨਹੀਂ ਕੀਤੀ। ਇਸ ਨੂੰ ਪਾਰਟੀ ਦਾ ਅਨੁਸਾਸ਼ਨ ਵੀ ਕਹਿ ਸਕਦੇ ਹਾ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਲਗਾਤਾਰ 2 ਵਾਰ ਇਥੋਂ ਹਾਰਨ ਤੋਂ ਬਾਅਦ ਕੋਈ ਵੀ ਆਗੂ ਇਥੋਂ ਚੋਣ ਲੜਨ ਲਈ ਤਿਆਰ ਨਾ ਹੋਵੇ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਹਾਈ ਕਮਾਨ ਵੱਲੋਂ ਇਥੋਂ ਪਾਰਟੀ ਦੇ ਸੀਨੀਅਰ ਦਲਿਤ ਆਗੂ ਪ੍ਰਕਾਸ਼ ਸਿੰਘ ਭੱਟੀ, ਸਾਬਕਾ ਐਮਐਲਏ ਦਰਸਨ ਸਿੰਘ ਕੋਟਫੱਤਾ ਅਤੇ ਹਰਪ੍ਰੀਤ ਸਿੰਘ ਕੋਟਭਾਈ ਦਾ ਨਾਮ ਵਿਚਾਰਿਆ ਜਾ ਰਿਹਾ।

ਲਗਾਤਾਰ ਦੋ ਵਾਰ ਇਥੋਂ ਹਾਰ ਹਾਸਲ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਇੱਥੇ ਕੋਈ ਕਮਜ਼ੋਰ ਉਮੀਦਵਾਰ ਉਤਾਰਨ ਦੀ ਫਿਰਾਕ ਵਿੱਚ ਨਹੀਂ ਹੈ। ਇਸ ਦੇ ਨਾਲ ਹੀ, ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਭਾਰਤੀ ਜਨਤਾ ਪਾਰਟੀ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਜਾ ਰਹੀ ਹੈ। ਇਥੋਂ ਲੋਕਲ ਪੱਧਰ ਦੇ ਕਈ ਆਗੂ ਟਿੱਕਟ ਲਈ ਜ਼ੋਰ ਅਜਮਾਇਸ਼ ਕਰ ਰਹੇ ਹਨ।

ਪਾਰਟੀ ਹਾਈ ਕਮਾਨ ਵੱਲੋਂ ਕੁਝ ਸਮਾਂ ਪਹਿਲਾ ਹੀ, ਇਥੋਂ ਦਲਿਤ ਆਗੂ ਰਾਜੇਸ਼ ਬਾਘਾ ਨੂੰ ਇਸ ਹਲਕੇ ਵਿੱਚ ਭੇਜਿਆ ਗਿਆ ਹੈ। ਹੋ ਸਕਦਾ ਹੈ ਕਿ ਪਾਰਟੀ ਰਾਜੇਸ਼ ਬਾਘਾ ਨੂੰ ਇਥੋਂ ਟਿਕਤ ਦੇਣ ਬਾਰੇ ਸੋਚ ਰਹੀ ਹੋਵੇ, ਪਰ ਹੋਰ ਵੀ ਕਈ ਸੀਨੀਅਰ ਨੇਤਾ ਇਥੋਂ ਭਾਜਪਾ ਦੀ ਟਿਕਟ ਉੱਤੇ ਚੋਣ ਲੜਨ ਦੇ ਚਾਹਵਾਨ ਹਨ।

ਪਿਛਲੇ 3 ਚੋਣ ਨਤੀਜਿਆਂ ਦੇ ਰੁਝਾਨ: ਸਾਲ 2009 ਵਿੱਚ ਇਥੋਂ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ 4,57,734 ਵੋਟਾਂ ਲੈ ਕੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਜਿਸ ਨੂੰ 3,95,692 ਵੋਟਾਂ ਮਿਲਿਆ ਸਨ, ਤੋਂ ਜੇਤੂ ਰਹੀ ਸੀ।

ਸਾਲ 2014 ਵਿੱਚ ਇਥੋਂ ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਚੋਣ ਲੜੇ ਪ੍ਰੋ. ਸਾਧੂ ਸਿੰਘ 4,50,751 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸਨ 2,78,235 ਵੋਟਾਂ ਅਤੇ ਕਾਂਗਰਸ ਦੇ ਜੋਗਿੰਦਰ ਸਿੰਘ ਪੰਜਗਰਾਂਈ 2,51,222 ਵੋਟਾਂ ਨੂੰ ਹਰਾ ਕੇ ਲੋਕ ਸਭਾ ਪਹੁੰਚੇ ਸਨ।

ਸਾਲ 2019 ਵਿੱਚ ਇਥੋਂ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ 4,19,065 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਗੁਲਜਾਰ ਸਿੰਘ ਰਣੀਕੇ 3,35,809 ਵੋਟਾਂ ਅਤੇ ਆਮ ਆਦਮੀਂ ਪਾਰਟੀ ਦੇ ਪ੍ਰੋ. ਸਾਧੂ ਸਿੰਘ 1,15,319 ਵੋਟਾਂ ਨੂੰ ਹਰਾ ਕੇ ਮੈਂਬਰ ਪਾਰਲੀਮੈਂਟ ਬਣੇ।

ਧਰਮ ਅਧਾਰ ਉੱਤੇ ਜੇਕਰ ਗੱਲ ਕਰੀਏ ਤਾਂ ਲੋਕ ਸਭਾ ਹਲਕਾ ਫ਼ਰੀਦਕੋਟ ਵਿੱਚ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਭਾਈਚਾਰੇ ਦੇ ਨਾਲ ਨਾਲ ਵੱਖ ਵੱਖ ਧਾਰਮਿਕ ਡੇਰਿਆਂ ਦੇ ਪੈਰੋਕਾਰਾਂ ਦੀ ਗਿਣਤੀ ਵੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਬੇਸ਼ੱਕ ਜ਼ਿਆਦਾ ਗਿਣਤੀ ਸਿੱਖ ਭਾਈਚਾਰੇ ਦੀ ਹੈ।

ABOUT THE AUTHOR

...view details