ਪੰਜਾਬ

punjab

ਕਿਸਾਨ ਅੰਦੋਲਨ ਦਾ 25ਵਾਂ ਦਿਨ: ਕਿਸਾਨ ਅੰਦੋਲਨ 'ਚ ਸ਼ੰਭੂ ਤੇ ਖਨੌਰੀ ਬਾਰਡਰਾਂ 'ਤੇ ਅੱਜ ਮਹਿਲਾ ਕਿਸਾਨਾਂ ਹੱਥ ਹੋਵੇਗੀ ਕਮਾਨ

By ETV Bharat Punjabi Team

Published : Mar 8, 2024, 11:16 AM IST

ਕਿਸਾਨਾਂ ਵਲੋਂ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਸੰਘਰਸ਼ ਜਾਰੀ ਹੈ ਅਤੇ ਬਾਰਡਰਾਂ 'ਤੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੋਵੇਂ ਬਾਰਡਰਾਂ 'ਤੇ ਮੰਚ ਦਾ ਸੰਚਾਲਨ ਮਹਿਲਾ ਕਿਸਾਨਾਂ ਦੇ ਹੱਥ ਰਹੇਗਾ।

ਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ
ਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ

ਕਿਸਾਨ ਆਗੂ ਸਰਵਣ ਸਿੰਘ ਪੰਧੇਰ

ਅੰਮ੍ਰਿਤਸਰ:ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ 'ਤੇ 13 ਫਰਵਰੀ ਨੂੰ ਸ਼ੁਰੂ ਹੋਏ ਦਿੱਲੀ ਵੱਲ ਮਾਰਚ ਨੂੰ ਲੈਕੇ ਕਿਸਾਨ ਅੰਦੋਲਨ ਦੇ ਅੱਜ 25 ਦਿਨ ਪੂਰੇ ਹੋ ਚੁੱਕੇ ਹਨ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕੌਮਾਂਤਰੀ ਔਰਤ ਦਿਹਾੜੇ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚੋਂ ਭਾਰੀ ਗਿਣਤੀ ਵਿੱਚ ਬੀਬੀਆਂ ਅੱਜ ਸ਼ੰਭੂ ਤੇ ਖਨੌਰੀ ਮੋਰਚੇ 'ਤੇ ਪਹੁੰਚਣਗੀਆਂ। ਉਹਨਾਂ ਕਿਹਾ ਕਿ ਅੱਜ ਕੌਮਾਂਤਰੀ ਔਰਤ ਦਿਹਾੜੇ 'ਤੇ ਦੋਵੇਂ ਬਾਰਡਰਾਂ ਦੀ ਬਾਗਡੋਰ ਤੇ ਮੰਚ ਸੰਚਾਲਨ ਮਹਿਲਾਵਾਂ ਦੇ ਹੱਥ ਵਿੱਚ ਹੋਵੇਗਾ। ਉਹਨਾਂ ਕਿਹਾ ਕਿ 10 ਮਾਰਚ ਨੂੰ ਰੇਲ ਰੋਕੋ ਅੰਦੋਲਨ ਵਿੱਚ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।

10 ਮਾਰਚ ਨੂੰ ਰੇਲ ਰੋਕੋ ਅੰਦੋਲਨ:ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 10 ਮਾਰਚ ਨੂੰ ਰੇਲ ਰੋਕੋ ਅੰਦੋਲਨ ਵਿਚ ਮੈਂ ਖੁਦ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਰੇਲਵੇ ਟਰੈਕ 'ਤੇ ਸੰਬੋਧਨ ਕਰਾਂਗਾ। ਉਨ੍ਹਾਂ ਨੇ ਦੱਸਿਆ ਕਿ ਅੱਜ ਦਾ ਥੀਮ ਰੱਖਾਂਗੇ ਕਿ ਇਸ ਅੰਦੋਲਨ ਨੂੰ ਜਿੱਤਣ ਵਾਸਤੇ ਔਰਤ ਦੀ ਭੂਮਿਕਾ ਕੀ ਹੋਵੇਗੀ, ਜੇ ਅੰਦੋਲਨ ਜਿੱਤਣਾ ਤਾਂ ਮਤਾਵਾਂ ਭੈਣਾਂ ਨੂੰ ਅੰਦੋਲਨ ਵਿੱਚ ਸ਼ਾਮਿਲ ਕਰਨਾ ਪੈਣਾ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਸਾਡਾ ਕਿਸਾਨਾਂ ਦਾ ਪਰਿਵਾਰ 64 ਕਰੋੜ ਦੇ ਕਰੀਬ ਹੈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਜਿਹੜਾ ਅੰਦੋਲਨ ਹਰਿਆਣਾ ਦੇ ਬਾਰਡਰਾਂ 'ਤੇ ਚੱਲ ਰਿਹਾ ਉਸ ਦਾ 25ਵਾਂ ਦਿਨ ਹੈ।

ਪ੍ਰਧਾਨ ਮੰਤਰੀ ਨੇ ਜੰਮੂ 'ਚ ਨਹੀਂ ਕੀਤਾ ਕਿਸਾਨਾਂ ਲਈ ਐਲਾਨ: ਉਨ੍ਹਾਂ ਨੇ ਕਿਹਾ ਕਿ ਬੀਤੇ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ਵਿੱਚ ਗਏ ਸੀ ਉਥੋਂ ਦੇ ਕਿਸਾਨਾਂ ਨੂੰ ਬੜੀ ਆਸ ਸੀ ਕਿ ਉਹ ਕੋਈ ਵੱਡਾ ਐਲਾਨ ਕਰਨਗੇ, ਜਿਹੜੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਰੈਲੀ 'ਚ ਇਕੱਠ ਕਰਨ ਲਈ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮ ਅਤੇ ਖੇਤੀਬਾੜੀ ਵਿਭਾਗ ਨੂੰ ਕਹਿ ਕੇ ਕਿਸਾਨ ਇਕੱਠੇ ਕਰਨੇ ਪਏ ਹਨ। ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਜਿਹੜਾ ਅਮਰੀਕਾ ਨਾਲ ਡਰਾਈ ਫਰੂਟਾਂ ਦਾ ਸੁੱਕੇ ਮੇਵਿਆਂ 'ਤੇ ਇੰਪੋਰਟ ਡਿਊਟੀ ਖਤਮ ਕਰਨ ਦਾ ਸਮਝੌਤਾ ਕਰਕੇ ਆਏ ਹਨ ਤੇ ਜੇ ਉਹ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਦੱਸ ਦਿੰਦੇ ਤਾਂ ਚੰਗਾ ਹੁੰਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਅੱਗੇ ਪ੍ਰਧਾਨ ਮੰਤਰੀ ਮੋਦੀ ਉੱਤਰ ਪੂਰਬ ਦੇ ਰਾਜਾਂ 'ਚ ਜਾਣਗੇ, ਜਿਥੇ ਚਾਹ ਪੈਦਾ ਕਰਨ ਵਾਲੇ ਕਿਸਾਨ ਨੇ ਤੇ ਉਨ੍ਹਾਂ ਬਾਰੇ ਜ਼ਰੂਰ ਸੋਚਣ ਤਾਂ ਚੰਗਾ ਹੋਵੇਗਾ।

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਗਲਤ:ਇਸ ਦੇ ਨਾਲ ਹੀ ਸਰਵਣ ਪੰਧੇਰ ਨੇ ਕਿਹਾ ਕਿ ਚੰਗਾ ਹੋਵੇਗਾ ਜੇ ਪ੍ਰਧਾਨ ਮੰਤਰੀ ਮੋਦੀ ਮਣੀਪੁਰ 'ਚ ਜਾ ਆਉਣ ਅਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਕਹਿਣਾ ਕਿ ਪਿਛਲੇ ਦਸ ਸਾਲਾਂ 'ਚ ਲੋਕਤੰਤਰ 'ਤੇ ਲੋਕਾਂ ਦਾ ਭਰੋਸਾ ਵਧਿਆ ਹੈ ਪਰ ਸਾਨੂੰ ਨਹੀਂ ਲੱਗਦਾ ਕਿ ਉਹ ਖੁਦ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ 'ਤੇ ਭਰੋਸਾ ਕਰ ਰਹੇ ਹਨ। ਉਨ੍ਹਾਂ ਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਦਾ ਹੱਕ ਕਿਉਂ ਨਹੀਂ ਦਿੰਦੇ ਹਨ ਤੇ ਟਰੈਕਟਰ ਟਰਾਲੀ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਸ ਨਾਲ ਲੋਕਾਂ ਦਾ ਭਰੋਸਾ ਤਾਂ ਖਤਮ ਹੋ ਗਿਆ ਹੈ।

ABOUT THE AUTHOR

...view details