ETV Bharat / state

TarnTaran News: ਗ਼ੁਰਬਤ ਵਿੱਚ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਤਰਨਤਾਰਨ ਦਾ ਇਹ ਪਰਿਵਾਰ, ਪਾਣੀ ਪੀ ਕੇ ਕਰ ਰਹੇ ਗੁਜ਼ਾਰਾ, ਮੰਗੀ ਮਦਦ

author img

By

Published : Jul 31, 2023, 9:37 AM IST

ਤਰਨਤਾਰਨ ਦੇ ਪਿੰਡ ਥੇਹ ਕਲਾਂ ਵਿੱਖੇ ਇੱਕ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੇਵੱਸ ਮਾਂ ਆਪਣੀਆਂ ਛੇ ਧੀਆਂ ਦਾ ਢਿੱਡ ਭਰਨ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ।

This family of Tarn Taran is suffering from hunger due to poverty
ਗ਼ੁਰਬਤ ਵਿੱਚ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਤਰਨਤਾਰਨ ਦਾ ਇਹ ਪਰਿਵਾ

ਗ਼ੁਰਬਤ ਵਿੱਚ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਤਰਨਤਾਰਨ ਦਾ ਇਹ ਪਰਿਵਾਰ

ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਪਿੰਡ ਥੇਹ ਕਲਾਂ ਵਿੱਖੇ ਇੱਕ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੇਵੱਸ ਮਾਂ ਆਪਣੀਆਂ ਛੇ ਧੀਆਂ ਦਾ ਢਿੱਡ ਭਰਨ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਸਬੰਧੀ ਪੀੜਤ ਔਰਤ ਪ੍ਰਭਜੀਤ ਕੌਰ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਬੁਰੇ ਹੋ ਚੁੱਕੇ ਹਨ ਕਿ ਘਰ ਵਿੱਚ ਦੋ ਵਕਤ ਦੀ ਰੋਟੀ ਤਕ ਨਹੀਂ ਹੈ। ਪ੍ਰਭਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਰਾਤ ਦਿਨ ਮਿਹਨਤ ਮਜ਼ਦੂਰੀ ਕਰਦਾ ਹੈ, ਪਰ ਫਿਰ ਵੀ ਘਰ ਗੁਜ਼ਾਰਾ ਨਹੀਂ ਚੱਲ ਰਿਹਾ। ਹੁਣ ਬਾਰਿਸ਼ ਦੇ ਦਿਨਾਂ ਵਿੱਚ ਕੋਈ ਵੀ ਕੰਮ ਕਾਰ ਨਾ ਹੋਣ ਕਰਕੇ ਉਹਨਾਂ ਨੂੰ ਕਈ ਕਈ ਦਿਨ ਭੁੱਖੇ ਢਿੱਡ ਹੀ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈਂਦਾ ਹੈ।

ਲੋਕਾਂ ਘਰੋਂ ਲਿਆਉਣਾ ਪੈਂਦਾ ਪਾਣੀ : ਪ੍ਰਭਜੀਤ ਕੌਰ ਨੇ ਦੱਸਿਆ ਕਿ ਘਰ ਵਿੱਚ ਮੋਟਰ ਨਾ ਲੱਗੀ ਹੋਣ ਕਾਰਨ ਉਨ੍ਹਾਂ ਨੂੰ ਲੋਕਾਂ ਦੇ ਘਰਾਂ ਵਿੱਚੋਂ ਪਾਣੀ ਲਿਆ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਪੀੜਤ ਔਰਤ ਨੇ ਦੱਸਿਆ ਕਿ ਨਾ ਘਰ ਵਿੱਚ ਕੋਈ ਸਿਲੰਡਰ ਚੁੱਲ੍ਹਾ ਹੈ ਅਤੇ ਹੁਣ ਬਾਰਿਸ਼ ਪੈ ਰਹੀ ਹੈ, ਜਿਸ ਕਰਕੇ ਉਹ ਭੁੱਖੇ ਢਿੱਡ ਆਪਣਾ ਗੁਜ਼ਾਰਾ ਕਰਨਗੇ, ਕਿਉਂਕਿ ਬਾਰਸ਼ ਕਾਰਨ ਸਾਰਾ ਬਾਲਣ ਗਿੱਲਾ ਹੋ ਜਾਂਦਾ ਹੈ, ਇਸ ਕਰਕੇ ਉਹ ਚੁੱਲ੍ਹਾ ਵੀ ਨਹੀਂ ਬਾਲ ਸਕਦੇ। ਪੀੜਤ ਔਰਤ ਨੇ ਦੱਸਿਆ ਕਿ ਉਸ ਦੀਆਂ ਛੇ ਧੀਆਂ ਹਨ ਅਤੇ ਉਸ ਦਾ ਇੱਕ ਛੋਟਾ ਲੜਕਾ ਹੈ। ਉਸਨੇ ਦੱਸਿਆ ਕਿ ਉਹ ਆਪਣੀਆਂ ਧੀਆਂ ਨੂੰ ਪੜ੍ਹਾ ਲਿਖਾ ਵੀ ਨਹੀਂ ਸਕਦੀ, ਕਿਉਂਕਿ ਘਰ ਵਿੱਚ ਕੋਈ ਪੈਸਾ ਨਾ ਹੋਣ ਕਾਰਨ ਉਹ ਸਕੂਲ ਦੀ ਫੀਸ ਤੱਕ ਨਹੀਂ ਭਰ ਸਕਦੇ।

ਕਰਜ਼ਾ ਲੈ ਕੇ ਭੁਗਤਾਇਆ ਸੀ ਬਿੱਲ, ਹੁਣ ਲੈਣਦਾਰ ਕਰ ਰਹੇ ਤੰਗ : ਉਸ ਨੇ ਦੱਸਿਆ ਕਿ ਘਰ ਵਿੱਚ ਬਿਜਲੀ ਤੱਕ ਨਹੀਂ ਸੀ, ਜਿਸ ਤੋਂ ਬਾਅਦ ਉਸ ਦੇ ਪਤੀ ਨੇ ਬੱਚਿਆਂ ਦੇ ਗਰਮੀ ਵਿੱਚ ਹੁੰਦੇ ਬੁਰੇ ਹਾਲ ਨੂੰ ਵੇਖਦੇ ਹੋਏ ਲੋਨ ਲੈ ਕੇ ਮੀਟਰ ਦਾ ਬਿੱਲ ਭੁਗਤਾਇਆ, ਜਿਸ ਤੋਂ ਬਾਅਦ ਘਰ ਵਿੱਚ ਪੱਖਾ ਚੱਲਣ ਲੱਗਾ ਪਰ ਹੁਣ ਲੋਨ ਦੀਆਂ ਕਿਸ਼ਤਾਂ ਵੀ ਉਹਨਾਂ ਤੋਂ ਉਤਾਰੀਆਂ ਨਹੀਂ ਜਾ ਰਹੀਆਂ, ਜਿਸ ਕਰਕੇ ਲੋਨ ਦੇਣ ਵਾਲਾ ਵਿਅਕਤੀ ਹਰ ਰੋਜ਼ ਘਰ ਆਣ ਕੇ ਉਹਨਾਂ ਨੂੰ ਜ਼ਲੀਲ ਕਰਦਾ ਹੈ।

ਸਮਾਜਸੇਵੀਆਂ ਤੋਂ ਮਦਦ ਦੀ ਮੰਗ : ਪੀੜਤ ਔਰਤ ਪ੍ਰਭਜੀਤ ਕੌਰ ਅਤੇ ਉਸ ਦੀਆਂ ਲੜਕੀਆਂ ਰਾਜਵਿੰਦਰ ਅਤੇ ਮਨਦੀਪ ਕੌਰ ਨੇ ਕਿਹਾ ਕਿ ਘਰ ਦੇ ਹਾਲਾਤ ਇੰਨੇ ਬੁਰੇ ਹਨ ਕਿ ਉਹ ਤਾਂ ਹੁਣ ਆਪਣਾ ਮਨ ਮਾਰ ਕੇ ਭੁੱਖੇ ਰਹਿਣ ਦੀ ਆਦਤ ਪਾ ਚੁੱਕੇ ਹਨ। ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ, ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ ਅਤੇ ਭੁੱਖਮਰੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਦਾ ਮੋਬਾਇਲ ਨੰਬਰ ਵੀਡੀਓ ਵਿੱਚ ਬੋਲ ਕੇ ਵੀ ਦੱਸਿਆ ਗਿਆ ਹੈ ਅਤੇ ਨੰਬਰ ਹੈ 9056176412।

ETV Bharat Logo

Copyright © 2024 Ushodaya Enterprises Pvt. Ltd., All Rights Reserved.