ETV Bharat / state

Teacher's Protest Day : ਅਧਿਆਪਕ ਦਿਵਸ ਮੌਕੇ 5 ਹਜ਼ਾਰ ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ

author img

By ETV Bharat Punjabi Team

Published : Sep 5, 2023, 2:34 PM IST

Updated : Sep 5, 2023, 3:30 PM IST

Teacher's Protest Day
Teacher's Protest Day

ਅੱਜ ਅਧਿਆਪਿਕ ਦਿਵਸ ਮੌਕੇ ਜਿੱਥੇ ਇੱਕ ਪਾਸੇ ਮੋਗਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਅਧਿਆਪਕਾਂ ਨੂੰ ਸਨਮਾਨਿਤ ਕਰ ਰਹੇ ਹਨ। ਉੱਥੇ ਹੀ, ਦੂਜੇ ਪਾਸੇ, 5994 ਅਧਿਆਪਕਾਂ ਦੀ ਭਰਤੀ 'ਸਿੰਗਲ ਲਿਸਟ' ਵਿੱਚ ਪੂਰੀ ਕਰਨ ਦੀ ਮੰਗ ਨੂੰ ਲੈ ਕੇ (Teacher's Protest Day) ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਕੀਤਾ ਗਿਆ।

Teacher's Protest Day : ਅਧਿਆਪਕ ਦਿਵਸ ਮੌਕੇ 5 ਹਜ਼ਾਰ ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ

ਸੰਗਰੂਰ: ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਪੂਰੀ ਕਰਵਾਉਣ ਲਈ ਪੈਰਵਾਈ ਕਰ ਰਹੀ ਈਟੀਟੀ ਟੈਟ ਪਾਸ ਬੋਰੇਜਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀ 11 ਮੈਂਬਰੀ ਸੂਬਾ ਕਮੇਟੀ ਦੀ ਅਗਵਾਈ ਹੇਠ ਮੰਗਲਵਾਰ ਨੂੰ ‘ਅਧਿਆਪਕ ਦਿਵਸ’ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਘੇਰਨ ਜਾ ਰਹੇ ਬੇਰੁਜਗਾਰ ਅਧਿਆਪਕਾਂ ਉੱਤੇ ਪੁਲਿਸ ਫੋਰਸ ਨੇ ਜੰਮ ਕੇ ਲਾਠੀਚਾਰਜ ਕੀਤਾ। ਇਸ ਦੌਰਾਨ ਕੁੜੀਆਂ ਦੀਆਂ ਚੁੰਨੀਆਂ ਤੇ ਨੌਜਵਾਨਾਂ ਦੀਆਂ ਪੱਗਾਂ ਪੈਰਾਂ ਵਿੱਚ ਰੋਲੀਆਂ ਗਈਆਂ। ਇਸ ਲਾਠੀਚਾਰਜ ਦੌਰਾਨ ਵੱਡੀ ਗਿਣਤੀ ਬੇਰੁਜ਼ਗਾਰ ਅਧਿਆਪਕ ਜਖ਼ਮੀ ਹੋਏ ਹਨ।

ਸੀਐਮ ਦੀ ਰਿਹਾਇਸ਼ ਦਾ ਘਿਰਾਓ: ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਸਮੂਹ ਈਟੀਟੀ ਕਾਡਰ ਮੰਗਲਵਾਰ ਸਵੇਰੇ 10.30 ਵਜੇ ਵੇਰਕਾ ਪਲਾਂਟ ਸੰਗਰੂਰ ਵਿਖੇ ਇੱਕਠੇ ਹੋਏ। ਇਸ ਤੋਂ ਬਾਅਦ ਲਗਭਗ ਇੱਕ ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਰੋਸ ਮਾਰਚ ਸ਼ੁਰੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ 11 ਮੈਂਬਰੀ ਸੂਬਾ ਕਮੇਟੀ ਮੈਂਬਰ ਬਲਿਹਾਰ ਸਿੰਘ ਬੱਲੀ, ਪਰਮਪਾਲ, ਬੱਗਾ ਖੁਡਾਲ ਅਤੇ ਬੰਟੀ ਸਣੇ ਹੋਰ ਆਗੂਆਂ ਨੇ ਦੱਸਿਆ ਕਿ 5,994 ਭਰਤੀ ਪੂਰੀ ਕਰਨ ਲਈ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਵਿਭਾਗ ਦੇ ਵੱਖ-ਵੱਖ ਉੱਚ ਅਧਿਕਾਰੀਆਂ ਨਾਲ ਅਨੇਕਾਂ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਇਨ੍ਹਾਂ ਮੀਟਿੰਗਾਂ ਦੌਰਾਨ ਟਾਲ-ਮਟੋਲ ਅਤੇ ਭਰੋਸੇ ਤੋਂ ਇਲਾਵਾ ਕੁਝ ਨਹੀ ਮਿਲਿਆ।

ਮੀਟਿੰਗਾਂ 'ਚ ਭਰੋਸੇ ਤੋਂ ਇਲਾਵਾ ਕੁਝ ਨਹੀਂ ਮਿਲਿਆ: ਇਨ੍ਹਾਂ ਮੀਟਿੰਗਾਂ ਦੌਰਾਨ ਕੋਈ ਹੱਲ ਨਾ ਨਿੱਕਲਣ ਤੋਂ ਖਫਾ ਹੋ ਕੇ ਯੂਨੀਅਨ ਨੂੰ ਮਜਬੂਰੀ ਵਸ ਸੰਗਰੂਰ ਵਿਖੇ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ। ਜਿਸ ਵਿੱਚ 3000 ਅਸਾਮੀਆਂ ਫਰੈਸ਼ ਅਤੇ 2994 ਬੈਕਲਾਗ ਹੈ। ਯੂਨੀਅਨ ਦੀ ਮੰਗ ਹੈ ਕਿ ਬੈਕਲਾਗ ਪਈਆਂ 2994 ਅਸਾਮੀਆਂ ਨੂੰ ਡੀ-ਰਿਜਰਵ ਕਰਕੇ ਭਰਤੀ ‘ਸਿੰਗਲ ਲਿਸਟ’ ਵਿੱਚ ਪੂਰੀ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਆਪ ਸਰਕਾਰ ਆਉਣ ਤੋਂ ਪਹਿਲਾਂ ਬੇਰੁਜਗਾਰਾਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ ਸਨ, ਪਰ ਆਪ ਸਰਕਾਰ ਸੱਤਾ ਵਿੱਚ ਆਉਣ ਦੇ ਬਾਵਜੂਦ ਵੀ ਬੇਰੁਜ਼ਗਾਰ ਸੜਕਾਂ ’ਤੇ ਧਰਨੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ।

ਜੁਲਾਈ ’ਚ ਭਰਤੀ ਪੂਰੀ ਕਰਨ ਦਾ ਕੀਤਾ ਸੀ ਦਾਅਵਾ: ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਕਤ ਭਰਤੀ ਜੁਲਾਈ ਮਹੀਨੇ ਦੇ ਅੰਦਰ-ਅੰਦਰ ਪੂਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦਾ ਵਾਅਦਾ ਅਜੇ ਤੱਕ ਵਫਾ ਨਹੀ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਉਕਤ 5994 ਅਧਿਆਪਕਾਂ ਨੂੰ ਜੁਲਾਈ ਮਹੀਨੇ ਦੌਰਾਨ ਸਕੂਲਾਂ ਵਿੱਚ ਜੁਆਇਨ ਕਰਵਾਉਣ ਦਾ ਐਲਾਨ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀ ਹੋਇਆ।

5 ਮਾਰਚ ਨੂੰ ਹੋਈ ਸੀ ਪ੍ਰੀਖਿਆ: ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ 5 ਮਾਰਚ 2023 ਨੂੰ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਸਥਾਪਤ ਕੀਤੇ ਗਏ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਚ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਹੋਈ ਸੀ। ਉਕਤ ਪ੍ਰੀਖਿਆ ਨੂੰ ਅੱਜ ਲਗਭਗ 7 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਪੰਜਾਬ ਸਰਕਾਰ ਤੇ ਸਕੂਲੀ ਸਿੱਖਿਆ ਵਿਭਾਗ ਦੀਆਂ ਡੰਗ ਟਪਾਊ ਨੀਤੀਆਂ ਕਾਰਨ ਉਕਤ ਭਰਤੀ ਨੇਪਰੇ ਨਹੀ ਚੜ੍ਹ ਸਕੀ।

Last Updated :Sep 5, 2023, 3:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.