ETV Bharat / state

ਪੰਜਾਬ ਵਿੱਚ 55 ਜਨਤਕ ਖੱਡਾਂ ਹੋਈਆਂ ਕਾਰਜਸ਼ੀਲ, ਸਸਤੀਆਂ ਦਰਾਂ 'ਤੇ ਲੋਕਾਂ ਨੂੰ ਮਿਲੇਗਾ ਰੇਤਾ

author img

By

Published : Apr 22, 2023, 8:37 AM IST

ਪੰਜਾਬ ਵਿੱਚ 55 ਜਨਤਕ ਖੱਡਾਂ ਕਾਰਜਸ਼ੀਲ ਹੋਈਆਂ ਹਨ। ਇਸ ਜਨਤਕ ਖੱਡਾਂ ਨਾਲ ਨਾ ਸਿਰਫ਼ ਲੋਕਾਂ ਨੂੰ ਸਸਤੀਆਂ ਦਰਾਂ ਉੱਤੇ ਰੇਤਾ ਮਿਲੇਗਾ, ਸਗੋਂ ਕਈ ਨੌਜਵਾਨਾਂ ਨੂੰ ਸਿੱਧੇ ਤੇ ਅਸਿੱਧੇ ਤੌਰ ਉੱਤੇ ਰੁਜ਼ਗਾਰ ਮੁਹੱਈਆ ਹੋਵੇਗਾ।

55 public sector mines are operational in Punjab
55 public sector mines are operational in Punjab

ਪੰਜਾਬ ਵਿੱਚ 55 ਜਨਤਕ ਖੱਡਾਂ ਹੋਈਆਂ ਕਾਰਜਸ਼ੀਲ, ਸਸਤੀਆਂ ਦਰਾਂ 'ਤੇ ਲੋਕਾਂ ਨੂੰ ਮਿਲੇਗਾ ਰੇਤਾ

ਮੋਗਾ: ਸੂਬੇ ਵਿੱਚ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਰੇਤਾ ਤੇ ਬਜਰੀ ਮੁਹੱਈਆ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪੰਜ ਜ਼ਿਲ੍ਹਿਆਂ ਦੀਆਂ 20 ਹੋਰ ਜਨਤਕ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਤਾਂ ਕਿ ਰੇਤੇ ਦੀ ਪਿੱਟ ਹੈੱਡ ਤੋਂ ਕੀਮਤ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਯਕੀਨੀ ਬਣਾਈ ਜਾ ਸਕੇ। ਦੱਸ ਦਈਏ ਕਿ ਪੰਜਾਬ ਵਿੱਚ ਹੁਣ 55 ਜਨਤਕ ਖੱਡਾਂ ਕਾਰਜਸ਼ੀਲ ਹੋਈਆਂ ਹਨ, ਇਸ ਜਨਤਕ ਖੱਡਾਂ ਨਾਲ ਨਾ ਸਿਰਫ਼ ਲੋਕਾਂ ਨੂੰ ਸਸਤੀਆਂ ਦਰਾਂ ਉੱਤੇ ਰੇਤਾ ਮਿਲੇਗਾ, ਸਗੋਂ ਕਈ ਨੌਜਵਾਨਾਂ ਨੂੰ ਸਿੱਧੇ ਤੇ ਅਸਿੱਧੇ ਤੌਰ ਉੱਤੇ ਰੋਜ਼ਗਾਰ ਮੁਹੱਈਆ ਹੋਵੇਗਾ।

ਜਨਤਕ ਖੱਡਾਂ ਦੀ ਗਿਣਤੀ ਵੱਧ ਕੇ 55 ਹੋ ਗਈ: ਇਸ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਸੰਘੇੜਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਨਤਕ ਖੱਡਾਂ ਸ਼ੁਰੂ ਕਰਨ ਦੇ ਤੀਜੇ ਪੜਾਅ ਤਹਿਤ ਹੁਣ ਲੁਧਿਆਣਾ, ਫਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ ਅਤੇ ਐਸ.ਬੀ.ਐਸ. ਨਗਰ ਜ਼ਿਲ੍ਹਿਆਂ ਦੀਆਂ 20 ਨਵੀਆਂ ਖੱਡਾਂ ਸ਼ੁੱਕਰਵਾਰ ਨੂੰ ਕਾਰਜਸ਼ੀਲ ਹੋਈਆਂ, ਜਿਸ ਨਾਲ ਸੂਬੇ ਭਰ ਵਿੱਚ ਚੱਲ ਰਹੀਆਂ ਜਨਤਕ ਖੱਡਾਂ ਦੀ ਗਿਣਤੀ ਵੱਧ ਕੇ 55 ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਲਦੀ ਪੰਜਾਬ ਭਰ ਵਿੱਚ 150 ਜਨਤਕ ਖੱਡਾਂ ਨੂੰ ਕਾਰਜਸ਼ੀਲ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਿੱਚ ਵਧੇ-ਫੁੱਲੇ ਰੇਤ ਮਾਫ਼ੀਆ ਦੀ ਜੜ੍ਹ ਵੱਢ ਦਿੱਤੀ ਹੈ ਤਾਂ ਕਿ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਰੇਤਾ ਮੁਹੱਈਆ ਹੋ ਸਕੇ।

20 ਨਵੀਆਂ ਖੱਡਾ ਸ਼ੁਰੂ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਇਨ੍ਹਾਂ ਜਨਤਕ ਖੱਡਾ ਉੱਤੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤੇ ਦੀ ਵਿਕਰੀ ਕੀਤੀ ਜਾਵੇਗੀ, ਜਿਸ ਨਾਲ ਰਾਜ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖੱਡਾ ਵਿੱਚ ਕੇਵਲ ਹੱਥਾਂ ਨਾਲ ਹੀ ਰੇਤੇ ਦੀ ਖੁਦਾਈ ਕਰਨ ਦੀ ਆਗਿਆ ਹੋਵੇਗੀ, ਜਦੋਂ ਕਿ ਮਸ਼ੀਨਾਂ ਰਾਹੀਂ ਖੁਦਾਈ ਦਾ ਕਾਰਜ ਨਹੀਂ ਕੀਤਾ ਜਾ ਸਕੇਗਾ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਸੂਬੇ ਦੀਆਂ 35 ਜਨਤਕ ਖੱਡਾਂ ਰਾਹੀਂ 5.82 ਲੱਖ ਮੀਟਰਿਕ ਟਨ ਰੇਤੇ ਦੀ ਖਰੀਦ ਲੋਕਾਂ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ 20 ਨਵੀਆਂ ਖੱਡਾ ਸ਼ੁਰੂ ਹੋਣ ਦੇ ਨਾਲ 18.29 ਲੱਖ ਮੀਟਰਿਕ ਟਨ ਰੇਤਾ ਲੋਕਾਂ ਨੂੰ ਮੁਹੱਈਆ ਹੋਵੇਗਾ।

ਜਨਤਕ ਖੱਡਾਂ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਖੱਡਾਂ ਨਾਲ ਸਸਤਾ ਰੇਤਾ ਹੀ ਨਹੀਂ ਮਿਲੇਗਾ, ਸਗੋਂ ਸਿੱਧੇ ਅਤੇ ਅਸਿੱਧੇ ਢੰਗ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੱਡਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 5 ਕਰੋੜ ਰੁਪਏ ਇਨ੍ਹਾਂ ਖੱਡਾਂ ਵਿੱਚ ਮਜ਼ਦੂਰੀ ਕਰਨ ਵਾਲੇ ਲੋਕਾਂ ਵੱਲੋਂ ਕਮਾਇਆ ਜਾ ਚੁੱਕਾ ਹੈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਇਨ੍ਹਾਂ ਖੱਡਾਂ ਤੋਂ ਸਿਰਫ਼ ਗੈਰ-ਵਪਾਰਿਕ ਪ੍ਰਾਜੈਕਟਾਂ ਲਈ ਹੀ ਰੇਤੇ ਦੀ ਖਰੀਦ ਕੀਤੀ ਜਾ ਸਕੇਗੀ।


ਰੇਤ ਦੀ ਵਿਕਰੀ ਸੂਰਜ ਡੁੱਬਣ ਤੱਕ ਹੋਵੇਗੀ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰੇਤ ਦੀ ਵਿਕਰੀ ਸੂਰਜ ਡੁੱਬਣ ਤੱਕ ਹੀ ਹੋਵੇਗੀ ਅਤੇ ਹਰੇਕ ਜਨਤਕ ਮਾਈਨਿੰਗ ਵਾਲੀ ਥਾਂ 'ਤੇ ਰੇਤ ਦੀ ਨਿਕਾਸੀ ਰੈਗੂਲੇਟ ਕਰਨ ਲਈ ਇੱਕ ਸਰਕਾਰੀ ਅਧਿਕਾਰੀ ਹਮੇਸ਼ਾ ਮੌਜੂਦ ਰਹੇਗਾ। ਸੂਬੇ ਵਿੱਚ ਰੇਤ ਮਾਫੀਆ ਪੈਦਾ ਕਰਨ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਇਸ ਮੁੱਦੇ ’ਤੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਨ੍ਹਾਂ ਆਗੂਆਂ ਦਾ ਆਪਣੇ ਲੰਮੇ ਕੁਸ਼ਾਸਨ ਦੌਰਾਨ ਸੂਬੇ ਦੀ ਅੰਨ੍ਹੀ ਲੁੱਟ ਕਰਨ ਵਾਲੇ ਮਾਫੀਆ ਨਾਲ ਸਿੱਧੀ ਮਿਲੀਭੁਗਤ ਸੀ।

ਪਿਛਲੀਆਂ ਸਰਕਾਰਾਂ ਨੇ ਲੋਕ ਭਲਾਈ ਨੂੰ ਨਜ਼ਰ ਅੰਦਾਜ਼ ਕੀਤਾ: ਸੂਬੇ ਦੀ ਵਿੱਤੀ ਹਾਲਤ ਮੁੜ ਲੀਹ 'ਤੇ ਆਉਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰੇਤ ਮਾਫੀਆ, ਜਿਸ ਨੂੰ ਪਿਛਲੀ ਸਰਕਾਰ ਦੇ ਨੇਤਾਵਾਂ ਦੀ ਸਰਪ੍ਰਸਤੀ ਪ੍ਰਾਪਤ ਸੀ, ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਜੋ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਰੇਤ ਮਿਲਣਾ ਯਕੀਨੀ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ, “ਪਹਿਲਾਂ ਰੇਤ ਮਹਿੰਗੇ ਭਾਅ 'ਤੇ ਮਿਲਦੀ ਸੀ, ਜਦਕਿ ਨਸ਼ੇ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦੇ ਸਨ।” ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕ ਭਲਾਈ ਨੂੰ ਨਜ਼ਰ ਅੰਦਾਜ਼ ਕੀਤਾ, ਪਰ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਸੇਵਾਵਾਂ ਪ੍ਰਦਾਨ ਕਰਨ ਅਤੇ ਸਰਕਾਰੀ ਖਜ਼ਾਨੇ ਦੀ ਲੁੱਟ ਰੋਕਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।

ਜਨਤਕ ਖੱਡਾਂ 'ਤੇ ਸਿਰਫ 5.50 ਰੁਪਏ 'ਚ ਰੇਤਾ: ਸੂਬੇ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਦੀ ਵਚਨਬੱਧਤਾ ਜਾਹਰ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਨੂੰ ਲੋਕ ਪੱਖੀ ਫੈਸਲੇ ਲੈ ਕੇ ਵਿੱਤੀ ਘਾਟੇ ਤੋਂ ਵਿੱਤੀ ਲਾਭ ਵਾਲੇ ਸੂਬੇ ਵਜੋਂ ਤਬਦੀਲ ਕੀਤਾ ਗਿਆ, ਜਿਸ ਨਾਲ ਸੂਬੇ ਦੀ ਗੁਆਚੀ ਸ਼ਾਨ ਬਹਾਲ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਰੇਤ ਮਾਫੀਆ ਦੇ ਖਾਤਮੇ ਲਈ ਕਈ ਦਲੇਰਾਨਾ ਫੈਸਲੇ ਲਏ ਹਨ ਤਾਂ ਕਿ ਲੋਕਾਂ ਨੂੰ ਸਸਤੀ ਰੇਤ ਮਿਲਣੀ ਯਕੀਨੀ ਬਣਾਈ ਜਾ ਸਕੇ। ਕਿਉਂਕਿ ਜੋ ਇਹ ਮਾਫੀਆ ਪਿਛਲੇ ਸਮੇਂ ਵਿਚ ਆਪਹੁਦਰੀਆਂ ਕਰਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗਾਰੰਟੀ ਨੂੰ ਪੂਰਾ ਕੀਤਾ ਹੈ ਅਤੇ ਹੁਣ ਇਨ੍ਹਾਂ ਜਨਤਕ ਖੱਡਾਂ 'ਤੇ ਸਿਰਫ 5.50 ਰੁਪਏ 'ਚ ਰੇਤਾ ਵਿਕ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਸਰਕਾਰ ਲੋਕਾਂ ਦੀ ਭਲਾਈ ਲਈ ਹਰ ਫੈਸਲਾ ਕਰੇਗੀ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਹਰੇਕ ਮਾਫੀਏ ਨਾਲ ਮਿਲੀਭੁਗਤ ਸੀ ਜਿਸ ਨੇ ਆਪਣੇ ਲੰਮੇ ਕੁਸ਼ਾਸਨ ਦੌਰਾਨ ਸੂਬੇ ਨੂੰ ਦੋਵੇਂ ਹੱਥੀਂ ਲੁੱਟਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਦਾਗੀ ਵਿਅਕਤੀ ਨੂੰ ਉਨ੍ਹਾਂ ਦੀ ਸਰਕਾਰ ਅਧੀਨ ਕਿਸੇ ਵੀ ਸਰੋਤ ਤੋਂ ਗੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਹਰ ਫੈਸਲਾ ਕਰੇਗੀ।

ਭ੍ਰਿਸ਼ਟਾਚਾਰ ਵਿੱਚ ਸ਼ਾਮਲ ਖ਼ਿਲਾਫ਼ ਸਖ਼ਤ ਕਾਰਵਾਈ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੋਈ ਹੈ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਹਰੇਕ ਵਿਅਕਤੀ ਭਾਵੇਂ ਕੋਈ ਵੀ ਰੁਤਬਾ ਰੱਖਦੇ ਹੋਵੇ, ਵਿਰੁੱਧ ਹਰਗਿਜ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਕਿਸੇ ਨੂੰ ਵੀ ਜਨਤਾ ਦਾ ਸਰਮਾਇਆ ਲੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਸਨ। (ਪ੍ਰੈਸ ਨੋਟ)

ਇਹ ਵੀ ਪੜ੍ਹੋ:- Bhagwant Mann: ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਭਗਵੰਤ ਮਾਨ ਦਾ ਤੋਹਫ਼ਾ, ਜ਼ਮੀਨ ਦੇ ਰਿਕਾਰਡ ਦੀ ਜਾਣਕਾਰੀ ਲਈ ਜਾਰੀ ਕੀਤੇ ਨੰਬਰ

ETV Bharat Logo

Copyright © 2024 Ushodaya Enterprises Pvt. Ltd., All Rights Reserved.