ETV Bharat / state

Negligence Of Power Department: ਬਿਜਲੀ ਵਿਭਾਗ ਦੀ ਲਾਪਰਵਾਹੀ ਨੇ 8 ਪਸ਼ੂਆਂ ਦੀ ਲਈ ਜਾਨ, ਭੱਜ ਕੇ ਬਚਿਆ ਪਸ਼ੂ ਪਾਲਕ

author img

By

Published : Aug 7, 2023, 5:12 PM IST

Negligence Of Power Department
Negligence Of Power Department

ਖੰਨਾ 'ਚ ਬਿਜਲੀ ਵਿਭਾਗ ਦੀ ਲਾਪਰਵਾਹੀ ਨੇ 8 ਬੇਜੁਬਾਨਾਂ ਦੀ ਜਾਨ ਲੈ ਲਈ। ਰਸਤੇ ਵਿੱਚ ਖੜ੍ਹੇ ਬਰਸਾਤੀ ਪਾਣੀ ਵਿੱਚ ਬਿਜਲੀ ਦੀ ਤਾਰ ਡਿੱਗਣ ਕਾਰਨ ਕਰੰਟ ਆ ਗਿਆ। ਇਸ ਕਾਰਨ ਅੱਠ ਪਸ਼ੂਆਂ ਦੀ ਮੌਤ ਹੋ ਗਈ।

Negligence Of Power Department : ਬਿਜਲੀ ਵਿਭਾਗ ਦੀ ਲਾਪਰਵਾਹੀ ਨੇ 8 ਪਸ਼ੂਆਂ ਦੀ ਲਈ ਜਾਨ

ਖੰਨਾ: ਇੱਥੇ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਰਸਤੇ ਵਿੱਚ ਖੜ੍ਹੇ ਪਾਣੀ ਵਿੱਚ ਬਿਜਲੀ ਦੀ ਤਾਰ ਡਿੱਗ ਗਈ ਜਿਸ ਕਾਰਨ ਪਾਣੀ ਵਿੱਚ ਕਰੰਟ ਆ ਗਿਆ। ਉੱਥੋ ਪਸ਼ੂ ਲੰਘ ਰਹੇ ਸੀ, ਜੋ ਇਸ ਕਰੰਟ ਵਾਲੇ ਪਾਣੀ ਦੀ ਚਪੇਟ ਵਿੱਚ ਆ ਗਏ। ਪਸ਼ੂ ਮਾਲਕ ਨੇ ਖੁਦ ਭੱਜ ਕੇ ਅਪਣੀ ਜਾਨ ਬਚਾਈ। ਸਥਾਨਕ ਵਾਸੀਆਂ ਨੇ ਵੀ ਦੱਸਿਆ ਕਿ ਇਹ ਸਾਰਾ ਕੁਝ ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਪਸ਼ੂਆਂ ਦੀ ਜਾਨ ਚਲੀ ਗਈ, ਇੱਥੇ ਕਿਸੇ ਇਨਸਾਨ ਦੀ ਜਾਨ ਵੀ ਜਾ ਸਕਦੀ ਸੀ।

ਅੱਠ ਪਸ਼ੂਆਂ ਦੀ ਹੋਈ ਮੌਤ: ਪਸ਼ੂ ਪਾਲਕ ਮੀਕਾ ਨੇ ਦੱਸਿਆ ਕਿ ਉਹ ਮੱਝਾਂ ਨੂੰ ਚਰਾ ਕੇ ਵਾਪਸ ਆ ਰਿਹਾ ਸੀ। ਰਸਤੇ ਵਿੱਚ ਮੀਂਹ ਦਾ ਪਾਣੀ ਖੜ੍ਹਾ ਸੀ। ਜਦੋਂ ਮੱਝਾਂ ਪਾਣੀ ਵਿੱਚੋਂ ਨਿਕਲਣ ਲੱਗੀਆਂ ਤਾਂ ਇੱਕ ਤੋਂ ਬਾਅਦ ਇੱਕ ਅੱਠ ਮੱਝਾਂ ਡਿੱਗ ਪਈਆਂ। ਜਦੋਂ ਉਹ ਨੇੜੇ ਜਾਣ ਲੱਗਾ ਤਾਂ ਉਸਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ। ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਮੌਕੇ 'ਤੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਉਸ ਸਮੇਂ ਦੇਖਿਆ ਗਿਆ ਪਾਣੀ ਵਿੱਚ ਬਿਜਲੀ ਦੀ ਤਾਰ ਡਿੱਗੀ ਹੋਈ ਹੈ ਜਿਸ ਕਾਰਨ ਪਾਣੀ 'ਚ ਕਰੰਟ ਆਇਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੇ ਲਈ ਬਿਜਲੀ ਮਹਿਕਮਾ ਜੁੰਮੇਵਾਰ ਹੈ। ਉਸ ਦਾ ਗੁਜ਼ਾਰਾ ਹੀ ਮੱਝਾਂ ਨਾਲ ਚੱਲਦਾ ਹੈ। ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਬਿਜਲੀ ਮਹਿਕਮੇ ਨੂੰ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।

ਆਮ ਲੋਕਾਂ ਦੀ ਜਾਨ ਖ਼ਤਰੇ 'ਚ: ਦੂਜੇ ਪਾਸੇ ਮੌਕੇ ’ਤੇ ਇਕਬਾਲ ਮੁਹੰਮਦ ਨੇ ਦੱਸਿਆ ਕਿ ਬਿਜਲੀ ਵਿਭਾਗ ਨੂੰ ਤਾਰਾਂ ਸਬੰਧੀ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਪਰ, ਇਸ ਨੂੰ ਠੀਕ ਕਰਨ ਲਈ ਕੋਈ ਨਹੀਂ ਆਉਂਦਾ। ਮਹਿਕਮੇ ਵਾਲੇ ਲੋਕਾਂ ਕੋਲੋਂ ਪੈਸੇ ਮੰਗਦੇ ਹਨ। ਇਸ ਕਰਕੇ ਕੰਮ ਨਹੀਂ ਕੀਤਾ ਜਾਂਦਾ। ਇਸ ਨਾਲ ਆਮ ਲੋਕਾਂ ਦੀ ਜਾਨ ਖ਼ਤਰੇ ਚ ਹੈ। ਲੋਕ ਵੀ ਇਸ ਰਸਤੇ ਤੋਂ ਲੰਘਦੇ ਹਨ, ਕਿਸੇ ਦੀ ਜਾਨ ਵੀ ਜਾ ਸਕਦੀ ਹੈ, ਕਿਉਂਕਿ ਜਸਪਾਲੋਂ ਦੇ ਰੇਲਵੇ ਲਾਈਨਾਂ ਕੋਲ ਰੇਲਵੇ ਦਾ ਕੰਮ ਚੱਲ ਰਿਹਾ ਹੈ। ਭਾਰੀ ਵਾਹਨ ਵੀ ਮਾਲ ਲੈ ਕੇ ਜਾਂਦੇ ਹਨ। ਬਿਜਲੀ ਦੀਆਂ ਤਾਰਾਂ ਢਿੱਲੀਆਂ ਹਨ। ਹੋਰ ਵੀ ਵੱਡਾ ਹਾਦਸਾ ਹੋ ਸਕਦਾ ਹੈ।

ਐਸ.ਡੀ.ਓ ਨੂੰ ਮੌਕੇ ਉੱਤੇ ਦੇਖਣ ਲਈ ਭੇਜਿਆ: ਜਦੋਂ ਬਿਜਲੀ ਮਹਿਕਮੇ ਦੇ ਐਕਸੀਅਨ ਹਰਮੇਲ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਕਰੰਟ ਲੱਗਣ ਨਾਲ ਪਸ਼ੂਆਂ ਦੀ ਮੌਤ ਸਬੰਧੀ ਸੂਚਨਾ ਮਿਲੀ ਹੈ। ਉਨ੍ਹਾਂ ਨੇ ਐਸਡੀਓ ਨੂੰ ਮੌਕਾ ਦੇਖਣ ਭੇਜਿਆ ਹੈ ਜਿਸ ਮਗਰੋਂ ਸਥਿਤੀ ਸਪੱਸ਼ਟ ਹੋਵੇਗੀ। ਜੇਕਰ ਕਿਸੇ ਦਾ ਕਸੂਰ ਸਾਹਮਣੇ ਆਇਆ, ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.