ETV Bharat / state

ਲੰਪੀ ਸਕਿਨ ਤੋਂ ਕਿਵੇਂ ਬਚਾਏ ਜਾ ਸਕਦੇ ਨੇ ਪਸ਼ੂ, ਇਨਸਾਨਾਂ ਲਈ ਕਿੰਨ੍ਹੀ ਹੈ ਖਤਰਨਾਕ ? ਮਾਹਰ ਡਾਕਟਰ ਨੇ ਦੱਸੀ ਕੱਲੀ-ਕੱਲੀ ਗੱਲ

author img

By

Published : Aug 8, 2022, 7:39 PM IST

ਪੰਜਾਬ ’ਚ ਲੰਪੀ ਸਕਿਨ ਬਿਮਾਰੀ ਦਾ ਕਹਿਰ ਵਧਦਾ ਹੀ ਜਾ ਰਿਹਾ (Lumpy Skin Disease) ਹੈ। 500 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਦਕਿ 20 ਹਜ਼ਾਰ ਤੋਂ ਵੱਧ ਪਸ਼ੂ ਪੰਜਾਬ ’ਚ ਬਿਮਾਰੀ ਦੀ ਲਪੇਟ ਵਿੱਚ ਹਨ ਜਿਸ ਕਾਰਨ ਪਸ਼ੂ ਪਾਲਕਾਂ ਅਤੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਬਿਮਾਰੀ ਨੂੰ ਲੈਕੇ ਮਾਹਰ ਡਾਕਟਰਾਂ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਸੁਣੋ ਕੀ ਹੈ ਮਾਹਰ ਡਾਕਟਰਾਂ ਦੀ ਰਾਇ....

ਲੰਪੀ ਸਕਿਨ ਬਿਮਾਰੀ ਨੂੰ ਲੈਕੇ ਮਾਹਰ ਡਾਕਟਰ ਨਾਲ ਖਾਸ ਗੱਲਬਾਤ
ਲੰਪੀ ਸਕਿਨ ਬਿਮਾਰੀ ਨੂੰ ਲੈਕੇ ਮਾਹਰ ਡਾਕਟਰ ਨਾਲ ਖਾਸ ਗੱਲਬਾਤ

ਲੁਧਿਆਣਾ: ਪੰਜਾਬ ਦੇ ਵਿੱਚ ਲੰਪੀ ਚਮੜੀ ਰੋਗ ਬਿਮਾਰੀ ਨੇ ਕਹਿਰ ਵਧ ਰਿਹਾ (Lumpy Skin Disease) ਹੈ। ਇਸ ਬਿਮਾਰੀ ਦੀ ਲਪੇਟ ਵਿਚ ਹੁਣ ਤੱਕ 20 ਹਜ਼ਾਰ ਤੋਂ ਵੱਧ ਪਸ਼ੂ ਪੰਜਾਬ ਦੇ ਅੰਦਰ ਆ ਚੁੱਕੇ ਹਨ ਅਤੇ 500 ਤੋਂ ਵਧੇਰੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਲੁਧਿਆਣਾ ਵਿੱਚ ਹੀ 2000 ਦੇ ਕਰੀਬ ਪਸ਼ੂ ਇਸ ਦੀ ਲਪੇਟ ਵਿੱਚ ਹਨ। ਇਸ ਬਿਮਾਰੀ ਦੀ ਲਪੇਟ ਵਿੱਚ 90 ਫ਼ੀਸਦੀ ਗਊਆ ਆਈਆਂ ਹਨ।

ਲੰਪੀ ਸਕਿਨ ਦਾ ਵਧਿਆ ਕਹਿਰ
ਲੰਪੀ ਸਕਿਨ ਦਾ ਵਧਿਆ ਕਹਿਰ

ਇਸ ਬਿਮਾਰੀ ਨੂੰ ਲੈ ਕੇ ਪੰਜਾਬ ਦੇ ਸਿਹਤ ਮਹਿਕਮੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੈਦਰਾਬਾਦ ਤੋਂ ਪੰਜਾਬ ਸਰਕਾਰ ਵੱਲੋਂ 66666 ਵੈਕਸੀਨ ਦੀ ਡੋਜ਼ ਵੀ ਮੰਗਵਾਈ ਗਈ ਹੈ। ਇਸ ਬਿਮਾਰੀ ਨੂੰ ਲੈ ਕੇ ਕਿਸਾਨ ਘਬਰਾਏ ਹੋਏ ਹਨ ਅਤੇ ਕਈ ਫਾਰਮਾਂ ਦੇ ਵਿਚ ਇਸ ਬਿਮਾਰੀ ਦੇ ਕਹਿਰ ਕਰਕੇ ਵੱਡਾ ਨੁਕਸਾਨ ਹੋ ਰਿਹਾ ਹੈ। ਇਹ ਬਿਮਾਰੀ ਇੱਕ ਤੋਂ ਦੂਜੇ ਜਾਨਵਰ ਦੇ ਵਿੱਚ ਵਾਇਰਸ ਵਾਂਗੂੰ ਫੈਲ ਰਹੀ ਹੈ ਅਤੇ ਇਸ ਦਾ ਜਾਨਵਰਾਂ ਦੇ ਦੁੱਧ ਅਤੇ ਪ੍ਰਜਨਣ ਸ਼ਕਤੀ ’ਤੇ ਮਾੜਾ ਅਸਰ ਪੈ ਰਿਹਾ ਹੈ।

ਲੰਪੀ ਸਕਿਨ ਬਿਮਾਰੀ ਨੂੰ ਲੈਕੇ ਮਾਹਰ ਡਾਕਟਰ ਨਾਲ ਖਾਸ ਗੱਲਬਾਤ

ਮੌਤ ਦਰ ਘੱਟ ਪਰ ਬੀਮਾਰੀ ਖ਼ਤਰਨਾਕ: ਲੁਧਿਆਣਾ ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਐਨੀਮਲ ਯੂਨੀਵਰਸਿਟੀ ਹਸਪਤਾਲ ਦੇ ਡਾਇਰੈਕਟਰ ਐਸ ਐਸ ਰੰਧਾਵਾ ਨੇ ਕਿਹਾ ਹੈ ਕਿ ਇਹ ਬਿਮਾਰੀ ਦੀ ਮੌਤ ਦਰ ਇੱਕ ਤੋਂ ਲੈ ਕੇ ਪੰਜ ਫ਼ੀਸਦੀ ਤੱਕ ਹੈ ਪਰ ਇਹ ਬਿਮਾਰੀ ਇੱਕ ਜਾਨਵਰ ਤੋਂ ਦੂਜੇ ਜਾਨਵਰ ਵਿੱਚ ਫੈਲ ਰਹੀ ਹੈ ਇਸ ਕਰਕੇ ਇਹ ਵਾਇਰਸ ਕਾਫੀ ਖਤਰਨਾਕ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਦੋ ਤਰ੍ਹਾਂ ਦੀ ਵੈਕਸੀਨ ਗੋਟ ਪੋਕਸ ਅਤੇ ਇੱਕ ਵਿਦੇਸ਼ੀ ਵੈਕਸੀਨ ਹੈ ਜਿਸ ਦੀ ਇਸ ਬਿਮਾਰੀ ਵਿੱਚ ਵਰਤੋਂ ਕੀਤੀ ਜਾ ਰਹੀ ਹੈ।

ਕੀ ਨੇ ਲੱਛਣ ?: ਡਾ ਐਸ ਐਸ ਰੰਧਾਵਾ ਨੇ ਦੱਸਿਆ ਕਿ ਇਸ ਬਿਮਾਰੀ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਗਊਆਂ ਨੂੰ ਹੋ ਰਿਹਾ ਹੈ ਕਿਉਂਕਿ ਮੱਝਾਂ ਦੇ ਵਿਚ ਇਹ ਬਿਮਾਰੀ ਕਿਤੇ ਕਿਤੇ ਵੇਖਣ ਨੂੰ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਨਾਲ ਜਾਨਵਰ ਦੀਆਂ ਲੱਤਾਂ ਵਿੱਚ ਅਗਲੇ ਹਿੱਸੇ ਵਿਚ ਸੋਜ਼ਿਸ਼ ਆ ਜਾਂਦੀ ਹੈ ਅੱਖਾਂ ਚੋਂ ਪਾਣੀ ਵਗਦਾ ਹੈ। ਇਸ ਤੋਂ ਇਲਾਵਾ ਸਰੀਰ ਤੇ ਗੰਢਾਂ ਬਣ ਜਾਂਦੀਆਂ ਹਨ ਜੋ ਫੁੱਟਦੀਆਂ ਹਨ ਅਤੇ ਇਸ ਨਾਲ ਜਾਨਵਰ ਨੂੰ ਕਾਫੀ ਤਕਲੀਫ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਵਾਇਰਸ ਦੀ ਤਰ੍ਹਾਂ ਫੈਲ ਰਹੀ ਹੈ।

ਕਿੱਥੋਂ ਆਈ ਬਿਮਾਰੀ ?: ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਨੇ ਦੱਸਿਆ ਹੈ ਕਿ ਇਹ ਬਿਮਾਰੀ ਅਫ਼ਰੀਕਾ ਤੋਂ ਆਈ ਹੈ। ਇਸ ਬਿਮਾਰੀ ਦਾ ਮੂਲ ਘਰ ਭਾਰਤ ਨਹੀਂ ਹੈ ਪਰ ਉਨ੍ਹਾਂ ਮੰਨਿਆ ਕਿ ਹੋ ਸਕਦਾ ਹੈ ਕਿ ਜਾਂ ਤਾਂ ਕਿਸੇ ਨੇ ਬਾਹਰੋਂ ਪਸ਼ੂ ਜਾਂ ਫਿਰ ਪਾਕਿਸਤਾਨ ਅਤੇ ਭਾਰਤ ਦੇ ਬਾਰਡਰ ਜਿੱਥੋਂ ਜਾਨਵਰ ਇਧਰ ਤੋਂ ਉੱਧਰ ਜਾ ਸਕਦੇ ਹਨ ਅਤੇ ਉਨ੍ਹਾਂ ਜਾਨਵਰਾਂ ਦੇ ਸੰਪਰਕ ਚ ਆਉਣ ਨਾਲ ਇਹ ਬਿਮਾਰੀ ਭਾਰਤ ਵੱਲ ਆਈ ਹੈ। ਇਹ ਮੰਨਿਆ ਜਾ ਸਕਦਾ ਹੈ ਉਨ੍ਹਾਂ ਨੇ ਦੱਸਿਆ ਕਿ ਪੂਰਬੀ ਦੱਖਣੀ ਦੇਸ਼ਾਂ ਦੇ ਵਿਚ ਵੀ ਇਸ ਬਿਮਾਰੀ ਦੇ ਲੱਛਣ ਵੇਖਣ ਨੂੰ ਮਿਲੇ ਹਨ ਪਰ ਭਾਰਤ ਵਿਚ ਇਸ ਸਾਲ ਹੀ ਇਸ ਬਿਮਾਰੀ ਦਾ ਪ੍ਰਕੋਪ ਸਭ ਤੋਂ ਜ਼ਿਆਦਾ ਮਿਲਿਆ ਹੈ।

ਮਨੁੱਖੀ ਸਰੀਰ ਤੇ ਬਿਮਾਰੀ ਦਾ ਅਸਰ ?: ਡਾ ਐਸ ਐਸ ਰੰਧਾਵਾ ਨੇ ਕਿਹਾ ਹੈ ਕਿ ਲੰਪੀ ਸਕਿਨ ਬਿਮਾਰੀ ਕੋਈ ਜੈਨੇਟਿਕ ਬਿਮਾਰੀ ਨਹੀਂ ਹੈ ਇਸ ਕਰਕੇ ਇਹ ਪਸ਼ੂ ਦੇ ਸਰੀਰ ਤੋਂ ਮਨੁੱਖੀ ਸਰੀਰ ਦੇ ਵਿੱਚ ਨਹੀਂ ਆ ਸਕਦੀ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਸਿਰਫ ਪਸ਼ੂਆਂ ਨੂੰ ਹੀ ਹੁੰਦੀ ਹੈ ਪਰ ਉਨ੍ਹਾਂ ਨਾਲ ਇਹ ਜ਼ਰੂਰ ਕਿਹਾ ਕਿ ਇਸ ਬਿਮਾਰੀ ਦੇ ਨਾਲ ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ ਘਟ ਜਾਂਦੀ ਹੈ। ਉਨ੍ਹਾਂ ਕਿਹਾ ਭਾਰਤ ਦੇ ਵਿੱਚ ਦੁੱਧ ਅਤੇ ਮਾਸ ਦਾ ਸੇਵਨ ਚੰਗੀ ਤਰ੍ਹਾਂ ਉਬਾਲ ਕੇ ਹੀ ਕੀਤਾ ਜਾਵੇ।

ਕਿਹੜੀ ਕਿਹੜੀ ਗੱਲਾਂ ਦਾ ਰੱਖੋ ਧਿਆਨ ?: ਡਾ ਐਸ ਐਸ ਰੰਧਾਵਾ ਡਾਇਰੈਕਟਰ ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਐਨੀਮਲ ਹਸਪਤਾਲ ਨੇ ਕਿਹਾ ਹੈ ਕਿ ਪਸ਼ੂਆਂ ਦੇ ਵਿਚ ਇਹ ਇੱਕ ਤੋਂ ਦੂਜੇ ਵੱਲ ਬਿਮਾਰੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਤਰ੍ਹਾਂ ਦਾ ਵਾਇਰਸ ਹੈ ਇਸ ਕਰਕੇ ਇਹ ਬਿਮਾਰੀ ਜ਼ਿਆਦਾਤਰ ਮੱਛਰ ਮੱਖੀਆਂ ਅਤੇ ਚਿੱਚੜਾਂ ਤੋਂ ਅੱਗੇ ਤੋਂ ਅੱਗੇ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਦਾ ਆਪਣੇ ਫਾਰਮ ਦੇ ਵਿੱਚ ਕਿਸਾਨ ਜ਼ਰੂਰ ਧਿਆਨ ਰੱਖਣ। ਪਸ਼ੂ ਨੂੰ ਸੁੱਕਾ ਰੱਖਣ ਇਸ ਤੋਂ ਇਲਾਵਾ ਜੇਕਰ ਇਸ ਬਿਮਾਰੀ ਦੇ ਲੱਛਣ ਕਿਸੇ ਪਸ਼ੂ ਦੇ ਵਿੱਚ ਪਾਏ ਜਾਂਦੇ ਹਨ ਤਾਂ ਉਸ ਨੂੰ ਅਲੱਗ ਰੱਖਿਆ ਜਾਵੇ ਹੋ ਸਕੇ ਤਾਂ ਉਸ ਦਾ ਚਾਰਾ ਪਾਣੀ ਵੀ ਵੱਖਰਾ ਕੀਤਾ ਜਾਵੇ ਤਾਂ ਜੋ ਉਸ ਤੋਂ ਅੱਗੇ ਹੀ ਜਾਨਵਰਾਂ ਵਿਚ ਨਾ ਜਾ ਸਕੇ। ਉਨ੍ਹਾਂ ਦੱਸਿਆ ਕਿ ਆਪਣੇ ਪਸ਼ੂਆਂ ਨੂੰ ਮੱਖੀ ਮੱਛਰਾਂ ਅਤੇ ਚਿੱਚੜਾਂ ਤੋਂ ਜ਼ਰੂਰ ਬਚਾ ਕੇ ਰੱਖਣ ਉਨ੍ਹਾਂ ਦੇ ਹੇਠਾਂ ਸੁੱਕਾ ਰੱਖਣ।

ਵੈਕਸੀਨ ਕਿੰਨੀ ਕਾਰਗਰ ?: ਡਾ ਰੰਧਾਵਾ ਨੇ ਦੱਸਿਆ ਕਿ ਇਸ ਬਿਮਾਰੀ ਦੇ ਵਿੱਚ ਦੋ ਤਰ੍ਹਾਂ ਦੀ ਵੈਕਸੀਨ ਕਾਫੀ ਕਾਰਗਰ ਹੈ। ਉਨ੍ਹਾਂ ਕਿਹਾ ਕਿ ਆਪਣੇ ਕਿਸੇ ਵੀ ਉਮਰ ਦੇ ਪਸ਼ੂ ਨੂੰ ਤਿੰਨ ਐਮ ਏ ਤੱਕ ਦੀ ਇਹ ਵੈਕਸੀਨ ਚੰਮ ਤੋਂ ਹੇਠਾਂ ਇੰਜੈਕਸ਼ਨ ਰਾਹੀਂ ਦਿੱਤੀ ਜਾ ਸਕਦੀ ਹੈ। ਇਸ ਲਈ ਕਿਸੇ ਡਾਕਟਰ ਕੋਲ ਜਾਣ ਦੀ ਵੀ ਲੋੜ ਨਹੀਂ ਆਪਣੇ ਨੇੜੇ ਤੇੜੇ ਦੇ ਵੈਟਰਨਰੀ ਮੈਡੀਕਲ ਸਟੋਰ ਤੋਂ ਇਹ ਵੈਕਸੀਨ ਉਹਨਾਂ ਨੂੰ ਉਪਲੱਬਧ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦਾ ਅਸਰ 21 ਦਿਨ ਬਾਅਦ ਸ਼ੁਰੂ ਹੁੰਦਾ ਹੈ। ਡਾਕਟਰ ਨੇ ਕਿਹਾ ਕਿ ਵੈਕਸੀਨ ਕਿਸੇ ਵੀ ਜਾਨਵਰ ਨੂੰ ਦਿੱਤੀ ਜਾ ਸਕਦੀ ਹੈ ਭਾਵੇਂ ਉਸ ਨੂੰ ਬਿਮਾਰੀ ਹੋਵੇ ਜਾਂ ਨਾ ਹੋਵੇ ਉਨ੍ਹਾਂ ਕਿਹਾ ਜੇਕਰ ਅਸੀਂ ਸਮੇਂ ਸਿਰ ਪਹਿਲਾਂ ਹੀ ਵੈਕਸੀਨ ਦੇ ਦਿੰਦੇ ਤਾਂ ਇੰਨੀ ਜਾਨਵਰਾਂ ਦੇ ਵਿਚ ਇਹ ਬਿਮਾਰੀ ਨਹੀਂ ਫੈਲਣੀ ਸੀ।

ਲੋਕਾਂ ਨੂੰ ਨਾ ਘਬਰਾਉਣ ਅਤੇ ਜਾਗਰੂਕ ਰਹਿਣ ਦੀ ਅਪੀਲ: ਡਾ ਐਸ ਐਸ ਰੰਧਾਵਾ ਡਾਇਰੈਕਟਰ ਗਡਵਾਸੂ ਹਸਪਤਾਲ ਨੇ ਦੱਸਿਆ ਕਿ ਕਿਸਾਨ ਅਤੇ ਲੋਕ ਇਸ ਬਿਮਾਰੀ ਤੋਂ ਚੌਕਸ ਰਹਿਣ। ਉਨ੍ਹਾਂ ਨੇ ਕਿਹਾ ਕਿ ਇਹ ਬਿਮਾਰੀ ਜਾਨਲੇਵਾ ਹੈ ਪਰ ਇਸ ਦੀ ਮੌਤ ਦਰ ਇੱਕ ਤੋਂ ਪੰਜ ਫ਼ੀਸਦੀ ਤਕ ਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਹਫ਼ਤੇ ਦੇ ਸਮੇਂ ਤੋਂ ਬਾਅਦ ਇਹ ਬਿਮਾਰੀ ਆਪਣੇ ਆਪ ਹੀ ਹੌਲੀ-ਹੌਲੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਪਸ਼ੂਆਂ ਦਾ ਧਿਆਨ ਰੱਖਣ ਦੀ ਲੋੜ ਹੈ ਅਤੇ ਕਿਸਾਨ ਜ਼ਰੂਰ ਇਸ ਬਿਮਾਰੀ ਪ੍ਰਤੀ ਜਾਗਰੂਕ ਰਹਿਣ। ਖਾਸ ਕਰਕੇ ਉਹ ਲੋਕ ਜੋ ਇਸ ਨੂੰ ਕੁਝ ਹੋਰ ਦੱਸ ਕੇ ਨੀਮ ਹਕੀਮ ਬਣੇ ਫਿਰਦੇ ਹਨ ਉਨ੍ਹਾਂ ਕੋਲ ਆਪਣੇ ਪੈਸੇ ਬਰਬਾਦ ਨਾ ਕਰਨ ਲੋੜ ਪੈਣ ਤੇ ਆਪਣੇ ਵੈਟਨਰੀ ਡਾਕਟਰ ਦੇ ਨਾਲ ਸੰਪਰਕ ਕਰਨ।

ਇਹ ਵੀ ਪੜ੍ਹੋ: ਹਰੀਕੇ ਪੱਤਣ ਪੁਲ ਨੂੰ ਜਾਮ ਕਰਨ ਦਾ ਮਾਮਲਾ: ਸੁਖਬੀਰ ਬਾਦਲ ਸਮੇਤ ਅਕਾਲੀ ਆਗੂਆਂ ਨੂੰ ਮਿਲੀ ਜ਼ਮਾਨਤ

ETV Bharat Logo

Copyright © 2024 Ushodaya Enterprises Pvt. Ltd., All Rights Reserved.